ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ

Sunday, Aug 25, 2024 - 11:26 AM (IST)

ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ

ਚੰਡੀਗੜ੍ਹ (ਪਾਲ) : ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਤੇ ਸੋਮਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਦੋਵੇਂ ਦਿਨ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਸ਼ਨੀਵਾਰ ਨੂੰ ਵੀ ਸ਼ਹਿਰ ਦੇ ਕੁੱਝ ਹਿੱਸਿਆਂ ’ਚ ਸਵੇਰੇ 6 ਤੋਂ 7 ਵਜੇ ਤੱਕ ਅਤੇ ਦੁਪਹਿਰ ਤੋਂ ਸ਼ਾਮ ਤੱਕ ਰੁਕ-ਰੁਕ ਕੇ ਮੀਂਹ ਪਿਆ। ਸਵੇਰੇ 8.30 ਤੋਂ ਸ਼ਾਮ 5.30 ਵਜੇ ਤੱਕ 8.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ 11.7 ਮਿਲੀਮੀਟਰ ਮੀਂਹ ਪਿਆ ਪਰ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਰਿਹਾ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਇਸ ਵਾਰ ਮਾਨਸੂਨ ਸੀਜ਼ਨ ਕਮਜ਼ੋਰ ਰਿਹਾ। ਹੁਣ ਤੱਕ ਆਮ ਨਾਲੋਂ ਕਰੀਬ 22 ਫ਼ੀਸਦੀ ਮੀਂਹ ਘੱਟ ਪਿਆ। ਇਸ ਕਾਰਨ ਗਰਮੀ ਤੇ ਹੁੰਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।
320 ਮਿਲੀਮੀਟਰ ਘੱਟ ਵਰ੍ਹੇ ਬੱਦਲ
ਮਾਨਸੂਨ ਸੀਜ਼ਨ ਚਾਰ ਮਹੀਨੇ 1 ਜੂਨ ਤੋਂ 30 ਸਤੰਬਰ ਤੱਕ ਰਹਿੰਦਾ ਹੈ। ਚੰਡੀਗੜ੍ਹ ’ਚ ਆਮ ਮੀਂਹ ਦਾ ਕੋਟਾ 844.8 ਮਿਲੀਮੀਟਰ ਹੈ ਪਰ ਹੁਣ ਤੱਕ 520.9 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਮੀਂਹ ਨਾਲੋਂ 20.8 ਫ਼ੀਸਦੀ ਘੱਟ ਹੈ। ਅਗਸਤ ਖ਼ਤਮ ਹੋਣ ’ਚ ਹਫ਼ਤਾ ਬਾਕੀ ਹੈ ਤੇ ਹਾਲੇ 266.9 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਜੁਲਾਈ ’ਚ 236 ਤੇ ਜੂਨ ’ਚ 9.9 ਮਿਲੀਮੀਟਰ ਮੀਂਹ ਪਿਆ ਸੀ। ਮੌਸਮ ਵਿਭਾਗ ਨੇ ਇਸ ਵਾਰ ਚੰਗੇ ਮਾਨਸੂਨ ਦੇ ਸੰਕੇਤ ਦਿੱਤੇ ਸਨ। ਇਸ ਦੇ ਬਾਵਜੂਦ ਜੂਨ ਤੇ ਜੁਲਾਈ ਲਗਭਗ ਸੁੱਕੇ ਰਹੇ। ਜੂਨ ’ਚ ਆਮ ਮੀਂਹ ਦਾ ਕੋਟਾ 155.5 ਮਿਲੀਮੀਟਰ ਹੈ ਤੇ ਪਿਆ 9.9 ਐੱਮ.ਐੱਮ. ਹੈ। ਜੁਲਾਈ ’ਚ 283.5 ਮਿ.ਮੀ. ਮੀਂਹ ਆਮ ਮੰਨਿਆ ਜਾਂਦਾ ਹੈ।
2020 ’ਚ ਅਗਸਤ ’ਚ ਰਿਕਾਰਡ 441.3 ਮਿਲੀਮੀਟਰ ਬਾਰਸ਼
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਮਾਨਸੂਨ ਸੀਜ਼ਨ ਲਈ ਬਰਸਾਤ ਦਾ ਕੋਟਾ ਪੂਰਾ ਹੋ ਸਕਦਾ ਹੈ। ਅਗਸਤ ਨੂੰ ਮਾਨਸੂਨ ਸੀਜ਼ਨ ਦਾ ਸਿਖਰ ਮੰਨਿਆ ਜਾਂਦਾ ਹੈ ਕਿਉਂਕਿ ਸ਼ਹਿਰ ’ਚ ਚੰਗੀ ਬਾਰਿਸ਼ ਹੁੰਦੀ ਹੈ। ਇਸ ਤੋਂ ਪਹਿਲਾਂ 2020 ’ਚ ਪੂਰੇ ਅਗਸਤ ’ਚ ਸਭ ਤੋਂ ਵੱਧ 441.3 ਮਿਲੀਮੀਟਰ ਬਾਰਿਸ਼ ਹੋਈ ਸੀ ਜੋ ਪਿਛਲੇ 10 ਸਾਲਾਂ ਦਾ ਰਿਕਾਰਡ ਹੈ।


author

Babita

Content Editor

Related News