2019 ਦੀ ਭਾਜਪਾ ''ਵਨ ਮੈਨ ਸ਼ੋਅ''

04/21/2019 5:42:43 AM

       ਦੋ ਮੁੱਖ ਮੁਕਾਬਲੇਬਾਜ਼ ਉਹੀ ਹੋਣ ਦੇ ਬਾਵਜੂਦ ਭਾਰਤ 'ਚ ਹਰ ਵਾਰ ਲੋਕ ਸਭਾ ਚੋਣਾਂ ਵਿਲੱਖਣ ਹੁੰਦੀਆਂ ਹਨ। ਇਸ ਦੀ ਇਕ ਵਜ੍ਹਾ ਇਹ ਹੈ ਕਿ ਦੋ ਮੁੱਖ ਮੁਕਾਬਲੇਬਾਜ਼ਾਂ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਚੋਣਾਂ ਦਰਮਿਆਨ ਆਪਣੀਆਂ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ।
       ਇਕ ਹੋਰ ਅਹਿਮ ਵਜ੍ਹਾ ਇਹ ਹੈ ਕਿ ਇਕ ਮੁੱਖ ਮੁਕਾਬਲੇਬਾਜ਼ 'ਚ ਬਹੁਤ ਤਬਦੀਲੀ ਆਉਂਦੀ ਹੈ। ਬਿਹਤਰੀ ਲਈ ਜਾਂ ਬੁਰੇ ਲਈ ਅਤੇ ਪਾਰਟੀ ਦਾ ਇਕ ਨਵੇਂ ਅਵਤਾਰ 'ਚ ਲੜਾਈ 'ਚ ਕੁੱਦਣਾ ਪਹਿਲਾਂ ਵਾਂਗ ਨਜ਼ਰ ਨਹੀਂ ਆ ਸਕਦਾ। ਅਜਿਹਾ ਹੀ 2019 'ਚ ਹੋਇਆ ਹੈ।
        2014 ਦਾ ਸੱਤਾਧਾਰੀ (ਕਾਂਗਰਸ) ਮੁੱਖ ਚੁਣੌਤੀਦਾਤਾ ਬਣ ਗਿਆ ਹੈ ਤੇ 2014 ਦਾ ਚੁਣੌਤੀਦਾਤਾ (ਭਾਜਪਾ) ਅੱਜ ਸੱਤਾਧਾਰੀ ਹੈ। ਹਾਲਾਂਕਿ ਪ੍ਰਤੱਖ ਭੂਮਿਕਾ ਤਬਦੀਲੀ 'ਚ ਇਕ ਮੋੜ ਆਇਆ ਹੈ ਕਿਉਂਕਿ 2019 ਦੀ ਭਾਜਪਾ 2014 ਵਾਲੀ ਭਾਜਪਾ ਨਹੀਂ ਹੈ। 2014 ਦੀ ਭਾਜਪਾ ਇਕ ਢਾਂਚੇ ਵਾਲੀ ਸਿਆਸੀ ਪਾਰਟੀ ਸੀ, ਜਦਕਿ 2019 ਦੀ ਭਾਜਪਾ 'ਵਨ ਮੈਨ ਸ਼ੋਅ' ਹੈ। ਨਰਿੰਦਰ ਮੋਦੀ ਭਾਜਪਾ 'ਚ ਸਾਰੇ ਢਾਂਚਿਆਂ ਨੂੰ ਇਕ ਪਾਸੇ ਕਰ ਕੇ ਖ਼ੁਦ 'ਪਾਰਟੀ' ਬਣ ਗਏ ਹਨ। ਸਿੱਟੇ ਵਜੋਂ ਜੰਗ ਦੀਆਂ ਰੇਖਾਵਾਂ ਵੱਖਰੀਆਂ ਹਨ। 2014 'ਚ ਮੁਕਾਬਲਾ ਭਾਜਪਾ ਬਨਾਮ ਕਾਂਗਰਸ ਸੀ ਪਰ ਅੱਜ ਇਹ ਮੋਦੀ ਬਨਾਮ ਕਾਂਗਰਸ ਹੈ।
ਪੈਸਾ ਅਤੇ ਤਾਕਤ
