ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’

Wednesday, Jan 25, 2023 - 03:18 PM (IST)

ਜਲੰਧਰ (ਖੁਰਾਣਾ)–ਸ਼ਹਿਰ ਦੇ ਪਹਿਲੇ ਨਾਗਰਿਕ ਭਾਵ ਮੇਅਰ ਵਜੋਂ ਜਗਦੀਸ਼ ਰਾਜ ਰਾਜਾ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ ਵਿਚ ਚਰਚਾ ਤੇਜ਼ ਹੋ ਗਈ ਹੈ ਕਿ ਸ਼ਹਿਰ ਦਾ ਅਗਲਾ ਮੇਅਰ ਕੌਣ ਹੋਵੇਗਾ ਅਤੇ ਮੇਅਰ ਦੀ ਪਲੇਟ ਲੱਗੀ ‘ਝੰਡੀ ਵਾਲੀ ਕਾਰ’ ਦੀ ਪਿਛਲੀ ਸੀਟ ’ਤੇ ਸ਼ਾਨ ਨਾਲ ਬੈਠਣਾ ਕਿਸ ਦੇ ਨਸੀਬ ਵਿਚ ਲਿਖਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਕੌਂਸਲਰ ਹਾਊਸ ਦੀ ਚੋਣ ਦਸੰਬਰ 2017 ਵਿਚ ਹੋਈ ਸੀ ਪਰ ਮੇਅਰ ਅਤੇ ਹੋਰ ਕੌਂਸਲਰਾਂ ਨੇ 25 ਜਨਵਰੀ 2018 ਨੂੰ ਰਸਮੀ ਸਹੁੰ ਚੁੱਕੀ ਸੀ, ਜਿਸ ਦਿਨ ਤੋਂ ਉਨ੍ਹਾਂ ਦਾ ਕਾਰਜਕਾਲ ਸ਼ੁਰੂ ਹੋਇਆ ਸਮਝਿਆ ਜਾਂਦਾ ਹੈ। 5 ਸਾਲ ਦਾ ਕਾਰਜਕਾਲ ਸਮਾਪਤ ਹੋ ਜਾਣ ਤੋਂ ਬਾਅਦ ਜਗਦੀਸ਼ ਰਾਜ ਰਾਜਾ ਨੇ ਮੰਗਲਵਾਰ ਆਪਣੇ ਦਫ਼ਤਰ ਨੂੰ ਵੀ ਛੱਡ ਦਿੱਤਾ, ਕੈਂਪ ਆਫਿਸ ਵੀ ਖ਼ਾਲੀ ਕਰ ਦਿੱਤਾ ਅਤੇ ਬਤੌਰ ਮੇਅਰ ਮਿਲੀ ਸਰਕਾਰੀ ਕਾਰ ਨੂੰ ਵੀ ਨਿਗਮ ਪ੍ਰਸ਼ਾਸਨ ਕੋਲ ਵਾਪਸ ਭੇਜ ਦਿੱਤਾ। ਆਪਣੇ ਕਾਰਜਕਾਲ ਦੇ ਆਖਰੀ ਦਿਨ ਬਤੌਰ ਮੇਅਰ ਜਗਦੀਸ਼ ਰਾਜਾ ਸਵੇਰੇ ਆਪਣੇ ਦਫ਼ਤਰ ਆਏ, ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਸਟਾਫ਼ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕੁਝ ਕਾਂਗਰਸੀ ਕੌਂਸਲਰ ਵੀ ਇਸ ਦੌਰਾਨ ਮੇਅਰ ਨਾਲ ਚਰਚਾ ਕਰਦੇ ਦਿਸੇ।

