ਪਰਿਵਾਰ ’ਚ ਵੈਣ, ਪ੍ਰੇਮਿਕਾ ਤੋਂ ਤੰਗ ਆ ਕੇ 20 ਸਾਲਾ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ
Wednesday, Nov 09, 2022 - 06:20 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਸਮਾਧ ਭਾਈ ਨਿਵਾਸੀ ਇਕ ਮੁੰਡੇ ਵੱਲੋਂ ਆਪਣੀ ਕਥਿਤ ਪ੍ਰੇਮਿਕਾ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਨਿਵਾਸੀ ਸਮਾਧ ਭਾਈ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਔਰਤ ਜਸਪ੍ਰੀਤ ਕੌਰ ਨਿਵਾਸੀ ਪਿੰਡ ਸਮਾਧ ਭਾਈ ਖ਼ਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਦੇਵ ਸਿੰਘ ਨੇ ਕਿਹਾ ਕਿ ਉਸਦੇ ਭਰਾ ਮਨਦੀਪ ਸਿੰਘ (20) ਦੀ ਦੋਸਤੀ ਕਥਿਤ ਦੋਸ਼ੀ ਜਸਪ੍ਰੀਤ ਕੌਰ ਨਾਲ ਸੀ ਅਤੇ ਉਹ ਉਸ ’ਤੇ ਕਾਫੀ ਪੈਸੇ ਖਰਚ ਕਰਦਾ ਸੀ, ਉਸਦੀ ਕਥਿਤ ਪ੍ਰੇਮਿਕਾ ਉਸ ਕੋਲੋਂ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦੀ ਰਹਿੰਦੀ ਸੀ ਅਤੇ ਮੰਗ ਪੂਰੀ ਨਾ ਕਰਨ ’ਤੇ ਧਮਕੀਆਂ ਦੇਣ ਲੱਗ ਜਾਂਦੀ, ਜਿਸ ਤੋਂ ਤੰਗ ਆ ਕੇ ਮੇਰੇ ਭਰਾ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਦੋਸ਼ੀ ਔਰਤ ਦੀ ਗ੍ਰਿਫਤਾਰੀ ਬਾਕੀ ਹੈ।