ਵਿਆਹੁਤਾ ਜਨਾਨੀ ਨੂੰ ਬਲੈਕਮੇਲ ਕਰਕੇ ਕੀਤਾ ਜਬਰ-ਜ਼ਨਾਹ, ਦਿੱਤੀਆਂ ਇਹ ਧਮਕੀਆਂ

Tuesday, Jun 09, 2020 - 09:53 AM (IST)

ਵਿਆਹੁਤਾ ਜਨਾਨੀ ਨੂੰ ਬਲੈਕਮੇਲ ਕਰਕੇ ਕੀਤਾ ਜਬਰ-ਜ਼ਨਾਹ, ਦਿੱਤੀਆਂ ਇਹ ਧਮਕੀਆਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)— ਇਲਾਕੇ 'ਚ ਇਕ ਵਿਆਹੁਤਾ ਜਨਾਨੀ ਨੂੰ ਬਲੈਕਮੇਲ ਕਰਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਗੁਆਂਢੀ ਬਲਵੀਰ ਸਿੰਘ ਵੀਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2012 `ਚ ਰਾਜ ਕੁਮਾਰ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਗੁਆਂਢ 'ਚ ਰਹਿੰਦੇ ਬਲਬੀਰ ਸਿੰਘ ਨੇ ਉਸ ਦੀ ਇੰਸਟਾਗ੍ਰਾਮ ਆਈ. ਡੀ. `ਤੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਤੈਨੂੰ ਪਸੰਦ ਕਰਦਾ ਹੈ ਅਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ । ਬਲਵੀਰ ਨੇ ਉਸਨੂੰ ਕਿਹਾ ਕਿ ਮੇਰੇ ਕੋਲ ਤੇਰੀਆਂ ਕੁਝ ਤਸਵੀਰਾਂ ਵੀ ਹਨ।

ਪੀੜਤ ਜਨਾਨੀ ਨੇ ਦੱਸਿਆ ਕਿ ਇਸੇ ਦੌਰਾਨ ਹੀ ਮੇਰੇ ਬੱਚਿਆਂ ਦੇ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਬਲਵੀਰ ਨੇ ਪੈਲੇਸ ਦੇ ਬਾਹਰ ਆ ਕੇ ਮੈਸੇਜ ਕਰਕੇ ਬੁਲਾ ਲਿਆ ਅਤੇ ਆਪਣੀ ਕਾਰ 'ਚ ਬਿਠਾ ਕੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਧਮਕੀਆਂ ਦਿੱਤੀਆਂ ਕਿ ਜੇਕਰ ਇਸ ਬਾਰੇ ਤੂੰ ਕਿਸੇ ਨਾਲ ਗੱਲਬਾਤ ਕੀਤੀ ਤਾਂ ਅੰਜਾਮ ਬੁਰਾ ਹੋਵੇਗਾ। ਇਸੇ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ ਅਤੇ ਉਸਨੇ ਬਲਵੀਰ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰਦਿਆਂ ਉਸ ਨੂੰ ਧਮਕਾਇਆ। ਹੁਣ ਪੁਲਸ ਨੂੰ ਸ਼ਿਕਾਇਤ ਦੇਣ ਉਪਰੰਤ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News