ਪੰਜ ਸੂਬਿਅਾਂ ਦੀਅਾਂ ਵਿਧਾਨ ਸਭਾ ਚੋਣਾਂ ਭਾਜਪਾ ਤੇ ਕਾਂਗਰਸ ਲਈ ਬਹੁਤ ਅਹਿਮ

11/14/2018 6:59:07 AM

ਇਸ ਹਫਤੇ 5 ਸੂਬਿਅਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ’ਚ ਉੱਚੇ ਦਾਅ ਵਾਲੀਅਾਂ ਵਿਧਾਨ ਸਭਾ ਚੋਣਾਂ ਲਈ ਮੰਚ ਤਿਆਰ ਹੈ। ਛੱਤੀਸਗੜ੍ਹ ’ਚ ਪਹਿਲੇ ਗੇੜ ਦੀ ਪੋਲਿੰਗ ਹੋ ਚੁੱਕੀ ਹੈ। ਇਨ੍ਹਾਂ ਪੰਜਾਂ ’ਚੋਂ ਵੱਧ ਸੂਬਿਅਾਂ ’ਚ ਭਾਜਪਾ ਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੈ। 
ਹਾਲਾਂਕਿ ਨਤੀਜਿਅਾਂ ਬਾਰੇ 11 ਦਸੰਬਰ ਨੂੰ ਹੀ ਪਤਾ ਲੱਗ ਸਕੇਗਾ ਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਬਾਕੀ ਦੇਸ਼ ’ਚ ਕਾਫੀ ਉਤਸ਼ਾਹ ਹੈ ਕਿਉਂਕਿ ਇਨ੍ਹਾਂ ਨੂੰ ‘ਮਿੰਨੀ ਆਮ ਚੋਣਾਂ’ ਵਜੋਂ ਦੇਖਿਆ ਜਾ ਰਿਹਾ ਹੈ, 2019 ਦੀਅਾਂ ਲੋਕ ਸਭਾ ਚੋਣਾਂ ਲਈ ਇਕ ਡ੍ਰੈੱਸ ਰਿਹਰਸਲ, ਜੋ ਦੇਸ਼ ਦੇ ਮੂਡ ਨੂੰ ਆਕਾਰ ਦੇਣਗੀਅਾਂ। ਭਾਜਪਾ ਨੇ 2013 ’ਚ 3 ਸੂਬਿਅਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨੇ ਉਸ ਦੇ ਲਈ 2014 ’ਚ ਬਹੁਮਤ ਹਾਸਿਲ ਕਰਨਾ ਆਸਾਨ ਬਣਾ ਦਿੱਤਾ ਸੀ, ਹਾਲਾਂਕਿ ਕੌਮੀ ਅਤੇ ਸੂਬਾਈ ਚੋਣਾਂ ’ਚ ਕੋਈ ਸਿੱਧਾ ਸਬੰਧ ਨਹੀਂ ਹੁੁੰਦਾ। 
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਭਾਜਪਾ ਪਿਛਲੇ 15 ਸਾਲਾਂ ਤੋਂ ਸੱਤਾ ’ਚ ਹੈ। 2013 ’ਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਕ੍ਰਮਵਾਰ 165, 163 ਅਤੇ 49 ਸੀਟਾਂ ਜਿੱਤੀਅਾਂ ਸਨ, ਜਦਕਿ ਕਾਂਗਰਸ ਦੇ ਹਿੱਸੇ 58, 21 ਤੇ 39 ਸੀਟਾਂ ਆਈਅਾਂ ਸਨ। ਇਨ੍ਹਾਂ ਵਿਧਾਨ ਸਭਾਵਾਂ ’ਚ ਕ੍ਰਮਵਾਰ 230, 200 ਤੇ 90 ਸੀਟਾਂ ਹਨ। ਭਾਜਪਾ ਸਰਕਾਰ ਦੇ ਜਾਰੀ ਰਹਿਣ ਦਾ ਮਤਲਬ ਭਾਜਪਾ ਦੀਅਾਂ ਨੀਤੀਅਾਂ ਨੂੰ ਕੁਝ ਸਮਰਥਨ ਹੋਵੇਗਾ। 
