ਜਲ ਸੁਰੱਖਿਆ ਮੁਹਿੰਮ ਨੂੰ ਸਫਲ ਬਣਾਉਣ ''ਚ ਮੀਡੀਆ ਦੀ ਭਾਈਵਾਲੀ ਜ਼ਰੂਰੀ : ਸੁਭਾਸ਼ ਚੰਦਰ

08/05/2019 6:30:24 PM

ਸੰਗਰੂਰ (ਬੇਦੀ,ਹਰਜਿੰਦਰ, ਯਾਦਵਿੰਦਰ) : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਦੇਸ਼ ਵਿਆਪੀ ਪ੍ਰੋਗਰਾਮ ਅਧੀਨ  ਪੱਤਰ ਸੂਚਨਾ ਦਫਤਰ ਜਲੰਧਰ ਵੱਲੋਂ ਸੰਗਰੂਰ ਵਿਚ ਸੋਮਵਾਰ ਨੂੰ ਇਕ ਦਿਨਾਂ ਮੀਡੀਆ ਵਰਕਸ਼ਾਪ 'ਵਾਰਤਾਲਾਪ' ਦਾ ਆਯੋਜਨ ਕੀਤਾ ਗਿਆ। ਪੱਤਰ ਸੂਚਨਾ ਦਫਤਰ ਚੰਡੀਗੜ੍ਹ ਵਿਚ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀਮਤੀ ਦੇਵਪ੍ਰੀਤ ਸਿੰਘ (ਆਈਏਐਸ) ਦੇ ਮਾਰਗ ਦਰਸ਼ਨ ਅਤੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਦਿਹਾਤੀ ਖੇਤਰਾਂ ਵਿਚ ਕੰਮ ਕਰਦੇ ਪੱਤਰਕਾਰਾਂ ਨਾਲ ਸੰਵਾਦ ਨੂੰ ਵਧਾਉਣਾ ਅਤੇ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮੀਡੀਆ ਦੀ ਮਦਦ ਲੈਣਾ ਰਿਹਾ।
ਸੰਗਰੂਰ ਦੇ ਹਰਮਨ ਹੋਟਲ ਐਂਡ ਰੈਸਟੋਰੈਂਟ ਵਿਚ ਇਸ ਵਰਕਸ਼ਾਪ ਦਾ ਉਦਘਾਟਨ ਸੰਗਰੂਰ ਜ਼ਿਲੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਕੀਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ 'ਜਲ ਸ਼ਕਤੀ ਮੁਹਿੰਮ - ਮੀਡੀਆ ਦੀ ਸਰਗਰਮ ਭੂਮਿਕਾ' ਵਿਸ਼ੇ 'ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਦੇਸ਼ ਭਰ ਵਿਚ ਘੱਟ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਪਾਣੀ ਦੇ ਬਚਾਅ ਪ੍ਰਤੀ ਸਮਾਜ ਦੇ ਹਰ ਵਿਅਕਤੀ ਨੂੰ ਜਾਗਰੂਕ ਹੋਣ ਦੀ ਲੋੜ ਹੈ। 
ਸੁਭਾਸ਼ ਚੰਦਰ ਨੇ ਕਿਹਾ ਕਿ ਇਸ ਦਿਸ਼ਾ ਵਿਚ ਸਰਕਾਰ ਅਤੇ ਪ੍ਰਸ਼ਾਸਨ ਦੇ ਯਤਨ ਤਾਂ ਹੀ ਸਫਲ ਹੋ ਸਕਦੇ ਹਨ ਜੇ ਪਾਣੀ ਦੇ ਬਚਾਅ ਨੂੰ ਲੈ ਕੇ ਮੀਡੀਆ ਆਮ ਲੋਕਾਂ, ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਵਿਚ ਜਨ ਚੇਤਨਾ ਲਿਆਵੇ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਵੱਖ ਵੱਖ ਵਿਕਾਸ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮੀਡੀਆ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਪ੍ਰਸ਼ਾਸਨ ਨਾਲ ਸਹਿਯੋਗ ਲਈ ਮੀਡੀਆ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿਚ ਪੱਤਰਕਾਰ ਆਪਣਾ ਸਹਿਯੋਗ ਇਸੇ ਤਰ੍ਹਾਂ ਜਾਰੀ ਰੱਖਣਗੇ। 
ਪੱਤਰ ਸੂਚਨਾ ਦਫਤਰ ਚੰਡੀਗੜ੍ਹ ਵਿਚ ਸਹਾਇਕ ਨਿਰਦੇਸ਼ਕ ਕੁਮਾਰੀ ਸਪਨਾ ਨੇ ਇਸ ਵਰਕਸ਼ਾਪ ਵਿਚ ਪੱਤਰ ਸੂਚਨਾ ਦਫਤਰ ਦੀ ਕਾਰਜ ਪ੍ਰਣਾਲੀ ਤੋਂ ਪ੍ਰਤੀਭਾਗੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੱਤਰ ਸੂਚਨਾ ਦਫਤਰ ਭਾਰਤ ਸਰਕਾਰ ਅਤੇ ਪੱਤਰਕਾਰਾਂ ਦਰਮਿਆਨ ਇਕ ਕੜੀ ਦਾ ਕੰਮ ਕਰਦਾ ਹੈ ਅਤੇ ਇਸ ਵਰਕਸ਼ਾਪ ਦਾ ਉਦੇਸ਼ ਹੇਠਲੇ ਪੱਧਰ ਉੱਤੇ ਪੱਤਰਕਾਰਾਂ ਨਾਲ ਸੰਵਾਦ ਨੂੰ ਵਧਾਉਣਾ ਹੈ।