ਮੋਦੀ ਨੂੰ ਪੈਸੇ, ਤਾਕਤ ਅਤੇ ਸਿਆਸੀ ਅਧਿਕਾਰ ਦੇ ਸਭ ਤੋਂ ਤਾਕਤਵਰ ਮਿਸ਼ਰਣ ਦਾ ਸਮਰਥਨ ਹਾਸਿਲ ਹੈ। ਮੋਦੀ ਦੀ ਇਕ ਰੈਲੀ 'ਤੇ ਘੱਟੋ-ਘੱਟ 10 ਕਰੋੜ ਰੁਪਏ ਖਰਚਾ ਆਉਂਦਾ ਹੈ ਤੇ ਉਹ ਇਕ ਦਿਨ 'ਚ 3-4 ਰੈਲੀਆਂ ਕਰਦੇ ਹਨ। ਇਸ ਖਰਚੇ ਦੇ ਮਾਮੂਲੀ ਜਿਹੇ ਹਿੱਸੇ ਦਾ ਵੀ ਹਿਸਾਬ ਨਹੀਂ ਲਾਇਆ ਗਿਆ ਅਤੇ ਮੈਨੂੰ ਹੈਰਾਨੀ ਹੋਵੇਗੀ ਜੇ ਇਸ ਖਰਚੇ ਨੂੰ ਮੰਚ 'ਤੇ ਮੌਜੂਦ ਉਮੀਦਵਾਰ/ਉਮੀਦਵਾਰਾਂ ਦੇ ਖਰਚਿਆਂ 'ਚ ਜੋੜ ਦਿੱਤਾ ਜਾਵੇ।
        ਤਾਕਤ ਦੇ ਮਾਮਲੇ 'ਚ ਇਹ ਸਭ ਨੂੰ ਪਤਾ ਹੈ ਕਿ ਮੋਦੀ ਸਬੰਧਤ ਮੰਤਰੀਆਂ ਨੂੰ ਅਣਡਿੱਠ ਕਰਦੇ ਹੋਏ ਅਧਿਕਾਰਾਂ/ਤਾਕਤਾਂ ਦੇ ਸਾਰੇ ਲੀਵਰ ਖ਼ੁਦ ਕੰਟਰੋਲ ਕਰਦੇ ਹਨ, ਜਿਵੇਂ ਖੁਫੀਆ ਬਿਊਰੋ, ਗ੍ਰਹਿ ਮੰਤਰਾਲਾ, ਮਾਲੀਆ ਵਿਭਾਗ ਤੇ ਜਾਂਚ ਏਜੰਸੀਆਂ। ਜਿਥੋਂ ਤਕ ਸਿਆਸੀ ਅਧਿਕਾਰ ਦੀ ਗੱਲ ਹੈ, ਭਾਜਪਾ 'ਚ ਸਿਰਫ ਉਹੀ ਇਕ ਆਵਾਜ਼ ਹੈ, ਜੋ ਗੱਠਜੋੜ ਬਣਾਉਣ, ਉਮੀਦਵਾਰਾਂ ਦੀ ਚੋਣ, ਚੋਣ ਰਣਨੀਤੀ ਅਤੇ ਨੈਰੇਟਿਵ ਬਣਾਉਣ 'ਚ ਮਾਇਨੇ ਰੱਖਦੀ ਹੈ। ਪ੍ਰਸਿੱਧ ਬਲਾਗ ਰਾਈਟਰ ਦਾ ਕੰਮ ਸਿਰਫ ਪੋਸਟ ਤੋਂ ਬਾਅਦ ਜੁਆਬਦੇਹੀ ਦਾ ਹੁੰਦਾ ਹੈ।
         ਪੈਸੇ ਤੇ ਤਾਕਤ ਦੇ ਮਾਮਲੇ 'ਚ ਕਾਂਗਰਸ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕਦੀ, ਹਾਲਾਂਕਿ ਇਸ ਨੇ ਵਿਚਾਰਾਂ ਦੇ ਖੇਤਰ 'ਚੋਂ ਕੁਝ ਅਹਿਮ ਮੁੱਦੇ ਹਥਿਆ ਲਏ ਹਨ। ਚੋਣ ਮੌਸਮ ਦੇ ਸ਼ੁਰੂ 'ਚ ਕਾਂਗਰਸ ਨੂੰ ਅਹਿਸਾਸ ਹੋ ਗਿਆ ਕਿ ਲੋਕਾਂ 'ਚ ਘੱਟ ਰੌਲੇ, ਜ਼ਿਆਦਾ ਸੁਰੱਖਿਆ, ਜ਼ਿਆਦਾ ਨੌਕਰੀਆਂ, ਕਿਸਾਨਾਂ ਨੂੰ ਰਾਹਤ ਅਤੇ ਗਰੀਬਾਂ ਦੀ ਭਲਾਈ ਨੂੰ ਲੈ ਕੇ ਤੜਫ ਹੈ। ਕਾਂਗਰਸ ਨੇ ਲੋਕਾਂ ਦੀ ਆਵਾਜ਼ ਸੁਣਨ ਦਾ ਫੈਸਲਾ ਕੀਤਾ ਤੇ ਬਾਅਦ 'ਚ ਲੋਕਾਂ ਦੀ ਆਵਾਜ਼ ਨੇ ਭਾਰਤੀ ਸਿਆਸਤ 'ਚ ਸਭ ਤੋਂ ਵੱਧ ਚਰਚਿਤ ਚੋਣ ਮਨੋਰਥ ਪੱਤਰ ਲਈ ਵਿਚਾਰਾਂ ਅਤੇ ਨੈਰੇਟਿਵਸ ਦੀ ਸਪਲਾਈ ਕੀਤੀ। ਬੀਤੀ 2 ਅਪ੍ਰੈਲ ਨੂੰ ਕਾਂਗਰਸ ਦਾ ਮੈਨੀਫੈਸਟੋ ਜਾਰੀ ਹੋਣ ਤੋਂ ਕੁਝ ਦਿਨਾਂ ਅੰਦਰ ਹੀ ਜੰਗ ਦੀ ਰੇਖਾ ਮੋਦੀ ਬਨਾਮ ਕਾਂਗਰਸ ਦੀ ਬਜਾਏ ਮੋਦੀ ਬਨਾਮ ਕਾਂਗਰਸ ਦਾ ਮੈਨੀਫੈਸਟੋ ਬਣ ਗਈ। ਮੋਦੀ ਦਾ ਕੋਈ ਵੀ ਭਾਸ਼ਣ ਸੁਣ ਲਓ, ਗਾਂਧੀ ਪਰਿਵਾਰ 'ਤੇ ਝੂਠ ਬੋਲਣ ਤੇ ਬੁਰਾ-ਭਲਾ ਕਹਿਣ ਤੋਂ ਇਲਾਵਾ ਉਹ ਕਾਂਗਰਸ ਦੇ ਮੈਨੀਫੈਸਟੋ 'ਤੇ ਟੁੱਟ ਪੈਂਦੇ ਹਨ, ਖਿਆਲੀ ਭੂਤ ਖੜ੍ਹੇ ਕਰਦੇ ਹਨ ਤੇ ਉਨ੍ਹਾਂ ਨੂੰ ਮਾਰ ਦੇਣ ਵਰਗੀ ਪ੍ਰਤੀਕਿਰਿਆ ਦਿੰਦੇ ਹਨ। ਮੋਦੀ ਭਾਜਪਾ ਦੇ ਮੈਨੀਫੈਸਟੋ ਬਾਰੇ ਇਕ ਵੀ ਸ਼ਬਦ ਨਹੀਂ ਕਹਿੰਦੇ। ਅਸਲ 'ਚ ਮੋਦੀ ਨੂੰ ਕਾਂਗਰਸ ਦੇ ਮੈਨੀਫੈਸਟੋ 'ਚ ਸ਼ਾਮਿਲ ਵਿਚਾਰਾਂ ਦੀ ਤਾਕਤ ਦਾ ਅਹਿਸਾਸ ਹੋ ਗਿਆ ਹੈ।
ਮੈਨੀਫੈਸਟੋ ਨੇ ਕਲਪਨਾ ਨੂੰ ਛੂਹਿਆ
         ਮੈਂ ਹੁਣੇ-ਹੁਣੇ ਤਾਮਿਲਨਾਡੂ 'ਚ 2 ਹਫਤਿਆਂ ਤਕ ਥਕਾਊ ਚੋਣ ਪ੍ਰਚਾਰ ਤੋਂ ਪਰਤਿਆ ਹਾਂ ਅਤੇ ਤੁਹਾਨੂੰ ਦੱਸ ਸਕਦਾ ਹਾਂ ਕਿ ਤਮਿਲ ਵੋਟਰਾਂ ਦੀ ਕਲਪਨਾ ਨੂੰ ਕਿਸ ਚੀਜ਼ ਨੇ ਛੂਹਿਆ ਹੈ। ਪ੍ਰਮੁੱਖ 6 ਗੱਲਾਂ ਇਸ ਤਰ੍ਹਾਂ ਹਨ :

* ਗਰੀਬੀ ਦੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ (6000 ਰੁਪਏ ਮਹੀਨਾ)।
* ਖੇਤੀ ਕਰਜ਼ੇ ਮੁਆਫ ਕਰਨਾ (ਡੀ. ਐੱਮ. ਕੇ. ਨੇ ਜੌਹਰੀਆਂ ਵਲੋਂ ਲਏ ਗਏ ਛੋਟੇ ਕਰਜ਼ਿਆਂ ਨੂੰ ਵੀ ਸ਼ਾਮਿਲ ਕੀਤਾ ਹੈ)।
* 'ਮਨਰੇਗਾ' ਪਾਤਰਤਾ ਨੂੰ ਸਾਲ 'ਚ 150 ਦਿਨਾਂ ਤਕ ਵਧਾਉਣਾ।