ਮਿਜ਼ੋਰਮ ’ਚ ਭਾਜਪਾ ਦੋਇਮ
ਮਿਜ਼ੋਰਮ ਇਕੋ-ਇਕ ਉੱਤਰ-ਪੂਰਬੀ ਸੂਬਾ ਹੈ, ਜਿਥੇ ਭਾਜਪਾ ਆਪਣੇ ਦਮ ’ਤੇ ਜਾਂ ਕਿਸੇ ਗੱਠਜੋੜ ਨਾਲ ਸੱਤਾ ’ਚ ਨਹੀਂ ਹੈ। ਖੇਤਰੀ ਸਹਿਯੋਗੀ ਪਾਰਟੀ ਨਾਲ ਮਿਲ ਕੇ ਇਸ ਛੋਟੇ ਜਿਹੇ ਸੂਬੇ ’ਤੇ ਜਿੱਤ ਹਾਸਿਲ ਕਰਨ ਦਾ ਮਤਲਬ ਭਾਜਪਾ ਵਲੋਂ ਪੂਰੇ ਖੇਤਰ ’ਤੇ ਜਿੱਤ ਪ੍ਰਾਪਤ ਕਰਨਾ ਹੋਵੇਗਾ।
 ਮਿਜ਼ੋਰਮ ’ਚ ਕਾਂਗਰਸ 2008 ਤੋਂ ਸੱਤਾ ’ਚ ਹੈ। 40 ਵਿਧਾਨ ਸਭਾ ਸੀਟਾਂ ਨਾਲ ਕਾਂਗਰਸ ਮਿਜ਼ੋ ਨੈਸ਼ਨਲ ਫਰੰਟ ਅਤੇ ਮਿਜ਼ੋ ਪੀਪਲਜ਼ ਕਾਨਫਰੰਸ ਵਰਗੀਅਾਂ ਸਿਆਸੀ ਪਾਰਟੀਅਾਂ ਵਿਰੁੱਧ ਲੜਾਈ ਲੜ ਰਹੀ ਹੈ, ਜਦਕਿ ਭਾਜਪਾ ਇਥੇ ਦੋਇਮ ਹੈ। 
ਸਿਆਸੀ ਪੰਡਿਤ ਵੱਖ-ਵੱਖ ਦ੍ਰਿਸ਼ਾਂ ਦੀ ਭਵਿੱਖਬਾਣੀ ਕਰ ਰਹੇ ਹਨ। ਇਨ੍ਹਾਂ ’ਚੋਂ ਕਿਸੇ ਵੀ ਸੂਬੇ ’ਚ ਕੋਈ ਲਹਿਰ ਨਹੀਂ ਹੈ। ਮੁੱਦੇ ਘੱਟ ਜਾਂ ਵੱਧ ਸੂਬਿਅਾਂ ਨਾਲ ਹੀ ਸਬੰਧਿਤ ਹਨ ਪਰ ਮੁੱਖ ਤੌਰ ’ਤੇ ਉਹ ਬਿਜਲੀ ਦੀ ਘਾਟ, ਪਾਣੀ, ਜਨਜਾਤੀ ਕਲਿਆਣ, ਨਕਸਲਵਾਦ, ਸੱਤਾ ਵਿਰੋਧੀ ਲਹਿਰ, ਖੇਤੀ ਸੰਕਟ, ਪੈਟਰੋਲ ਦੀਅਾਂ ਕੀਮਤਾਂ ’ਚ ਵਾਧਾ, ਰਾਫੇਲ ਸੌਦਾ, ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਲੈ ਕੇ ਹਨ। 
ਰਾਜਸਥਾਨ ’ਚ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਵਿਰੋਧੀ ਲਹਿਰ ਸਮੇਤ ਦੋਹਰੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੀ. ਸੀ. ਸੀ. ਦੇ ਮੁਖੀ ਸਚਿਨ ਪਾਇਲਟ ਅਤੇ ਸਾਬਕਾ ਮੰਤਰੀ ਸੀ. ਪੀ. ਜੋਸ਼ੀ ਇਕਜੁੱਟ ਹਨ। ਜੇ ਕੋਈ ਗੜਬੜ ਨਹੀਂ ਹੁੰਦੀ ਤਾਂ ਕਾਂਗਰਸ ਇਥੇ ਜਿੱਤ ਸਕਦੀ ਹੈ। 
