ਵ੍ਹਿਜ ਪਾਵਰ ਕੰਪਨੀ ਵਲੋਂ ਕਰੋੜਾਂ ਰੁਪਏ ਦੇ ਫਰਾਡ ਮਾਮਲੇ ''ਚ ਪੁਲਸ ਵਲੋਂ ਜਾਂਚ ਸ਼ੁਰੂ

Tuesday, Jul 28, 2020 - 02:15 PM (IST)

ਵ੍ਹਿਜ ਪਾਵਰ ਕੰਪਨੀ ਵਲੋਂ ਕਰੋੜਾਂ ਰੁਪਏ ਦੇ ਫਰਾਡ ਮਾਮਲੇ ''ਚ ਪੁਲਸ ਵਲੋਂ ਜਾਂਚ ਸ਼ੁਰੂ

ਜਲੰਧਰ (ਵਰੁਣ): ਓ.ਐੱਲ,ਐੱਸ. ਵ੍ਹਿਜ ਪਾਵਰ ਕੰਪਨੀ ਵਲੋਂ ਕੀਤੇ ਕਰੋੜਾਂ ਰੁਪਏ ਦੇ ਫਰਾਡ ਮਾਮਲੇ 'ਚ ਦੋਸ਼ੀ ਗਗਨਦੀਪ ਸਿੰਘ ਨੂੰ ਲੈ ਕੇ ਪੁਲਸ ਪੀ.ਪੀ.ਆਰ. ਮਾਲ ਸਥਿਤ ਕੰਪਨੀ ਦੇ ਦਫਤਰ ਪਹੁੰਚੀ। ਪੁਲਸ ਨੇ ਆਫਿਸ ਖੋਲ੍ਹ ਕੇ ਅੰਦਰੋਂ ਕੁੱਝ ਦਸਤਾਵੇਜ ਅਤੇ ਕੰਪਿਊਟਰ ਵੀ ਜ਼ਬਤ ਕੀਤੇ ਹਨ। ਗਗਨਦੀਪ ਦੀ ਸੋਮਵਾਰ ਨੂੰ ਹੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਸੀ, ਜਿਸ ਦੇ ਬਾਅਦ ਇਸ ਮਾਮਲੇ 'ਚ ਪੁਲਸ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੱਸ ਦੇਈਏ ਕਿ ਗੋਲਡ ਕਿੱਟੀ ਦਾ ਝਾਂਸਾ ਦੇ ਕੇ ਵ੍ਹਿਜ ਪਾਵਰ ਕੰਪਨੀ ਨੇ ਲੋਕਾਂ ਕੋਲੋਂ ਕਰੋੜਾਂ ਰੁਪਏ ਠੱਗ ਲਏ ਸਨ। ਇਸ ਮਾਮਲੇ 'ਚ ਪੁਲਸ ਨੇ ਰੰਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਸ਼ੀਲਾ ਦੇਵੀ ਨੂੰ ਨਾਮਜ਼ਦ ਕੀਤਾ ਸੀ। ਅਜੇ ਵੀ ਸ਼ੀਲਾ ਦੇਵੀ ਅਤੇ ਗੁਰਮਿੰਦਰ ਸਿੰਘ ਫਰਾਰ ਹਨ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਸੰਗਰੂਰ ਜ਼ਿਲ੍ਹੇ 'ਚ 2 ਮੌਤਾਂ

