ਮੋਦੀ ਨੂੰ ਆਪਣੇ ਸਿਆਸੀ ਵਿਰੋਧੀਆਂ ਤੋਂ ਕਿਸੇ ਤਰ੍ਹਾਂ ਦਾ ਡਰ ਨਹੀਂ

03/25/2018 7:48:28 AM

ਤੁਸੀਂ ਜਾਣਦੇ ਹੋ ਕਿ ਇਕ ਉਪ-ਚੋਣ ਤੋਂ ਦੂਜੀ ਉਪ-ਚੋਣ ਤਕ ਸਿਆਸੀ ਮੂਡ 'ਚ ਕਿੰਨੇ ਉਤਰਾਅ-ਚੜ੍ਹਾਅ ਆਉਂਦੇ ਹਨ। ਤ੍ਰਿਪੁਰਾ 'ਚ ਆਪਣੀ ਸਨਸਨੀਖੇਜ਼ ਜਿੱਤ ਤੋਂ ਬਾਅਦ ਭਾਜਪਾ ਬਹੁਤ ਉੱਚੀਆਂ ਹਵਾਵਾਂ 'ਚ ਉੱਡ ਰਹੀ ਸੀ ਤੇ ਸ਼ਾਇਦ ਵਿਰੋਧੀ ਧਿਰ ਆਪਣੇ ਜ਼ਖ਼ਮ ਪਲੋਸ ਰਹੀ ਸੀ ਪਰ ਕੁਝ ਹੀ ਦਿਨਾਂ 'ਚ ਸਪਾ ਤੇ ਬਸਪਾ ਵਿਚਾਲੇ ਅਸੰਭਵ ਜਿਹਾ ਗੱਠਜੋੜ ਹੋ ਗਿਆ। 
ਇਸ ਗੱਠਜੋੜ ਨੇ ਫੂਲਪੁਰ ਤੇ ਗੋਰਖਪੁਰ ਦੀ ਸੰਸਦੀ ਉਪ-ਚੋਣ 'ਚ ਆਪਣਾ ਰੰਗ ਦਿਖਾਇਆ ਤੇ ਮੋਦੀ ਵਿਰੋਧੀ ਤਾਕਤਾਂ ਨੂੰ ਨਵੀਂ ਜਾਨ ਬਖਸ਼ੀ। ਹੁਣ ਉਹ ਇਸ ਨੂੰ ਲੈ ਕੇ ਇੰਨੇ ਖੁਸ਼ ਹਨ, ਜਿਵੇਂ 2019 ਦੀਆਂ ਆਮ ਚੋਣਾਂ ਹੀ ਜਿੱਤ ਗਏ ਹੋਣ। 
ਯੂ. ਪੀ. ਤੇ ਬਿਹਾਰ 'ਚ ਸ਼ਰਮਨਾਕ ਢੰਗ ਨਾਲ ਨਕਾਰੀ ਜਾ ਚੁੱਕੀ ਕਾਂਗਰਸ ਭਾਜਪਾ ਨੂੰ ਚੋਣਾਂ 'ਚ ਹੋਏ ਇਸ ਨੁਕਸਾਨ ਨੂੰ ਲੈ ਕੇ ਬਹੁਤ ਖੁਸ਼ ਹੈ ਅਤੇ ਇਸੇ ਖੁਸ਼ੀ 'ਚ ਆਪਣੀ ਦੁਰਦਸ਼ਾ ਵਲੋਂ ਅੱਖਾਂ ਮੀਚੀ ਬੈਠੀ ਹੈ। ਉਂਝ ਰਾਹੁਲ ਗਾਂਧੀ ਦੀ ਨਾਸਮਝੀ ਭਰੀ ਹਮਲਾਵਰਤਾ ਨੂੰ ਕਿਸੇ ਵਿਸ਼ੇਸ਼ ਦਲੀਲ ਦੀ ਲੋੜ ਵੀ ਨਹੀਂ ਹੁੰਦੀ, ਫਿਰ ਵੀ ਸਮਝਦਾਰ ਲੋਕਾਂ ਵਲੋਂ ਇਹ ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਚੋਣਾਂ ਬਾਰੇ ਭਵਿੱਖਬਾਣੀ ਕਰਨਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ।
