ਨੌਜਵਾਨ ਨਸ਼ਿਆਂ ਵੱਲ ਨਹੀਂ, ਗੁਰਮਤਿ, ਵਿਦਿਆ ਤੇ ਖੇਡਾਂ ਦੇ ਰਾਹ ਤੁਰਨ: ਜਥੇਦਾਰ ਗੜਗੱਜ

Monday, Aug 24, 2026 - 06:23 PM (IST)

ਨੌਜਵਾਨ ਨਸ਼ਿਆਂ ਵੱਲ ਨਹੀਂ, ਗੁਰਮਤਿ, ਵਿਦਿਆ ਤੇ ਖੇਡਾਂ ਦੇ ਰਾਹ ਤੁਰਨ: ਜਥੇਦਾਰ ਗੜਗੱਜ

ਅੰਮ੍ਰਿਤਸਰ(ਸਰਬਜੀਤ)- ਖਾਲਸਾ ਮਾਰਚ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸਿੱਖ ਸਿਧਾਂਤ ਨੂੰ ਸੰਗਤ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਹੈ, ਜੋ ਸੰਗਤਾਂ ਨੂੰ ਆਪਣੇ ਮੂਲ ਗੁਰਬਾਣੀ ਨਾਲ ਜੁੜਨ, ਖਾਲਸਾ ਪੰਥ ਨੂੰ ਸਮਰਪਿਤ ਹੋਣ ਅਤੇ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਦੇ ਰਿਹਾ ਹੈ। ਇਹ ਪ੍ਰਗਟਾਵਾ ਮੀਰੀ ਪੀਰੀ ਖਾਲਸਾ ਮਾਰਚ ਦੀ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਿਥੇ ਪੰਥ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਚਨੌਤੀ ਦੇਣ ਦਾ ਯਤਨ ਕਰ ਰਹੀਆਂ ਹਨ, ਉਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਨੌਜਵਾਨ ਨਸ਼ਿਆ ਦਾ ਤਿਆਗ ਕਰਕੇ ਖੇਡ ਮੈਦਾਨਾਂ ਵੱਲ ਆਉਣ ਜੋ ਸਾਡੀ ਵਿਰਾਸਤ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਇਹ ਵਿਸ਼ਵਾਸ ਦੇਣਾ ਪਵੇਗਾ ਕਿ ਪੰਜਾਬ ਵਿੱਚ ਰਹਿ ਕੇ ਵੀ ਉੱਚੀ ਵਿਦਿਆ ਹਾਸਲ ਕੀਤੀ ਜਾ ਸਕਦੀ ਹੈ ਅਤੇ ਮਿਹਨਤ ਨਾਲ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਸਾਡੇ ਨੌਜਵਾਨਾਂ ਨੂੰ ਵਿਦਿਆ, ਹੁਨਰ, ਖੇਡਾਂ, ਮਿਹਨਤ ਅਤੇ ਗੁਰਮਤਿ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸਿੱਖ ਪਰੰਪਰਾਵਾਂ ਅਤੇ ਗੁਰੂ ਕੀਆਂ ਗੋਲਕਾਂ 'ਤੇ ਸਵਾਲ ਚੁੱਕਣ ਵਾਲੀ ਸੋਚ ਨੂੰ ਵੀ ਢੁਕਵਾਂ ਜਵਾਬ ਦੇਣ। ਉਨ੍ਹਾਂ ਕਿਹਾ ਕਿ ਸਿੱਖ ਦੀ ਅਸਲ ਤਾਕਤ ਅਤੇ ਪਹਿਚਾਣ ਗੁਰੂ ਨਾਲ ਜੁੜਨ ਵਿੱਚ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਹਾਕਮ ਬਦਲਦੇ ਹਨ, ਕਾਨੂੰਨ ਅਤੇ ਨੀਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ, ਪਰ ਸਾਡਾ ਗੁਰੂ ਸਦੀਵੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਦੀਆਂ ਰਵਾਇਤਾਂ ਹਨ ਕਿ ਇਥੇ ਨਿਮਰਤਾ ਨਾਲ ਆਏ ਹਰ ਵਿਅਕਤੀ ਨੂੰ ਸਹਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਸਮੇਂ ਜਦੋਂ ਸਰਕਾਰਾਂ ਵੀ ਹੱਥ ਖੜ੍ਹੇ ਕਰ ਗਈਆਂ ਸਨ ਤਾਂ ਸਿੱਖਾਂ ਨੇ ਗੁਰੂ ਬਖਸ਼ੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਗੁਰੂ ਕੀਆਂ ਗੋਲਕਾਂ ਤੋਂ ਪੀੜਤਾਂ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਇਹ ਰਵਾਇਤਾਂ ਪੰਥ ਵਿਰੋਧੀ ਸੋਚ ਰੱਖਣ ਵਾਲਿਆਂ ਨੂੰ ਰਾਸ ਨਹੀਂ ਆਉਂਦੀਆਂ ਤੇ ਉਹ ਗੁਰੂ ਘਰ ਦੀਆਂ ਗੋਲਕਾਂ 'ਤੇ ਸਵਾਲ ਕਰਦੇ ਹਨ। ਉਨ੍ਹਾਂ ਸੰਗਤਾਂ ਨੂੰ ਅਜਿਹੀ ਸੋਚ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਫੌਜੀ ਟਿਕਾਣਿਆਂ 'ਤੇ ਅਲਰਟ ਜਾਰੀ, ਵਧਾਈ ਗਈ ਸੁਰੱਖਿਆ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੰਦੀ ਸਿੰਘਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਗੁਜਾਰ ਚੁੱਕੇ ਹਨ, ਜਿਨ੍ਹਾਂ ਦੀ ਰਿਹਾਈ ਦੀ ਮੰਗ ਪ੍ਰਤੀ ਸਰਕਾਰ ਦੀ ਨੀਤੀ ਵਿਤਕਰੇ ਵਾਲੀ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨਾਲ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬੀਤੇ ਦਿਨੀਂ ਬੰਦੀ ਸਿੰਘਾਂ ਦੀ ਚੜ੍ਹਦੀ ਕਲ੍ਹਾ ਅਤੇ ਰਿਹਾਈ ਲਈ ਸਮੂਹ ਗੁਰਦੁਆਰਿਆਂ ਵਿੱਚ 29 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਹਰ ਪਿੰਡ ਵਿੱਚ ਵੀ 29 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ। ਖਾਲਸਾ ਮਾਰਚ ਵਿੱਚ ਸ਼ਾਮਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵੀ ਮਾਰਚ ਵਿੱਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਲਸਾ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ।