ਬਲਾਕ ਮਿਸ਼ਨ ਮੈਨੇਜਰ ਜਸਵਿੰਦਰ ਕੌਰ ਨੇ 'ਰਾਸ਼ਟਰੀ ਦਿਹਾਤੀ ਆਜੀਵਕਾ ਮਿਸ਼ਨ - ਦਿਹਾਤੀ ਅਰਥ ਵਿਵਸਥਾ ਲਈ ਵਰਦਾਨ' ਵਿਸ਼ੇ 'ਤੇ ਆਪਣੇ ਵਿਚਾਰ ਰੱਖੇ ਅਤੇ ਦੱਸਿਆ ਕਿ ਸੁਨਾਮ ਦੀ ਚੋਣ ਰਿਸੋਰਸ ਬਲਾਕ ਵਜੋਂ ਕੀਤੀ ਗਈ ਹੈ ਤਾਂ ਕਿ ਉਥੇ ਔਰਤਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਗਰੀਬ ਔਰਤਾਂ ਨੂੰ ਰੁਜ਼ਗਾਰ ਦੇਣਾ ਅਤੇ ਗਰੀਬੀ ਨੂੰ ਘੱਟ ਕਰਨਾ ਹੈ।
'ਪ੍ਰਧਾਨ ਮੰਤਰੀ ਆਵਾਸ ਯੋਜਨਾ - ਗਰੀਬਾਂ ਦੀ ਮਦਦਗਾਰ' ਵਿਸ਼ੇ ਉੱਤੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਕੋ-ਆਰਡੀਨੇਟਰ ਸਰਗੁਨ ਪਾਲ ਕੌਰ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਯੋਜਨਾ ਦੇ ਜ਼ਰੀਏ ਸਾਲ 2022 ਤੱਕ ਸਾਰੇ ਬੇਘਰਾਂ ਨੂੰ ਰਿਹਾਇਸ਼ ਦੇਣ ਦੀ ਯੋਜਨਾ ਹੈ। ਇਸ ਯੋਜਨਾ ਵਿਚ ਕੇਂਦਰ ਸਰਕਾਰ ਵੱਲੋਂ 60 ਅਤੇ ਰਾਜ ਸਰਕਾਰ ਵੱਲੋਂ 40 ਫੀਸਦੀ ਦੀ ਮਦਦ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਸਿੱਧਾ ਪੈਸਾ ਲਾਭਕਾਰੀਆਂ ਦੇ ਬੈਂਕ ਖਾਤੇ ਵਿਚ ਜਾਂਦਾ ਹੈ।

ਐਡੀਸ਼ਨਲ ਪ੍ਰੋਗਰਾਮ ਅਧਿਕਾਰੀ ਅਮਰਜੀਤ ਸਿੰਘ ਨੇ ਖਾਹਿਸ਼ੀ ਯੋਜਨਾ 'ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਗਾਰੰਟੀ ਕਾਨੂੰਨ - ਦਿਹਾਤੀ ਭਾਰਤ ਨੂੰ ਬਦਲਣ ਵਿੱਚ ਮਦਦਗਾਰ' ਵਿਸ਼ੇ 'ਤੇ ਬੋਲਦੇ ਹੋਏ ਦੱਸਿਆ ਕਿ ਇਸ ਯੋਜਨਾ ਨਾਲ ਪਿੰਡਾਂ ਦਾ ਵਿਕਾਸ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਨਾਲ ਖਾਸ ਤੌਰ ਤੇ ਦਿਹਾਤੀ ਚੌਗਿਰਦੇ ਵਾਲੀਆਂ  ਔਰਤਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਉਹ ਆਤਮ ਨਿਰਭਰ ਬਣ ਰਹੀਆਂ ਹਨ।


ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਚ ਪੱਤਰਕਾਰਤਾ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਰੂਬਲ ਕਨੌਜੀਆ ਨੇ ਸੋਸ਼ਲ ਮੀਡੀਆ - ਰਵਾਇਤੀ ਮੀਡੀਆ ਲਈ ਇਕ ਚੁਣੌਤੀ ਅਤੇ ਸੋਸ਼ਲ ਮੀਡੀਆ ਦੇ ਫਾਇਦੇ ਅਤੇ ਨੁਕਸਾਨ' ਵਿਸ਼ੇ 'ਤੇ ਪੱਤਰਕਾਰਾਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਮੀਡੀਆ ਪ੍ਰਤੀਨਿਧੀਆਂ ਨੂੰ ਕਿਹਾ ਕਿ ਮਜ਼ਬੂਤ ਮੀਡੀਆ ਦੀ ਜ਼ਿੰਮੇਵਾਰੀ ਯੋਜਨਾਵਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਹੈ। ਪ੍ਰੋ. ਰੂਬਲ ਕਨੌਜੀਆ ਨੇ ਮੀਡੀਆ ਤੋਂ ਸਮਾਜ ਵਿਚ ਵੱਖ  ਵੱਖ ਪੱਧਰਾਂ ਉੱਤੇ ਅਫਵਾਹਾਂ ਦੇ ਵਧਦੇ ਰੁਝਾਨ ਉੱਤੇ ਚਿੰਤਾ ਜਤਾਈ ਅਤੇ ਪੱਤਰਕਾਰਾਂ ਨੂੰ ਇਸ ਦਿਸ਼ਾ ਵਿਚ ਜਾਗਰੂਕ ਹੋਣ ਲਈ ਕਿਹਾ।

Gurminder Singh

This news is Content Editor Gurminder Singh