ਤੀਜੇ ਮੋਰਚੇ ਜਾਂ ਸੰਘੀ ਮੋਰਚੇ ਦੀਆਂ ਵੱਖ-ਵੱਖ ਗੱਲਾਂ ਦੇ ਬਾਵਜੂਦ ਮੋਦੀ ਅਜਿਹੇ ਹਰਮਨਪਿਆਰੇ ਨੇਤਾ ਹਨ ਕਿ ਕੋਈ ਵਿਰੋਧੀ ਨੇਤਾ ਉਨ੍ਹਾਂ ਦੇ ਆਸ-ਪਾਸ ਵੀ ਨਹੀਂ ਪਹੁੰਚਦਾ। ਅਜਿਹੀ ਸਥਿਤੀ 'ਚ ਉਹ ਜ਼ਰੂਰ ਹੀ ਅਗਲੇ 5 ਸਾਲਾਂ ਲਈ ਵੀ ਆਪਣੇ ਅਹੁਦੇ 'ਤੇ ਟਿਕੇ ਰਹਿਣਗੇ। 
ਅਸਲੀ ਸਮੱਸਿਆ ਇਹ ਨਹੀਂ ਹੈ ਕਿ ਵਿਰੋਧੀ ਧਿਰ ਇੰਨੀ ਖੁਸ਼ ਕਿਉਂ ਹੈ ਅਤੇ ਅਜਿਹਾ ਸਲੂਕ ਕਿਉਂ ਕਰ ਰਹੀ ਹੈ, ਜਿਵੇਂ ਇਸ ਨੇ ਅਗਲੀਆਂ ਆਮ ਚੋਣਾਂ ਜਿੱਤ ਲਈਆਂ ਹੋਣ, ਅਸਲੀ ਸਮੱਸਿਆ ਤਾਂ ਇਹ ਹੈ ਕਿ ਸੱਤਾਧਾਰੀ ਪਾਰਟੀ ਦਾ ਇਕ ਵਰਗ ਅਜਿਹਾ ਰਵੱਈਆ ਅਪਣਾ ਰਿਹਾ ਹੈ, ਜਿਵੇਂ ਭਾਜਪਾ ਤੇ ਰਾਜਗ 2019 ਦੀਆਂ ਲੋਕ ਸਭਾ ਚੋਣਾਂ ਹੁਣ ਤੋਂ ਹੀ ਹਾਰ ਗਏ ਹੋਣ।
ਭਾਜਪਾ ਦੇ ਨਿਰਾਸ਼ਾਵਾਦੀਆਂ 'ਚ ਜ਼ਿਆਦਾਤਰ ਉਹ ਲੋਕ ਹਨ, ਜਿਹੜੇ ਖੁਦ ਨੂੰ ਮੋਦੀ ਸਰਕਾਰ 'ਚ ਅਣਗੌਲਿਆ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਹੋ ਸ਼ਿਕਾਇਤ ਹੈ ਕਿ ਸੱਤਾ 'ਚ ਕੋਈ ਹਿੱਸਾ ਕਿਉਂ ਨਹੀਂ ਮਿਲਿਆ। 
ਮੋਦੀ ਦੀ ਕਾਰਜਸ਼ੈਲੀ ਹੀ ਅਜਿਹੀ ਹੈ ਕਿ ਉਨ੍ਹਾਂ ਦੇ ਜ਼ਿਆਦਾਤਰ ਸਹਿਯੋਗੀ ਮੰਤਰੀ ਆਪੋ-ਆਪਣੇ ਵਿਭਾਗਾਂ 'ਚ ਮਨਮਰਜ਼ੀ ਕਰਨ 'ਚ ਸਫਲ ਨਹੀਂ ਹੋ ਰਹੇ। ਇਸੇ ਕਾਰਨ ਪਾਰਟੀ ਦੇ ਸੀਨੀਅਰ ਆਗੂ ਵੀ ਜੇਕਰ ਖੁਦ ਨੂੰ 'ਫਾਲਤੂ' ਮਹਿਸੂਸ ਕਰ ਰਹੇ ਹਨ ਤਾਂ ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ। 
ਫਿਰ ਵੀ ਸੱਤਾਧਾਰੀ ਪਾਰਟੀ 'ਚ ਹਰ ਕੋਈ ਅਗਲੀ ਵਾਰ ਵੀ ਮੋਦੀ ਦੇ ਜਿੱਤਣ 'ਤੇ ਉਮੀਦਾਂ ਲਾਈ ਬੈਠਾ ਹੈ। ਵਿਰੋਧੀ ਧਿਰ ਕੋਲ ਮੋਦੀ ਵਰਗੀ ਊਰਜਾ, ਸਿਆਸੀ ਹੁਨਰ ਅਤੇ ਇਕ ਵੀ ਕ੍ਰਿਸ਼ਮਈ ਨੇਤਾ ਨਹੀਂ ਹੈ ਤੇ ਨਾ ਹੀ ਇਸ ਕੋਲ ਸਿਆਸੀ ਪਾਰਟੀਆਂ ਦੀ ਖਿਚੜੀ ਨੂੰ ਇਕਜੁੱਟ ਰੱਖਣ ਲਈ ਕੋਈ ਬਦਲਵਾਂ ਪ੍ਰੋਗਰਾਮ ਹੈ। 
