ਭਾਰਤ ਪਲਾਸਟਿਕ ਮੁਕਤ ਕਿਵੇਂ ਹੋਵੇ

07/03/2022 5:30:13 PM

ਪਲਾਸਟਿਕ ’ਤੇ 1 ਜੁਲਾਈ ਤੋਂ ਸਰਕਾਰ ਨੇ ਪਾਬੰਦੀ ਤਾਂ ਲਾਗੂ ਕਰ ਦਿੱਤੀ ਹੈ ਪਰ ਉਸ ਦਾ ਅਸਰ ਕਿੰਨਾ ਹੈ? ਫਿਲਹਾਲ ਤਾਂ ਉਹ ਨਾਮਾਤਰ ਦੀ ਹੀ ਹੈ। ਉਹ ਵੀ ਇਸ ਦੇ ਬਾਵਜੂਦ ਕਿ 19 ਤਰ੍ਹਾਂ ਦੀਆਂ ਪਲਾਸਟਿਕ ਦੀਆਂ ਚੀਜ਼ਾਂ ’ਚੋਂ ਜੇਕਰ ਕਿਸੇ ਦੇ ਕੋਲੋਂ ਇਕ ਵੀ ਫੜੀ ਗਈ ਤਾਂ ਉਸ ’ਤੇ 1 ਲੱਖ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਇੰਨੀ ਸਖਤ ਧਮਕੀ ਦਾ ਕੋਈ ਠੋਸ ਅਸਰ ਦਿੱਲੀ ਦੇ ਬਾਜ਼ਾਰਾਂ ’ਚ ਕਿਤੇ ਦਿਖਾਈ ਨਹੀਂ ਦਿੰਦਾ ਹੈ। ਹੁਣ ਵੀ ਛੋਟੇ-ਮੋਟੇ ਦੁਕਾਨਦਾਰ ਪਲਾਸਟਿਕ ਦੀਆਂ ਥੈਲੀਆਂ, ਗਿਲਾਸ, ਚਮਚ, ਕੜਛੀਆਂ, ਪਲੇਟਾਂ ਆਦਿ ਹਮੇਸ਼ਾ ਵਾਂਗ ਵੇਚ ਰਹੇ ਹਨ। ਇਹ ਸਾਰੀਆਂ ਚੀਜ਼ਾਂ ਖੁੱਲ੍ਹੇਆਮ ਖਰੀਦੀਆਂ ਜਾ ਰਹੀਆਂ ਹਨ।

ਇਸ ਦਾ ਕਾਰਨ ਕੀ ਹੈ? ਇਹੀ ਹੈ ਕਿ ਲੋਕਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕਿ ਪਾਬੰਦੀ ਦਾ ਐਲਾਨ ਹੋ ਚੁੱਕਾ ਹੈ। ਸਾਰੇ ਨੇਤਾ ਲੋਕ ਆਪਣੇ ਸਿਆਸੀ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਰੋਜ਼ ਖਰਚ ਕਰਦੇ ਹਨ। ਸਾਰੇ ਅਖਬਾਰ ਅਤੇ ਟੀ. ਵੀ. ਚੈਨਲ ਸਾਡੇ ਇਨ੍ਹਾਂ ਲੋਕ ਸੇਵਕਾਂ ਨੂੰ ਮਹਾਨਾਇਕ ਬਣਾ ਕੇ ਪੇਸ਼ ਕਰਨ ਤੋਂ ਝਿਜਕਦੇ ਨਹੀਂ ਪਰ ਪਲਾਸਟਿਕ ਵਰਗੀ ਜਾਨਲੇਵਾ ਚੀਜ਼ ’ਤੇ ਪਾਬੰਦੀ ਦਾ ਪ੍ਰਚਾਰ ਉਨ੍ਹਾਂ ਨੂੰ ਮਹੱਤਵਪੂਰਨ ਹੀ ਨਹੀਂ ਲੱਗਦਾ। ਨੇਤਾਵਾਂ ਨੇ ਕਾਨੂੰਨ ਬਣਾਇਆ, ਇਹ ਤਾਂ ਬੜਾ ਚੰਗਾ ਕੀਤਾ ਪਰ ਅਜਿਹੇ ਸੈਂਕੜੇ ਕਾਨੂੰਨ ਟਿੱਚ ਜਾਣੇ ਜਾਂਦੇ ਹਨ।