ਮੱਧ ਪ੍ਰਦੇਸ਼ ’ਚ ਤਿੱਖੀ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਚੌਥੀ ਵਾਰ ਸੱਤਾ ’ਚ ਆਉਣ ਦਾ ਰਾਹ ਦੇਖ ਰਹੇ ਹਨ। ਉਨ੍ਹਾਂ ਦੀ ਨਿੱਜੀ ਹਰਮਨਪਿਆਰਤਾ ਕਾਇਮ ਹੈ ਪਰ ਇਥੇ ਵੀ ਕਾਂਗਰਸ ਜਿੱਤ ਸਕਦੀ ਹੈ, ਜੇ ਕੋਈ ਅੰਦਰੂਨੀ ਗੜਬੜ ਨਾ ਹੋਵੇ ਕਿਉਂਕਿ ਦਿਗਵਿਜੇ ਸਿੰਘ, ਜਯੋਤੀਰਾਦਿੱਤਿਆ ਸਿੰਧੀਆ ਤੇ ਕਮਲਨਾਥ ਵਰਗੇ ਕਈ ਸੀਨੀਅਰ ਆਗੂ ਵੱਖ-ਵੱਖ ਧੜਿਅਾਂ ਦੀ ਅਗਵਾਈ ਕਰ ਰਹੇ ਹਨ। ਬਸਪਾ ਦੇ ਮੱਧ ਪ੍ਰਦੇਸ਼ ’ਚ ਇਕੱਲਿਅਾਂ ਚੋਣ ਲੜਨ ਨਾਲ ਕਾਂਗਰਸ ਦੇ ਮੌਕਿਅਾਂ ’ਤੇ ਅਸਰ ਪੈ ਸਕਦਾ ਹੈ। 
ਛੱਤੀਸਗੜ੍ਹ ’ਚ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਤੇ ਮਾਓਵਾਦੀ ਖਤਰੇ ਦੇ ਬਾਵਜੂਦ ਮੁੱਖ ਮੰਤਰੀ ਰਮਨ ਸਿੰਘ ਹਰਮਨਪਿਆਰੇ ਹਨ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਵਿਚਾਲੇ ਗੱਠਜੋੜ ਨੂੰ ਦੇਖਦਿਅਾਂ ਲੱਗਦਾ ਹੈ ਕਿ ਕਾਂਗਰਸ ਦੀਅਾਂ ਵੋਟਾਂ ਵੰਡੀਅਾਂ ਜਾਣਗੀਅਾਂ। 
ਇਨ੍ਹਾਂ ਸੂਬਿਅਾਂ ’ਚੋਂ ਚਾਰ ਤਰ੍ਹਾਂ ਦੇ ਦ੍ਰਿਸ਼ ਉੱਭਰ ਰਹੇ ਹਨ। ਭਾਜਪਾ ਲਈ ਸਭ ਤੋਂ ਵਧੀਆ ਦ੍ਰਿਸ਼ ਇਹ ਹੈ ਕਿ 5 ’ਚੋਂ 3 ਸੂਬਿਅਾਂ ਤੋਂ ਇਲਾਵਾ ਮਿਜ਼ੋਰਮ ’ਚ ਉੱਤਰ-ਪੂਰਬੀ ਸਹਿਯੋਗੀ ਨਾਲ ਇਹ ਚੌਥਾ ਸੂਬਾ ਵੀ ਹਾਸਿਲ ਕਰ ਸਕਦੀ ਹੈ। ਭਾਜਪਾ ਲਈ ਹਿੰਦੀ-ਭਾਸ਼ੀ ਖੇਤਰਾਂ ’ਚ ਸੱਤਾ ਬਰਕਰਾਰ ਰੱਖਣਾ ਇਹ ਸੰਦੇਸ਼ ਦੇਣ ਲਈ ਅਹਿਮ ਹੈ ਕਿ 2019 ਤੋਂ ਪਹਿਲਾਂ ਇਸ ਦਾ ਆਧਾਰ ਬਰਕਰਾਰ ਹੈ ਅਤੇ ਇਹ ਬਹੁਤ ਭਰੋਸੇ ਨਾਲ 2019 ਦੀਅਾਂ ਚੋਣਾਂ ’ਚ ਉਤਰ ਸਕਦੀ ਹੈ। 