ਇਸ ਕੋਲ ਸਿਰਫ ਕੰਨ-ਪਾੜੂ ਰੌਲਾ ਪਾਉਣ ਦੀ ਤਾਕਤ ਬਚੀ ਹੈ ਤੇ ਇਸ ਤਾਕਤ ਦੇ ਸਹਾਰੇ ਉਹ ਦੁਨੀਆ ਭਰ ਦੀਆਂ ਸਮੱਸਿਆਵਾਂ ਲਈ  ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।
ਜੇ ਇਰਾਕ ਦੇ ਮੋਸੁਲ 'ਚ ਆਈ. ਐੱਸ. ਦੇ ਅੱਤਵਾਦੀਆਂ ਨੇ ਬਦਕਿਸਮਤ ਭਾਰਤੀਆਂ ਦੀ ਹੱਤਿਆ ਕਰ ਦਿੱਤੀ ਹੈ ਤਾਂ ਇਸ ਦੇ ਲਈ ਵੀ ਮੋਦੀ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਅਜਿਹੀ ਨਾਂਹ-ਪੱਖੀ ਸਿਆਸਤ ਨਾਲ ਵਿਰੋਧੀ ਧਿਰ ਕਦੇ ਵੀ ਆਪਣਾ ਢੁੱਕਵਾਂਪਣ ਕਾਇਮ ਨਹੀਂ ਕਰ ਸਕੇਗੀ।
ਇਹ ਤਾਂ ਤੈਅ ਹੈ ਕਿ 2019 'ਚ ਮੋਦੀ ਨੂੰ ਵੀ 'ਸੱਤਾ ਵਿਰੋਧੀ ਲਹਿਰ' ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਉੱਤਰੀ ਤੇ ਪੱਛਮੀ ਸੂਬਿਆਂ 'ਚ ਭਾਜਪਾ ਕੁਝ ਸੀਟਾਂ ਗੁਆ ਸਕਦੀ ਹੈ ਭਾਵ ਯੂ. ਪੀ., ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਛੱਤੀਸਗੜ੍ਹ 'ਚ ਭਾਜਪਾ ਨੂੰ ਲੱਗਭਗ 50-60 ਸੀਟਾਂ ਦਾ ਨੁਕਸਾਨ ਹੋਵੇਗਾ। ਇਸ ਦੇ ਬਾਵਜੂਦ ਲੋਕ ਸਭਾ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਰਹੇਗੀ। 
ਜਿਥੋਂ ਤਕ ਕਾਂਗਰਸ ਦਾ ਸਵਾਲ ਹੈ, ਇਹ ਆਪਣੀਆਂ ਸੀਟਾਂ ਦੀ ਗਿਣਤੀ ਮੌਜੂਦਾ 44 ਤੋਂ ਵਧਾ ਕੇ 75-80 ਤਕ ਲਿਜਾਣ 'ਚ ਸਫਲ ਹੋਵੇਗੀ। ਫਿਰ ਵੀ 200 ਤੋਂ ਜ਼ਿਆਦਾ ਸੀਟਾਂ ਵਾਲੀ ਭਾਜਪਾ ਨਾਲ ਟੱਕਰ ਲੈਣ ਲਈ ਸ਼ਾਇਦ ਗੱਠਜੋੜ ਸਹਿਯੋਗੀਆਂ ਨੂੰ ਨਾਲ ਜੋੜ ਸਕਣਾ, ਇਸ ਦੇ ਲਈ ਲੱਗਭਗ ਅਸੰਭਵ ਹੋਵੇਗਾ, ਖਾਸ ਤੌਰ 'ਤੇ ਜਦੋਂ ਰਾਹੁਲ ਗਾਂਧੀ ਨੇ ਹੀ ਵਿਰੋਧੀ ਧਿਰ ਦਾ ਸੰਸਦੀ ਨੇਤਾ ਬਣਨਾ ਹੋਵੇ। 