ਜ਼ਿਕਰਯੋਗ ਹੈ ਕਿ ਓ. ਐੱਲ.ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਕਰੋੜਾਂ ਰੁਪਏ ਦੀ ਨਿਵੇਸ਼ਕਾਂ ਨਾਲ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਉਕਤ ਕੰਪਨੀ ਵਿਚ ਇਕ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਕੰਪਨੀ ਦੇ ਮਾਲਕ ਗੋਲਡ ਕਿੱਟੀ ਦੇ ਨਾਂ ’ਤੇ ਲੋਕਾਂ ਨੂੰ ਲਾਲਚ ਦੇ ਕੇ ਕੰਪਨੀ ਵਿਚ ਪੈਸੇ ਲਵਾਉਂਦੇ ਸਨ। ਕੰਪਨੀ ਦੀਆਂ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਬ੍ਰਾਂਚਾਂ ਹਨ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। 22 ਜੁਲਾਈ ਨੂੰ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ, ਜਦਕਿ ਗੁਰਮਿੰਦਰ ਸਿੰਘ ਅਤੇ ਸ਼ੀਲਾ ਦੇਵੀ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਜ਼ਿਲ੍ਹਾ ਫਿਰਜ਼ੋਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 27 ਨਵੇਂ ਮਾਮਲਿਆਂ ਦੀ ਹੋਈ 

ਬੈਂਕ ਖਾਤੇ ’ਚ ਪੂਰੇ ਸਾਲ ’ਚ ਜਮ੍ਹਾ ਹੋਏ ਸਵਾ ਕਰੋੜ

‘ਜਗ ਬਾਣੀ’ ਕੋਲ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੀ ਇਕ ਬੈਂਕ ਸਟੇਟਮੈਂਟ ਆਈ ਹੈ। ਕੰਪਨੀ ਦੇ ਇਸ ਬੈਂਕ ਖਾਤੇ ਵਿਚ 1,23,61,898 ਰੁਪਏ ਜਮ੍ਹਾ ਹੋਏ ਸਨ। ਜਿਉਂ-ਜਿਉਂ ਹੀ ਖਾਤੇ ਵਿਚ ਪੈਸੇ ਆਉਂਦੇ ਰਹੇ, ਤਿਉਂ-ਤਿਉਂ ਕਢਵਾਏ ਜਾਂਦੇ ਰਹੇ। ਜਨਵਰੀ 2020 ਵਿਚ ਇਸ ਕੰਪਨੀ ਨੇ ਠੱਗੀ ਮਾਰਨ ਦੀ ਯੋਜਨਾ ਬਣਾਈ ਸੀ। ਇਸੇ ਲਈ ਉਕਤ ਬੈਂਕ ਖਾਤੇ ਵਿਚ 2,55,331 ਰੁਪਏ ਬਚੇ ਸਨ, ਜੋ ਕਿ 21 ਜਨਵਰੀ 2020 ਨੂੰ ਆਰ. ਟੀ. ਜੀ. ਐੱਸ. ਜ਼ਰੀਏ ਕਢਵਾ ਲਏ ਗਏ ਅਤੇ ਖਾਤੇ ਵਿਚ ਸਿਰਫ 11 ਰੁਪਏ ਰਹਿ ਗਏ।

ਸਾਰੇ ਬੈਂਕ ਖਾਤਿਆਂ ਵਿਚੋਂ ਮਿਲੇ ਕੁਲ ਸਾਢੇ ਤਿੰਨ ਲੱਖ

ਪੁਲਸ ਕੋਲ ਕੰਪਨੀ ਅਤੇ ਕੰਪਨੀ ਦੇ ਮਾਲਕਾਂ ਦੇ ਜ਼ਿਆਦਾਤਰ ਬੈਂਕ ਖਾਤਿਆਂ ਦੀ ਸਟੇਟਮੈਂਟ ਆ ਗਈ ਹੈ। ਕੁਲ ਮਿਲਾ ਕੇ ਸਾਰੇ ਬੈਂਕ ਖਾਤਿਆਂ ਵਿਚੋਂ ਸਾਢੇ 3 ਲੱਖ ਰੁਪਏ ਹੀ ਪਏ ਹਨ। ਏ. ਸੀ. ਪੀ. ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਲੋਕਾਂ ਕੋਲੋਂ ਸਾਢੇ 3 ਲੱਖ ਰੁਪਏ ਮਿਲ ਸਕੇ ਹਨ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਜਲਦ ਨਵਾਂ ਮੋੜ ਆਵੇਗਾ।


author

Shyna

Content Editor

Related News