ਤੁਰੰਤ ਬਾਅਦ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਵੀ ਸ਼੍ਰੀ ਰਾਜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਸ਼ਹਿਰ ਅਤੇ ਨਿਗਮ ਨਾਲ ਸਬੰਧਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਤਜਰਬੇ ਆਦਿ ਬਾਰੇ ਉਤਸੁਕਤਾ ਪ੍ਰਗਟਾਈ। ਇਸ ਦੌਰਾਨ ਮੇਅਰ ਜਗਦੀਸ਼ ਰਾਜਾ ਨੇ 5 ਸਾਲਾਂ ਦੌਰਾਨ ਆਪਣੇ ਸਾਰੇ ਸਹਿਯੋਗੀਆਂ, ਕੌਂਸਲਰਾਂ, ਆਪਣੇ ਸਟਾਫ਼ ਅਤੇ ਨਿਗਮ ਅਧਿਕਾਰੀਆਂ, ਆਮ ਲੋਕਾਂ ਅਤੇ ਪਾਰਟੀ ਲੀਡਰਸ਼ਿਪ ਪ੍ਰਤੀ ਧੰਨਵਾਦ ਕੀਤਾ। ਉਥੇ ਮੌਜੂਦ ਕੌਂਸਲਰ ਵੀ ਇਹ ਕਹਿੰਦੇ ਦਿਸੇ ਕਿ ਬਤੌਰ ਮੇਅਰ ੳੁਨ੍ਹਾਂ ਦਾ ਅਕਸ ਕਾਫ਼ੀ ਸਾਫ਼ ਅਤੇ ਈਮਾਨਦਾਰ ਰਿਹਾ, ਭਾਵੇਂ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਨਾਲ ਉਨ੍ਹਾਂ ਦੇ ਮਤਭੇਦ ਰਹੇ।

ਇਹ ਵੀ ਪੜ੍ਹੋ :  ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ 'ਚ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਡਾਇਵਰਟ

PunjabKesari

ਬਾਕੀ ਮੇਅਰਾਂ ਵਾਂਗ ਸ਼ਾਇਦ ਹੀ ਸਰਗਰਮ ਸਿਆਸਤ ’ਚ ਆਉਣ
ਜਲੰਧਰ ਬਾਰੇ ਆਮ ਚਰਚਾ ਹੈ ਕਿ ਇਥੇ ਜਿਹੜਾ ਵੀ ਮੇਅਰ ਬਣਦਾ ਹੈ, ਉਹ ਬਾਅਦ ਵਿਚ ਸਿਆਸਤ ਵਿਚ ਓਨਾ ਸਰਗਰਮ ਨਹੀਂ ਰਹਿੰਦਾ। 1991 ਵਿਚ ਜਲੰਧਰ ਦੇ ਪਹਿਲੇ ਮੇਅਰ ਵਜੋਂ ਸਹੁੰ ਚੁੱਕਣ ਵਾਲੇ ਜੈਕਿਸ਼ਨ ਸੈਣੀ ਭਾਵੇਂ ਮੇਅਰ ਬਣ ਕੇ ਮੰਤਰੀ ਬਣ ਗਏ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਸਰਗਰਮ ਸਿਆਸਤ ਨੂੰ ਵੀ ਅਲਵਿਦਾ ਕਹਿ ਦਿੱਤਾ। ਉਸ ਤੋਂ ਬਾਅਦ 1997 ਤੋਂ 2002 ਤੱਕ ਭਾਜਪਾ ਆਗੂ ਸੁਰੇਸ਼ ਸਹਿਗਲ ਮੇਅਰ ਬਣੇ, ਜਿਨ੍ਹਾਂ ਨੇ ਬਾਅਦ ਵਿਚ ਵਿਧਾਨ ਸਭਾ ਚੋਣ ਲੜੀ ਪਰ ਜਿੱਤ ਨਾ ਸਕੇ। ਉਸ ਤੋਂ ਬਾਅਦ ਤੀਜੇ ਮੇਅਰ ਵਜੋਂ ਕਾਂਗਰਸ ਦੇ ਸੁਰਿੰਦਰ ਮਹੇ ਨੂੰ ਚੁਣਿਆ ਗਿਆ, ਜਿਨ੍ਹਾਂ 2002 ਤੋਂ 2007 ਤਕ ਸ਼ਹਿਰ ਦੇ ਪਹਿਲੇ ਨਾਗਰਿਕ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹੱਥ ਅਜ਼ਮਾਇਆ ਪਰ ਸਫਲ ਨਹੀਂ ਹੋਏ।