ਰਾਹੁਲ ਗਾਂਧੀ ਤਾਂ ਪੂਰੀ ਤਰ੍ਹਾਂ ਭਾਜਪਾ ਦੀ ਨਕਲ ਕਰਨ 'ਚ ਰੁੱਝੇ ਹੋਏ ਹਨ। ਇਥੋਂ ਤਕ ਕਿ ਆਪਣੇ ਢੁੱਕਵੇਂਪਣ ਦੀ ਭਾਲ 'ਚ ਉਹ ਭਾਜਪਾ ਤੇ ਸੰਘ ਪਰਿਵਾਰ ਦੀ ਪਛਾਣ ਨੂੰ ਹੀ 'ਚੋਰੀ' ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਤੁਸੀਂ ਇਹ ਗੱਲ ਪਸੰਦ ਕਰੋ ਜਾਂ ਨਾ, ਮੋਦੀ ਨੂੰ ਅੱਜ ਜਾਂ ਅਗਲੀਆਂ ਹੋਣ ਵਾਲੀਆਂ ਚੋਣਾਂ 'ਚ ਆਪਣੇ ਸਿਆਸੀ ਵਿਰੋਧੀਆਂ ਤੋਂ ਕਿਸੇ ਤਰ੍ਹਾਂ ਦਾ ਖਤਰਾ ਜਾਂ ਡਰ ਨਹੀਂ, ਫਿਰ ਵੀ ਉਨ੍ਹਾਂ ਨੂੰ ਇਸ ਗੱਲ ਤੋਂ ਚੌਕਸ ਰਹਿਣਾ ਪਵੇਗਾ ਕਿ ਇਕ-ਦੋ ਸਨਮਾਨਜਨਕ ਅਪਵਾਦਾਂ ਨੂੰ ਛੱਡ ਕੇ ਸਾਰੇ ਧਨਾਢ ਉਨ੍ਹਾਂ ਦੇ ਵਿਰੋਧੀਆਂ ਨਾਲ ਹੱਥ ਮਿਲਾ ਰਹੇ ਹਨ ਤੇ ਇਸ ਤਰ੍ਹਾਂ ਇਸ ਧੜੇ ਦੀਆਂ ਸ਼ਰਾਰਤਾਂ ਦੀ ਸਮਰੱਥਾ ਬਹੁਤ ਵਧ ਗਈ ਹੈ। ਉਨ੍ਹਾਂ ਦੇ ਸਾਰੇ ਦੁਸ਼ਮਣ ਸਿਸਟਮ ਨੂੰ ਸਾਫ-ਸੁਥਰਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੀ ਪ੍ਰਕਿਰਿਆ 'ਚ ਲੱਗੇ ਹੋਏ ਹਨ। 
ਮੋਦੀ ਨੇ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਕਲਿਆਣਕਾਰੀ ਸਬਸਿਡੀ 'ਚ ਹੋਣ ਵਾਲੀ ਹੇਰਾਫੇਰੀ ਦੇ ਨਾਲ-ਨਾਲ ਸਸਤੇ ਰਾਸ਼ਨ ਤੋਂ ਲੈ ਕੇ ਸਿੱਖਿਆ ਵਜ਼ੀਫਿਆਂ, ਰਸੋਈ ਗੈਸ ਦੀ ਸਬਸਿਡੀ 'ਚ ਹੋਣ ਵਾਲੀ ਹੇਰਾਫੇਰੀ, ਨਰੇਗਾ ਦੇ ਤਹਿਤ ਮਿੱਟੀ ਦੇ ਤੇਲ ਦੀ ਸਪਲਾਈ ਦੇ ਜਾਅਲੀ ਖਪਤਕਾਰਾਂ ਤਕ 'ਤੇ ਰੋਕ ਲਾਉਣ ਦੇ ਯਤਨ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦੇ ਅਣਗਿਣਤ ਦੁਸ਼ਮਣ ਪੈਦਾ ਹੋ ਗਏ ਹਨ, ਜੋ ਪੂਰੀ ਬੇਸ਼ਰਮੀ ਨਾਲ ਪੁਰਾਣੀ ਵਿਵਸਥਾ ਨੂੰ ਬਹਾਲ ਕਰਨ 'ਤੇ ਤੁਲੇ ਹੋਏ ਹਨ।
ਯੂ. ਪੀ. ਏ. ਦੇ ਸ਼ਾਸਨ ਤਹਿਤ ਜਿਸ ਤਰ੍ਹਾਂ ਦਿਨ-ਦਿਹਾੜੇ ਬੈਂਕਾਂ 'ਚ ਲੁੱਟ ਮਚੀ ਹੋਈ ਸੀ, ਅਰਥ ਵਿਵਸਥਾ ਨੂੰ ਅੱਜ ਵੀ ਉਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਸੰਖੇਪ ਸ਼ਬਦਾਂ 'ਚ ਕਿਹਾ ਜਾਵੇ ਤਾਂ ਅਜਿਹੀ ਲੁੱਟ ਮਚਾਉਣ ਵਾਲੇ ਹਰ ਤਰ੍ਹਾਂ ਦੇ ਧਨਾਢ, ਲੁਕੇ ਸਵਾਰਥੀ, ਜੁਗਾੜਬਾਜ਼ ਅਤੇ ਦਲਾਲ ਇਹ ਯਕੀਨੀ ਬਣਾ ਰਹੇ ਹਨ ਕਿ 2019 ਦੀਆਂ ਚੋਣਾਂ 'ਚ ਮੋਦੀ ਦੁਬਾਰਾ ਨਾ ਜਿੱਤ ਸਕਣ। ਉਹ ਮੋਦੀ ਵਿਰੋਧੀ ਤਾਕਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸਰਕਾਰੀ ਖਜ਼ਾਨੇ 'ਚੋਂ ਲੁੱਟੇ ਧਨ ਦਾ ਥੋੜ੍ਹਾ ਜਿਹਾ ਹਿੱਸਾ ਦਾਅ 'ਤੇ ਲਾ ਦੇਣਗੇ।
ਤ੍ਰਾਸਦੀ ਇਹ ਹੈ ਕਿ ਵਿਰੋਧੀਆਂ ਦਾ ਇਹ ਦਾਅ ਹੀ ਮੋਦੀ ਦੀ ਜਿੱਤ ਲਈ 'ਤਰੁੱਪ ਦਾ ਯੱਕਾ' ਸਿੱਧ ਹੋ ਸਕਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ 1971 ਵਿਚ 'ਗਰੀਬੀ ਹਟਾਓ' ਦਾ ਨਾਅਰਾ ਇੰਦਰਾ ਗਾਂਧੀ ਦੇ ਕੰਮ ਆਇਆ ਸੀ। ਵੋਟਰ ਮੂਰਖ ਨਹੀਂ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੌਣ ਕਰਦਾ ਹੈ।
ਗਿਰਗਿਟ ਵਾਂਗ ਰੰਗ ਬਦਲਦੇ ਸਿੱਧੂ 
ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕ ਸਕਣਾ ਬਹੁਤ ਮੁਸ਼ਕਿਲ ਸਿੱਧ ਹੋ ਰਿਹਾ ਹੈ, ਫਿਰ ਵੀ ਵਿਕਸਿਤ ਸਮਾਜਾਂ 'ਚ ਇਸ ਚੁਣੌਤੀ 'ਤੇ ਰੋਕ ਲਾਉਣ ਲਈ ਹੁਣ ਕੁਝ ਰੈਗੂਲੇਟ ਕਦਮਾਂ ਦੀ ਤਜਵੀਜ਼ ਵਿਚਾਰ-ਅਧੀਨ ਹੈ। ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੋਸ਼ਲ ਮੀਡੀਆ ਸਿੱਖਿਆ ਅਤੇ ਜਨ-ਜਾਗ੍ਰਿਤੀ ਲਈ ਇਕ ਅਹਿਮ ਯੰਤਰ ਹੈ। 
ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਸ਼ਾਇਦ ਨਵਜੋਤ ਸਿੰਘ ਸਿੱਧੂ ਵਲੋਂ ਕੀਤੇ ਗਏ ਧੋਖੇ ਦੇ ਸਮੁੱਚੇ ਵੇਰਵੇ ਵੀ ਸਾਹਮਣੇ ਨਹੀਂ ਆਉਣੇ ਸੀ। ਹੁਣੇ ਜਿਹੇ ਹੋਏ ਕਾਂਗਰਸ ਦੇ ਮਹਾ-ਇਜਲਾਸ 'ਚ ਆਪਣੀ ਕਾਰਗੁਜ਼ਾਰੀ ਲਈ ਸੁਰਖੀਆਂ 'ਚ ਆਉਣ ਵਾਲੇ ਨਵਜੋਤ ਸਿੱਧੂ ਨੂੰ ਜਿਸ ਤਰ੍ਹਾਂ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਵਰਗੇ ਨੇਤਾਵਾਂ ਨੇ ਹੱਥੋ-ਹੱਥ ਲਿਆ, ਉਸ ਬਾਰੇ ਇਕ ਵੀਡੀਓ ਬਹੁਤ ਵਾਇਰਲ ਹੋਇਆ ਹੈ, ਜਿਸ ਦਾ ਨਾਂ ਹੈ 'ਗਿਰਗਿਟ'। ਇਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਗਿਰਗਿਟ ਨਾਲ ਹਮਦਰਦੀ ਹੋਣ ਲੱਗੇਗੀ ਕਿ ਬੇਸ਼ੱਕ ਉਹ ਸਿੱਧੂ ਵਾਂਗ 'ਹਾ ਹਾ, ਹੋ ਹੋ' ਨਾ ਕਰ ਸਕੇ, ਫਿਰ ਵੀ ਉਸ ਅੰਦਰ 'ਆਤਮਾ' ਜ਼ਰੂਰ ਹੁੰਦੀ ਹੈ।
2013 'ਚ ਸ਼ੇਰ ਵਾਂਗ ਦਹਾੜ ਕੇ ਦਿੱਤੇ ਭਾਸ਼ਣ 'ਚ ਲੋਕਾਂ ਦੇ ਭਾਰੀ ਇਕੱਠ ਸਾਹਮਣੇ ਮੋਦੀ ਦੀ ਦਿਲ ਖੋਲ੍ਹ ਕੇ ਤਾਰੀਫ ਕਰਨ ਵਾਲੇ ਸਿੱਧੂ ਅੱਜਕਲ ਜਿਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਹੇ ਹਨ, ਉਸ ਦੇ ਲਈ ਸਭ ਤੋਂ ਢੁੱਕਵਾਂ ਸ਼ਬਦ 'ਗਿਰਗਿਟ' ਹੀ ਹੋ ਸਕਦਾ ਹੈ।     (virendra੧੯੪੬@yahoo.co.in)