ਦੂਜਾ ਦ੍ਰਿਸ਼ ਇਹ ਹੈ ਕਿ ਭਾਜਪਾ ਵਲੋਂ ਇਨ੍ਹਾਂ ਸੂਬਿਅਾਂ ’ਚੋਂ ਇਕ ਨੂੰ ਗੁਆਉਣਾ ਪਰ 2 ਸੂਬਿਅਾਂ ਨੂੰ ਬਰਕਰਾਰ ਰੱਖਣਾ ਬੁਰਾ ਨਹੀਂ। ਤੀਜਾ ਇਹ ਹੈ ਕਿ ਭਾਜਪਾ ਜੇਕਰ 3 ਵੱਡੇ ਸੂਬਿਅਾਂ ’ਚੋਂ 2 ਗੁਆ ਲੈਂਦੀ ਹੈ ਤੇ ਸਿਰਫ 1 ਨੂੰ ਆਪਣੇ ਕੋਲ ਰੱਖਣ ’ਚ ਸਫਲ ਰਹਿੰਦੀ ਹੈ (ਸਭ ਤੋਂ ਵੱਧ ਸੰਭਾਵਨਾ ਛੱਤੀਸਗੜ੍ਹ ਦੀ ਹੈ) ਤਾਂ ਇਹ ਪਾਰਟੀ ਲਈ ਇਕ ਝਟਕਾ ਹੋਵੇਗਾ। ਚੌਥਾ ਦ੍ਰਿਸ਼ ਸਭ ਤੋਂ ਖਰਾਬ ਹੈ ਕਿ ਜੇ ਭਾਜਪਾ ਸਾਰੇ ਤਿੰਨਾਂ ਸੂਬਿਅਾਂ ਨੂੰ ਗੁਆ ਲੈਂਦੀ ਹੈ ਤਾਂ ਇਹ ਉਸ ਦੇ ਲਈ ਬਹੁਤ ਵੱਡੀ ਸੱਟ ਹੋਵੇਗੀ ਕਿਉਂਕਿ ਇਸ ਦਾ 2019 ਦੀਅਾਂ ਚੋਣਾਂ ’ਤੇ ਬਹੁਤ ਅਸਰ ਪਵੇਗਾ। 
ਰਾਹੁਲ ਗਾਂਧੀ ਲਈ ਵੱਡਾ ਦਾਅ 
ਕਾਂਗਰਸ ਦੇ ਨਾਲ-ਨਾਲ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਲਈ ਵੀ ਇਹ ਇਕ ਬਹੁਤ ਵੱਡਾ ਦਾਅ ਹੋਵੇਗਾ, ਜੋ ਪਿਛਲੇ ਕੁਝ ਮਹੀਨਿਅਾਂ ਤੋਂ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਰਚ ’ਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਹੁਲ ਦੀ ਅਗਵਾਈ ਹੇਠ ਇਹ ਪਹਿਲੀਅਾਂ ਮਿੰਨੀ ਆਮ ਚੋਣਾਂ ਹੋਣਗੀਅਾਂ। ਕਾਂਗਰਸ ਵਲੋਂ 2 ਜਾਂ 3 ਸੂਬਿਅਾਂ ’ਚ ਜਿੱਤ ਹਾਸਿਲ ਕਰਨ ਨੂੰ ਉਸ ਦੇ ਮੁੜ ਸੁਰਜੀਤ ਹੋਣ ਤੇ ਰਾਹੁਲ ਗਾਂਧੀ ਨੂੰ ਮੋਦੀ ਨੂੰ ਚੁਣੌਤੀ ਦੇਣ ਵਾਲੇ ਵਜੋਂ ਦੇਖਿਆ ਜਾਵੇਗਾ। ਇਸ ਨਾਲ ਵਿਰੋਧੀ ਧਿਰ ਵੀ ਇਕਜੁੱਟ ਹੋਵੇਗੀ। 