ਉਨ੍ਹਾਂ ਕਾਨੂੰਨਾਂ ਦੀ ਉਪਯੋਗਿਤਾ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਜਿੰਨੀ ਸਰਕਾਰ ਦੀ ਹੈ, ਉਸ ਤੋਂ ਵੱਧ ਸਾਡੀਆਂ ਸਿਆਸੀ ਪਾਰਟੀਆਂ ਅਤੇ ਸਮਾਜਸੇਵੀ ਸੰਗਠਨਾਂ ਦੀ ਹੈ। ਸਾਡੇ ਸਾਧੂ-ਸੰਤ, ਮੌਲਾਨਾ, ਪਾਦਰੀ ਵਗੈਰਾ ਵੀ ਜੇਕਰ ਸਖਤ ਹੋ ਜਾਣ ਤਾਂ ਕਰੋੜਾਂ ਲੋਕ ਉਨ੍ਹਾਂ ਦੀ ਗੱਲ ਨੂੰ ਕਾਨੂੰਨ ਤੋਂ ਵੀ ਵੱਧ ਮੰਨਣਗੇ। ਪਲਾਸਟਿਕ ਦੀ ਵਰਤੋਂ ਇਕ ਅਜਿਹਾ ਜੁਰਮ ਹੈ ਜਿਸ ਨੂੰ ਅਸੀਂ ‘ਸਮੂਹਿਕ ਹੱਤਿਆ’ ਦਾ ਨਾਂ ਦੇ ਸਕਦੇ ਹਾਂ। ਇਸ ਨੂੰ ਰੋਕਣਾ ਅੱਜ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ।

ਸਰਕਾਰ ਨੂੰ ਚਾਹੀਦਾ ਸੀ ਕਿ ਇਸ ਪਾਬੰਦੀ ਦਾ ਪ੍ਰਚਾਰ ਉਹ ਖੁੱਲ੍ਹ ਕੇ ਕਰਦੀ ਅਤੇ ਪਾਬੰਦੀ ਦਿਵਸ ’ਤੇ 2-3 ਮਹੀਨੇ ਪਹਿਲਾਂ ਤੋਂ ਹੀ 19 ਕਿਸਮ ਦੇ ਪਾਬੰਦੀਸ਼ੁਦਾ ਪਲਾਸਟਿਕ ਬਣਾਉਣ ਵਾਲੇ ਕਾਰਖਾਨਿਆਂ ਨੂੰ ਬੰਦ ਕਰਵਾ ਦਿੰਦੀ। ਉਨ੍ਹਾਂ ਨੂੰ ਕੁਝ ਬਦਲ ਵੀ ਸੁਝਾਉਂਦੀ ਤਾਂ ਕਿ ਬੇਕਾਰੀ ਨਾ ਫੈਲਦੀ। ਅਜਿਹਾ ਨਹੀਂ ਹੈ ਕਿ ਲੋਕ ਪਲਾਸਟਿਕ ਦੇ ਬਿਨਾਂ ਨਹੀਂ ਰਹਿ ਸਕਣਗੇ। ਹੁਣ ਤੋਂ 70-75 ਸਾਲ ਪਹਿਲਾਂ ਤੱਕ ਪਲਾਸਟਿਕ ਦੀ ਥਾਂ ਕਾਗਜ਼, ਪੱਤੇ, ਕੱਪੜੇ, ਲੱਕੜ ਅਤੇ ਮਿੱਟੀ ਨਾਲ ਬਣੇ ਸਾਮਾਨ ਸਾਰੇ ਲੋਕ ਵਰਤਦੇ ਸਨ।

ਪੱਤਿਆਂ ਅਤੇ ਕਾਗਜ਼ੀ ਚੀਜ਼ਾਂ ਦੇ ਇਲਾਵਾ ਸਾਰੀਆਂ ਚੀਜ਼ਾਂ ਦੀ ਵਰਤੋਂ ਵਾਰ-ਵਾਰ ਅਤੇ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਇਹ ਚੀਜ਼ਾਂ ਸਸਤੀਆਂ ਅਤੇ ਸੌਖੀਆਂ ਮਿਲਦੀਆਂ ਹਨ ਅਤੇ ਸਿਹਤ ’ਤੇ ਇਨ੍ਹਾਂ ਦਾ ਉਲਟਾ ਅਸਰ ਵੀ ਨਹੀਂ ਪੈਂਦਾ ਪਰ ਆਜ਼ਾਦ ਭਾਰਤ ’ਚ ਚੱਲਣ ਵਾਲੀ ਪੱਛਮ ਦੀ ਅੰਨ੍ਹੀ ਨਕਲ ਨੂੰ ਹੁਣ ਰੋਕਣਾ ਬਹੁਤ ਜ਼ਰੂਰੀ ਹੈ। ਭਾਰਤ ਚਾਹੇ ਤਾਂ ਆਪਣੀ ਵਿਸ਼ਾਲ ਮੁਹਿੰਮ ਦੇ ਰਾਹੀਂ ਸਾਰੇ ਵਿਸ਼ਵ ਨੂੰ ਰਸਤਾ ਦਿਖਾ ਸਕਦਾ ਹੈ।

ਡਾ. ਵੇਦਪ੍ਰਤਾਪ ਵੈਦਿਕ


Tanu

Content Editor

Related News