ਪੰਜਾਬ "ਚ ਕਤਲ ! ਪਹਿਲਾਂ ਕੁੱਟਿਆ ਫਿਰ, ਟੋਭੇ ''ਚ ਸੁੱਟਿਆ, 3 ਦਿਨ ਬਾਅਦ ਮਿਲੀ ਲਾਸ਼
Friday, Aug 28, 2026 - 04:24 PM (IST)
ਰਾਜਪੁਰਾ/ਘਨੌਰ : ਘਨੌਰ ਦੇ ਪਿੰਡ ਨੌਗਾਵਾਂ ਵਿਚ ਇਕ ਮਜ਼ਦੂਰ ਨੌਜਵਾਨ ਦੀ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਕਤਲ ਕਰਕੇ ਲਾਸ਼ ਪਿੰਡ ਦੇ ਟੋਭੇ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ਼ੰਭੂ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਧਰਮਸ਼ਾਲਾ ਵਿਚ ਭਾਰੀ ਇਕੱਠ ਕਰਕੇ ਪੁਲਸ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਸ ਕਥਿਤ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਡਵੋਕੇਟ ਜਸਪਾਲ ਸਿੰਘ, ਰਾਜਵੰਤ ਕੌਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਜੈ ਕੁਮਾਰ ਇਕ ਵਿਅਕਤੀ ਕੋਲ ਨੌਕਰ ਸੀ।
ਉਨ੍ਹਾਂ ਦੋਸ਼ ਲਾਇਆ ਕਿ ਵਿਜੈ ਕੁਮਾਰ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਟੋਭੇ ਵਿਚ ਸੁੱਟ ਦਿੱਤਾ ਗਿਆ। ਤਿੰਨ ਦਿਨ ਬਾਅਦ ਉਸ ਦੀ ਲਾਸ਼ ਟੋਭੇ ’ਚੋਂ ਬਾਹਰ ਕੱਢੀ ਗਈ। ਪਰਿਵਾਰਕ ਮੈਂਬਰਾ ਮੁਤਾਬਕ ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ ਪਰ ਪੁਲਸ ਵੱਲੋਂ ਮਾਮਲੇ ਨੂੰ ਖੁਦਕੁਸ਼ੀ ਵੱਲ ਮੋੜਨ ਦਾ ਦੋਸ਼ ਲਗਾਇਆ ਗਿਆ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਸਵਰਨ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਕਹਿਣ ’ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਗਈ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਐੱਸ.ਸੀ./ਐੱਸ.ਟੀ. ਐਕਟ ਦੀਆਂ ਧਾਰਾਵਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