ਜੇ ਕਾਂਗਰਸ ਰਾਜਸਥਾਨ ਤੇ ਮੱਧ ਪ੍ਰਦੇਸ਼ ਵਰਗੇ 2 ਵੱਡੇ ਸੂਬਿਅਾਂ ’ਚ ਜਿੱਤ ਜਾਂਦੀ ਹੈ ਤਾਂ ਇਹ ਉਸ ਦੇ ਲਈ ਇਕ ਅਣਕਿਆਸਾ ਤੋਹਫਾ ਹੋਵੇਗਾ। ਪਾਰਟੀ ਦਾ ਮਨੋਬਲ ਵਧਾਉਣ ਲਈ 3 ’ਚੋਂ ਇਕ ਸੂਬੇ ’ਚ ਜਿੱਤਣਾ ਵੀ ਬੁਰਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਪਾਰਟੀ ਮਿਜ਼ੋਰਮ ਨੂੰ ਵੀ ਆਪਣੇ ਕਬਜ਼ੇ ’ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। 
ਟੀ. ਐੱਸ. ਪੀ. ਕਾਂਗਰਸ ਅਤੇ ਸੀ. ਪੀ. ਆਈ. ਦੇ ਮਹਾਗੱਠਜੋੜ ਨਾਲ ਟੀ. ਆਰ. ਐੱਸ. ਲੜ  ਰਹੀ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਭਰੋਸਾ ਹੈ ਕਿ ਉਹ ਸੱਤਾ ਵਿਰੋਧੀ ਲਹਿਰ ’ਤੇ ਪਾਰ ਪਾ ਲੈਣਗੇ। ਤੇਲੰਗਾਨਾ ’ਚ ਟੀ. ਆਰ. ਐੱਸ. ਨੇ ਵਿਧਾਨ ਸਭਾ ਚੋਣਾਂ ਦਾ ਛੇਤੀ ਐਲਾਨ ਕਰ ਕੇ ਸਾਰਿਅਾਂ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ, ਤੇਦੇਪਾ, ਭਾਕਪਾ ਗੱਠਜੋੜ ਨੂੰ ਮੁਸ਼ਕਿਲ ਹੋਵੇਗੀ ਕਿਉਂਕਿ ਟੀ. ਆਰ. ਐੱਸ. ਨੂੰ ਭਾਜਪਾ ਦਾ ਖਾਮੋਸ਼ ਸਮਰਥਨ ਮਿਲ ਰਿਹਾ ਹੈ ਤੇ ਮਿਜ਼ੋਰਮ ’ਚ ਭਾਜਪਾ ਦਾ ਸਹਿਯੋਗੀ ਮਿਜ਼ੋ ਨੈਸ਼ਨਲ ਫਰੰਟ ਮੌਜੂਦਾ ਕਾਂਗਰਸ ਸਰਕਾਰ ਨੂੰ ਚੁਣੌਤੀ ਦੇ ਰਿਹਾ ਹੈ। 
ਬਿਨਾਂ ਸ਼ੱਕ ਦੋਵਾਂ ਪਾਰਟੀਅਾਂ ਲਈ ਕਾਰਗੁਜ਼ਾਰੀ ਦਿਖਾਉਣਾ ਬਹੁਤ ਅਹਿਮ ਹੈ। ਜੇ ਦੋਵੇਂ ਬਰਾਬਰੀ ’ਤੇ ਵੀ ਰਹਿੰਦੀਅਾਂ ਹਨ ਤਾਂ ਵੀ ਦੋਵਾਂ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ ਪਰ ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। 11 ਦਸੰਬਰ ਦਿਖਾਏਗਾ ਕਿ ਇਹ ਕਿਸ ਪਾਸੇ ਜਾਂਦਾ ਹੈ।