2007 ਤੋਂ 2012 ਤਕ ਚੌਥੇ ਮੇਅਰ ਵਜੋਂ ਰਾਕੇਸ਼ ਰਾਠੌਰ ਨੇ ਵਧੀਆ ਕੰਮ ਕੀਤਾ ਪਰ ਸਰਗਰਮ ਸਿਆਸਤ ਵਿਚ ਉਹ ਵੀ ਨਹੀਂ ਆ ਸਕੇ ਅਤੇ ਪਾਰਟੀ ਸੰਗਠਨ ਵਿਚ ਆਪਣੀਆਂ ਸੇਵਾਵਾਂ ਅੱਜ ਤਕ ਦਿੰਦੇ ਆ ਰਹੇ ਹਨ। 2012 ਤੋਂ 2017 ਤਕ ਸੁਨੀਲ ਜੋਤੀ ਵੀ ਭਾਜਪਾ ਵੱਲੋਂ ਮੇਅਰ ਬਣੇ ਪਰ ਬਾਅਦ ਵਿਚ ਉਨ੍ਹਾਂ ਤੋਂ ਵੀ ਐਕਟਿਵ ਪਾਲੀਟਿਕਸ ਨਹੀਂ ਹੋ ਸਕੀ। 2018 ਵਿਚ 6ਵੇਂ ਮੇਅਰ ਵਜੋਂ ਸਹੁੰ ਚੁੱਕਣ ਵਾਲੇ ਜਗਦੀਸ਼ ਰਾਜਾ ਦਾ ਕਾਰਜਕਾਲ ਭਾਵੇਂ ਸਮਾਪਤ ਹੋ ਗਿਆ ਹੈ ਪਰ ਮੰਨਿਆ ਇਹੀ ਜਾ ਰਿਹਾ ਹੈ ਕਿ ਅਗਲੀਆਂ ਨਿਗਮ ਚੋਣਾਂ ਵਿਚ ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਨਾ ਕੋਈ ਇਕ ਵਾਰਡ ਤੋਂ ਚੋਣ ਜ਼ਰੂਰ ਲੜੇਗਾ ਅਤੇ ਸ਼੍ਰੀ ਰਾਜਾ ਆਪਣੇ ਸ਼ਕਤੀ ਨਗਰ ਵਾਰਡ ਨੂੰ ਛੱਡਣਗੇ ਨਹੀਂ। ਉਂਝ ਭਵਿੱਖ ਦੀ ਰਣਨੀਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਸਟੀਕ ਜਵਾਬ ਨਹੀਂ ਦਿੱਤਾ।