* ਕਈ ਲੱਖ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਮੁਤਾਬਿਕ 9 ਮਹੀਨਿਆਂ 'ਚ 24 ਲੱਖ ਸਰਕਾਰੀ ਨੌਕਰੀਆਂ ਦੇਣਾ।
* ਔਰਤਾਂ, ਦਲਿਤਾਂ, ਅਨੁਸੂਚਿਤ ਜਾਤਾਂ/ਜਨਜਾਤਾਂ, ਜੰਗਲਾਂ 'ਚ ਰਹਿਣ ਵਾਲਿਆਂ, ਪੱਤਰਕਾਰਾਂ, ਲੇਖਕਾਂ, ਸਿੱਖਿਆ ਮਾਹਿਰਾਂ, ਐੱਨ. ਜੀ. ਓਜ਼ ਅਤੇ ਅਮਲੀ ਤੌਰ 'ਤੇ ਹਰੇਕ ਉਸ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰਨਾ, ਜੋ ਸਰਕਾਰੀ ਤਾਕਤਾਂ ਦੀ ਦੁਰਵਰਤੋਂ ਕਾਰਨ ਗੁੱਸੇ 'ਚ ਹੈ (ਵਿਰੋਧੀ ਧਿਰ ਦੇ ਉਮੀਦਵਾਰਾਂ ਅਤੇ ਨੇਤਾਵਾਂ 'ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਇਸ ਗੱਲ ਦੇ 'ਸਬੂਤ' ਹਨ)।
* ਤਮਿਲ ਭਾਸ਼ਾ, ਜਾਤ, ਸੰਸਕ੍ਰਿਤੀ, ਪ੍ਰਤੀਕਾਂ ਅਤੇ ਇਤਿਹਾਸ ਲਈ ਸਨਮਾਨ।
       ਬਿਨਾਂ ਸ਼ੱਕ ਜ਼ਿਆਦਾਤਰ ਵਾਅਦੇ ਭਲਾਈ ਨਾਲ ਸਬੰਧਤ ਸਨ ਪਰ ਲੋਕਾਂ ਦਾ ਮੰਨਣਾ ਹੈ ਕਿ ਰੱਖਿਆ ਅਤੇ ਅਰਥ ਵਿਵਸਥਾ ਚੁਣੀ ਹੋਈ ਸਰਕਾਰ ਦੀ ਜ਼ਿੰਮੇਵਾਰੀ ਤੇ ਗੁੰਝਲਦਾਰ ਮੁੱਦੇ ਹਨ, ਜਿਨ੍ਹਾਂ ਨੂੰ ਚੋਣ ਪ੍ਰਚਾਰ 'ਚ ਨਹੀਂ ਉਠਾਇਆ ਜਾਣਾ ਚਾਹੀਦਾ। ਜੇ ਚੁਣੀ ਹੋਈ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਵਿਗਾੜਦੀ ਹੈ ਤਾਂ ਇਸ ਨੂੰ ਇਕ ਕੀਮਤ ਚੁਕਾਉਣੀ ਪਵੇਗੀ (ਜਿਵੇਂ ਕਿ ਨੋਟਬੰਦੀ, ਜਿਸ ਦੇ ਲਈ ਲੋਕ ਮੋਦੀ ਸਰਕਾਰ ਨੂੰ ਸਜ਼ਾ ਦੇਣਗੇ)।

ਵਿਚਾਰਾਂ ਦੀ ਤਾਕਤ