ਇਹ ਵੀ ਪੜ੍ਹੋ- ਪੰਜਾਬ : ਦਰਗਾਹ 'ਚ ਮੇਲੇ ਦੌਰਾਨ ਵੱਡਾ ਹਾਦਸਾ, 2 ਨੌਜਵਾਨਾਂ ਦੀ ਦਰਦਨਾਕ ਮੌਤ

ਖਾਲਸਾ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਗੁਰਬਾਣੀ ਕੀਰਤਨ ਹੋਇਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ਦੀ ਸਾਂਝ ਪਾਈ। ਇਸ ਦੌਰਾਨ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਖਾਲਸਾ ਮਾਰਚ ਦੀ ਰਵਾਨਗੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਬਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਨਿਭਾਈ। ਗੁਰਦੁਆਰਾ ਸਾਹਿਬ ਭੀਖੀ ਤੋਂ ਅੱਜ ਚਲੇ ਖਾਲਸਾ ਮਾਰਚ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਵਿਸ਼ੇਸ਼ ਬੱਸ ਵਿਚ ਸ਼ਸ਼ੋਭਿਤ ਇਤਿਹਾਸਕ ਸ਼ਸਤਰਾਂ ਦੇ ਵੀ ਸੰਗਤ ਨੂੰ ਦਰਸ਼ਨ ਕਰਵਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News