PunjabKesari

ਆਪਣਿਆਂ ਨੂੰ ‘ਝੰਡੀ ਵਾਲੀ ਕਾਰ’ ਦਿਵਾਉਣ ਲਈ ਉਤਾਵਲੇ ਹਨ ‘ਆਪ’ ਆਗੂ
6ਵੇਂ ਮੇਅਰ ਦਾ ਕਾਰਜਕਾਲ ਮੰਗਲਵਾਰ ਸਮਾਪਤ ਹੋ ਗਿਆ ਹੈ ਅਤੇ 7ਵੇਂ ਮੇਅਰ ਦੀ ਚੋਣ ਵਿਚ ਅਜੇ ਕੁਝ ਮਹੀਨੇ ਬਾਕੀ ਹਨ ਕਿਉਂਕਿ ਅਜੇ ਤੱਕ ਨਵੀਆਂ ਨਿਗਮ ਚੋਣਾਂ ਲਈ ਵਾਰਡਬੰਦੀ ਹੀ ਫਾਈਨਲ ਨਹੀਂ ਹੋ ਸਕੀ। ਸੂਬੇ ਦੀ ਸੱਤਾ ’ਤੇ ਕਬਜ਼ਾ ਜਮਾ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਵੇਂ ਪੰਜਾਬ ਦੇ ਨਿਗਮਾਂ ’ਤੇ ਕਾਬਜ਼ ਹੋਣ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਜਲੰਧਰ ਦੇ ‘ਆਪ’ ਆਗੂ ਵੀ ਿਕਸੇ ਆਪਣੇ ਨੂੰ ਮੇਅਰ ਬਣਾਉਣ ਅਤੇ ਉਸ ਨੂੰ ਝੰਡੀ ਵਾਲੀ ਕਾਰ ਦਿਵਾਉਣ ਲਈ ਉਤਾਵਲੇ ਦਿਸ ਰਹੇ ਹਨ। ਜਲੰਧਰ ਸੈਂਟਰਲ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਦੀ ਗੱਲ ਕਰੀਏ ਤਾਂ ਉਹ ਆਪਣੇ ਪੁੱਤਰ ਰਾਜਨ, ਜਵਾਈ ਗੌਰਵ ਜਾਂ ਕੁੜਮ ਰਾਜੂ ਮਦਾਨ ਨੂੰ ਕੌਂਸਲਰ ਅਹੁਦੇ ਦੀ ਚੋਣ ਲੜਵਾ ਕੇ ਅੱਗੇ ਕਰ ਸਕਦੇ ਹਨ। ਇਸੇ ਤਰ੍ਹਾਂ ਹਲਕਾ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਆਪਣੇ ਭਰਾ ਰਾਜਨ ਅੰਗੁਰਾਲ ਜਾਂ ਸੰਨੀ ਅੰਗੁਰਾਲ ਨੂੰ ਫੇਵਰ ਦੇ ਸਕਦੇ ਹਨ।

ਇਹ ਵੀ ਪੜ੍ਹੋ :  ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਨੇ ਕੱਸੀ ਕਮਰ, ਸ਼ਹਿਰ ਦੀ ਸੁਰੱਖਿਆ ਲਈ ਬਣਾਈ ਇਹ ਯੋਜਨਾ

PunjabKesari

ਉੱਤਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਆਪਣੇ ਭਰਾ ਅਮਿਤ ਢੱਲ ਅਤੇ ਅਨਿਲ ਢੱਲ ਨੂੰ ਵੀ ਕੌਂਸਲਰ ਦੀ ਚੋਣ ਲੜਾ ਕੇ ਉਨ੍ਹਾਂ ਨੂੰ ਮੇਅਰ ਬਣਾਉਣ ਲਈ ਜ਼ੋਰ ਲਾ ਸਕਦੇ ਹਨ। ਇਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਵਿਨੀਤ ਧੀਰ ਆਦਿ ਵੀ ਮੇਅਰ ਅਹੁਦੇ ਲਈ ਕਦਮ ਵਧਾ ਸਕਦੇ ਹਨ। ਫਿਲਹਾਲ ਇਸ ਮਾਮਲੇ ਵਿਚ ਅਜੇ ਬਹੁਤ ਕੁਝ ਉਲਟਫੇਰ ਹੋਣਾ ਹੈ ਅਤੇ ‘ਆਪ’ ਦਾ ਸੰਗਠਨ ਵੀ ਇਸ ਮਾਮਲੇ ਵਿਚ ਕਿਸੇ ਹੋਰ ਨੂੰ ਅੱਗੇ ਕਰ ਸਕਦਾ ਹੈ। ਇਹ ਵੀ ਅਜੇ ਪੂਰੀ ਤਰ੍ਹਾਂ ਤੈਅ ਨਹੀਂ ਹੈ ਕਿ ਅਗਲਾ ਮੇਅਰ ‘ਆਪ’ ਤੋਂ ਹੀ ਬਣੇਗਾ ਕਿਉਂਕਿ ਕਾਂਗਰਸ ਜਿੱਥੇ ਆਪਣੇ ਲਗਭਗ 60 ਮੌਜੂਦਾ ਕੌਂਸਲਰਾਂ ਨਾਲ ਚੋਣ ਮੈਦਾਨ ਵਿਚ ਉਤਰੇਗੀ, ਉਥੇ ਹੀ ਆਮ ਆਦਮੀ ਪਾਰਟੀ ਨੂੰ ਆਪਣਾ ਸਫ਼ਰ ਜ਼ੀਰੋ ਤੋਂ ਸ਼ੁਰੂ ਕਰਨਾ ਹੋਵੇਗਾ।
ਤੇਜ਼ੀ ਨਾਲ ਵਧ ਰਿਹੈ ਜਲੰਧਰ