        ਜੇ ਫੀਲਡ ਰਿਪੋਰਟਾਂ ਨਿਰਾਸ਼ਾਜਨਕ ਤੌਰ 'ਤੇ ਗਲਤ ਨਹੀਂ ਹੁੰਦੀਆਂ, ਕਾਂਗਰਸ ਦਾ ਮੈਨੀਫੈਸਟੋ ਅਤੇ ਹਰੇਕ ਵਿਚਾਰ 'ਤੇ ਰਾਹੁਲ ਗਾਂਧੀ ਦੀ ਨਾਪੀ-ਤੋਲੀ ਆਵਾਜ਼ ਤਾਮਿਲਨਾਡੂ 'ਚ ਡੀ. ਐੱਮ. ਕੇ. ਦੀ ਅਗਵਾਈ ਵਾਲੇ ਗੱਠਜੋੜ ਨੂੰ ਸ਼ਾਨਦਾਰ ਜਿੱਤ ਵੱਲ ਲਿਜਾਏਗੀ। ਇਸ ਤੋਂ ਇਲਾਵਾ ਐੱਮ. ਕੇ. ਸਟਾਲਿਨ ਨੇ ਕਾਂਗਰਸ ਅਤੇ ਡੀ. ਐੱਮ. ਕੇ. ਦੇ ਵਾਅਦਿਆਂ ਦਾ ਚਲਾਕੀ ਭਰਿਆ ਮਿਸ਼ਰਣ ਕਰ ਕੇ 'ਕਲਿਆਣ' ਦੇ ਵਿਚਾਰ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ।
       ਪਰ ਇਹ ਸ਼ੁਰੂਆਤੀ ਦਿਨ ਹਨ ਅਤੇ ਚੋਣਾਂ ਦੇ ਸਿਰਫ 2 ਪੜਾਅ (186 ਸੀਟਾਂ) ਪੂਰੇ ਹੋਏ ਹਨ। ਤੀਜਾ ਤੇ ਚੌਥਾ ਪੜਾਅ ਅਹਿਮ ਹਨ, ਜਦੋਂ ਵਿਚਾਰਾਂ ਦੀ ਲੜਾਈ ਨੂੰ ਹਿੰਦੀ ਪੱਟੀ 'ਚ ਲਿਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਤੀਜੇ ਪੜਾਅ 'ਚ 115 ਅਤੇ ਚੌਥੇ 'ਚ 71 ਸੀਟਾਂ ਲਈ ਵੋਟਾਂ ਪੈਣਗੀਆਂ।
        'ਧਨ ਅਤੇ ਕਲਿਆਣ' ਲੋਕਾਂ ਨੂੰ ਇਕ ਸ਼ਕਤੀਸ਼ਾਲੀ ਸੰਦੇਸ਼ ਹੈ। ਮੋਦੀ ਇਸ ਨੂੰ ਸਮਝ ਜਾਣਗੇ, ਜੇ ਉਹ ਭਾਰਤ ਦੇ ਛੋਟੇ ਸ਼ਹਿਰਾਂ ਤੇ ਪਿੰਡਾਂ ਦੀਆਂ ਗਲੀਆਂ 'ਚ ਜਾਣ ਪਰ ਉਹ ਉੱਡਣ ਨੂੰ ਤਰਜੀਹ ਦਿੰਦੇ ਹਨ। ਜੇ ਵਿਰੋਧੀ ਪਾਰਟੀਆਂ ਸੰਦੇਸ਼ ਦੀ ਸਮਰੱਥਾ ਨੂੰ ਸਮਝਦੀਆਂ ਹਨ ਅਤੇ ਇਸ ਨੂੰ ਦੇਸ਼ ਦੇ ਹਰ ਕੋਨੇ 'ਚ ਲਿਜਾਂਦੀਆਂ ਹਨ, ਭਾਵੇਂ ਉਹ ਅਜਿਹਾ ਵੱਖੋ-ਵੱਖ ਹੀ ਕਰਦੀਆਂ ਹਨ ਤਾਂ ਉਹ ਭਾਜਪਾ ਦੇ ਵਿਰੁੱਧ ਆਪਣੀ ਲੜਾਈ (ਚਾਹੇ ਅੱਡ-ਅੱਡ) ਜਿੱਤ ਲੈਣਗੀਆਂ। ਅਜਿਹੀ ਮੈਨੂੰ ਉਮੀਦ ਹੈ।
 
                                                                                    —ਪੀ. ਚਿਦਾਂਬਰਮ

KamalJeet Singh

This news is Content Editor KamalJeet Singh