ਮੌਸਮ ਅਪਡੇਟ : ਪੰਜਾਬ 'ਚ 'ਠੰਡ' ਨੂੰ ਲੈ ਕੇ 'ਰੈੱਡ ਅਲਰਟ' ਜਾਰੀ, ਪੂਰੇ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਜ਼ੋਰ
Monday, Jan 09, 2023 - 01:29 PM (IST)

ਨਵੀਂ ਦਿੱਲੀ, ਲੁਧਿਆਣਾ (ਭਾਸ਼ਾ, ਸਲੂਜਾ) : ਉੱਤਰੀ ਭਾਰਤ 'ਚ ਠੰਡ ਤੋਂ ਰਾਹਤ ਮਿਲਣ ਦੀ ਅਜੇ ਕੋਈ ਉਮੀਦ ਨਹੀਂ। ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ, ਹਰਿਆਣਾ ਤੇ ਪੰਜਾਬ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਬਿਹਾਰ ਅਤੇ ਰਾਜਸਥਾਨ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਤਾਰੀਖ਼ ਨੂੰ ਪੰਜਾਬ ਦੇ ਮਾਝਾ ਅਤੇ ਦੋਆਬਾ ਖੇਤਰ ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਹਾਲਾਂਕਿ ਇਹ ਮੌਸਮ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਹੇਵੰਦ ਹੈ। ਉੱਥੇ ਹੀ ਧੁੰਦ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। 480 ਟਰੇਨਾਂ ਦੀ ਆਵਾਜਾਈ ’ਤੇ ਅਸਰ ਪਿਆ ਹੈ। ਐਤਵਾਰ ਸਵੇਰੇ ਕਰੀਬ 25 ਉਡਾਣਾਂ ਲੇਟ ਹੋਈਆਂ।। ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਦਾ ਪ੍ਰਕੋਪ 10 ਜਨਵਰੀ ਤੱਕ ਜਾਰੀ ਰਹੇਗਾ। ਉਸ ਤੋਂ ਬਾਅਦ ਇਸ ’ਚ ਕਮੀ ਆਉਣ ਦੀ ਸੰਭਾਵਨਾ ਹੈ। ਹਰਿਆਣਾ ਅਤੇ ਪੰਜਾਬ ’ਚ ਐਤਵਾਰ ਵੀ ਸੀਤ ਲਹਿਰ ਜਾਰੀ ਰਹੀ ਕਿਉਂਕਿ ਵਧੇਰੇ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਹਰਿਆਣਾ ਅਤੇ ਪੰਜਾਬ ’ਚ ਕਈ ਥਾਈਂ ਸੰਘਣੀ ਧੁੰਦ ਛਾਈ ਰਹੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਅੱਜ ਹੋ ਸਕਦੈ ਵੱਡਾ ਫੇਰਬਦਲ, ਨਵੇਂ ਚਿਹਰਿਆਂ ਦੀ ਹੋਵੇਗੀ ਐਂਟਰੀ
ਇਸ ਦੌਰਾਨ ਹਰਿਆਣਾ ਦਾ ਹਿਸਾਰ ਸਭ ਤੋਂ ਠੰਡਾ ਇਲਾਕਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ’ਚ ਆਦਮਪੁਰ ’ਚ ਕੜਾਕੇ ਦੀ ਠੰਡ ਪਈ, ਜਿੱਥੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਸੀ। ਯੂ. ਪੀ. ਗਾਜ਼ੀਆਬਾਦ, ਲਖਨਊ, ਅਲੀਗੜ੍ਹ, ਕਾਨਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ। ਦਿੱਲੀ ’ਚ ਐਤਵਾਰ ਸਵੇਰੇ ਤੇਜ਼ ਸੀਤ ਲਹਿਰ ਰਹੀ। ਸ਼ਹਿਰ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਦਾ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਕੋਰਟ ਕੰਪਲੈਕਸ ਧਮਾਕਾ ਮਾਮਲੇ ’ਚ NIA ਵਲੋਂ ਚਾਰਜਸ਼ੀਟ ਦਾਇਰ
ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਹਲਕੀ ਬਰਫ਼ਬਾਰੀ
ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਐਤਵਾਰ ਹਲਕੀ ਬਰਫ਼ਬਾਰੀ ਹੋਈ। ਵਾਦੀ ਵਿਚ ਵਧੇਰੇ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਨੇੜੇ ਦਰਜ ਕੀਤਾ ਗਿਆ। ਗੁਲਮਰਗ ਅਤੇ ਸੋਨਮਰਗ-ਜ਼ੋਜਿਲਾ ਦੇ ਉੱਚੇ ਇਲਾਕਿਆਂ ’ਚ ਕੁੱਝ ਥਾਵਾਂ ’ਤੇ ਹਲਕੀ ਬਰਫ ਪਈ। ਸ਼੍ਰੀਨਗਰ ’ਚ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫੀ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