1857 ’ਚ ਜਲੰਧਰ ਮਿਊਂਸੀਪਲ ਕਮੇਟੀ ਦੀ ਸ਼੍ਰੇਣੀ ਵਿਚ ਆਇਆ ਸੀ ਪਰ 1950 ਵਿਚ ਇਸ ਨੂੰ ‘ਕਲਾਸ ਵਨ ਕਮੇਟੀ’ ਐਲਾਨਿਆ ਗਿਆ। 5 ਜੁਲਾਈ 1977 ਨੂੰ ਜਲੰਧਰ ਵਿਚ ਨਗਰ ਨਿਗਮ ਬਣ ਗਿਆ, ਉਸ ਸਮੇਂ ਜਲੰਧਰ ਦੀ ਆਬਾਦੀ 3.62 ਲੱਖ ਹੁੰਦੀ ਸੀ। ਇਸ ਤੋਂ ਬਾਅਦ ਪੰਜਾਬ ਵਿਚ ਅੱਤਵਾਦ ਸ਼ੁਰੂ ਹੋ ਗਿਆ, ਜਿਸ ਕਾਰਨ ਨਗਰ ਨਿਗਮ ਦੀਆਂ ਚੋਣਾਂ ਹੀ ਨਹੀਂ ਹੋਈਆਂ। ਅੱਤਵਾਦ ਵਿਚ ਕਮੀ ਆਉਣ ਤੋਂ ਬਾਅਦ 1991 ਵਿਚ ਜਲੰਧਰ ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ਹੋਈਆਂ, ਉਦੋਂ ਜਲੰਧਰ ਦੀ ਆਬਾਦੀ 5.15 ਲੱਖ ਹੁੰਦੀ ਸੀ, ਹੁਣ ਜਲੰਧਰ ਨਿਗਮ ਦੇ 7ਵੇਂ ਕਾਰਜਕਾਲ ਦੀਆਂ ਚੋਣਾਂ ਹੋਣੀਆਂ ਹਨ ਅਤੇ ਇਸ ਸ਼ਹਿਰ ਦੀ ਆਬਾਦੀ ਹੁਣ 12-13 ਲੱਖ ਤੋਂ ਵੀ ਜ਼ਿਆਦਾ ਅਾਂਕੀ ਜਾ ਰਹੀ ਹੈ। 12 ਪਿੰਡ ਇਸ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਇਸਦੇ ਏਰੀਆ ਵਿਚ ਵੀ ਕਾਫ਼ੀ ਵਿਸਤਾਰ ਹੋਇਆ ਹੈ। ਇਸ ਵਾਰ ਜਲੰਧਰ ਨਿਗਮ ਵਿਚ 85 ਵਾਰਡਾਂ ਦੀਆਂ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮਨੋਬਲ ਵਧਿਆ, ਗੈਂਗਸਟਰਾਂ ਦਾ ਖ਼ਾਤਮਾ ਕਰਕੇ ਹੀ ਸਾਹ ਲਵਾਂਗੇ: ਗੌਰਵ ਯਾਦਵ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News