ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ 1 ਲੱਖ 55 ਹਜ਼ਾਰ ਕਢਵਾਏ
Thursday, Mar 15, 2018 - 04:55 AM (IST)

ਹਾਜੀਪੁਰ, (ਜੋਸ਼ੀ)- ਐੱਸ. ਬੀ. ਆਈ. ਹਾਜੀਪੁਰ ਦੇ ਏ. ਟੀ. ਐੱਮ. ਵਿਚ ਜਦੋਂ ਇਕ ਔਰਤ ਪੈਸੇ ਕਢਵਾਉਣ ਲਈ ਖੜ੍ਹੀ ਸੀ ਤਾਂ ਇਕ ਨੌਜਵਾਨ ਨੇ ਉਸ ਨੂੰ ਗੱਲਾਂ 'ਚ ਲਾ ਕੇ ਉਸ ਦੀ ਮਦਦ ਕਰਨ ਦਾ ਝਾਂਸਾ ਦਿੱਤਾ। ਔਰਤ ਨੇ ਉਕਤ ਨੌਜਵਾਨ ਨੂੰ ਆਪਣਾ ਏ. ਟੀ. ਐੱਮ. ਕਾਰਡ ਦੇ ਦਿੱਤਾ। ਉਕਤ ਨੌਜਵਾਨ ਨੇ ਚਲਾਕੀ ਨਾਲ ਏ. ਟੀ. ਐੱਮ. ਕਾਰਡ ਬਦਲ ਦਿੱਤਾ ਅਤੇ ਔਰਤ ਦੇ ਖਾਤੇ ਵਿਚੋਂ 1 ਲੱਖ 55 ਹਜ਼ਾਰ ਰੁਪਏ ਕਢਵਾ ਲਏ।
ਠੱਗੀ ਗਈ ਔਰਤ ਦੀ ਪਛਾਣ ਕਿਰਨ ਬਾਲਾ ਪਤਨੀ ਹਰਦੀਪ ਕੁਮਾਰ ਵਾਸੀ ਜੁਗਿਆਲ, ਥਾਣਾ ਤਲਵਾੜਾ ਵਜੋਂ ਹੋਈ ਹੈ, ਜੋ ਕਿ ਪਿੰਡ ਸਿਹੋੜਾ ਡਡਿਆਲ ਦੇ ਸਰਕਾਰੀ ਸਕੂਲ 'ਚ ਅਧਿਆਪਕ ਵਜੋਂ ਤਾਇਨਾਤ ਹੈ।
ਉਸ ਨੇ ਦੱਸਿਆ ਕਿ ਏ. ਟੀ. ਐੱਮ. ਬਦਲੇ ਜਾਣ ਬਾਰੇ ਮੈਨੂੰ ਉਸ ਸਮੇਂ ਪਤਾ ਲੱਗਾ ਜਦੋਂ ਅੱਜ ਮੈਂ ਬੈਂਕ ਨਾਲ ਸਬੰਧਤ ਮੈਸੇਜ ਵੇਖਣੇ ਸ਼ੁਰੂ ਕੀਤੇ। ਮੈਂ ਦੇਖਿਆ ਕਿ ਮੇਰੇ ਖਾਤੇ 'ਚੋਂ ਵੱਖ-ਵੱਖ ਸਮੇਂ 'ਤੇ 1 ਲੱਖ 55 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਮੈਂ ਇਸ ਸਾਰੀ ਘਟਨਾ ਸਬੰਧੀ ਆਪਣੇ ਪਤੀ ਹਰਦੀਪ ਸਿੰਘ ਨੂੰ ਦੱਸਿਆ। ਇਸ ਸਬੰਧੀ ਥਾਣਾ ਹਾਜੀਪੁਰ 'ਚ ਇਤਲਾਹ ਦੇ ਦਿੱਤੀ ਗਈ ਹੈ। ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।