ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ : ਵਿੰਨੀ ਮਹਾਜਨ
Wednesday, Jan 03, 2018 - 09:38 AM (IST)
ਰੂਪਨਗਰ (ਵਿਜੇ) - ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਵਿਕਸਿਤ ਕੀਤੀਆਂ ਸ਼ਹਿਰੀ ਮਿਲਖਾਂ 'ਚ ਅਤਿ-ਆਧੁਨਿਕ ਸਹੂਲਤਾਂ ਜਲਦ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ 'ਚ ਪਾਣੀ ਦੀ ਸੌ ਫੀਸਦੀ ਸਪਲਾਈ, ਸਮਾਰਟ ਵਾਟਰ ਮੀਟਰਿੰਗ, ਵਾਟਰ ਟਰੀਟਮੈਂਟ ਪਲਾਂਟ ਅਤੇ ਹੋਰ ਕੰਮਾਂ ਦੇ ਏਜੰਡੇ ਵੀ ਸ਼ਾਮਲ ਹਨ।
ਇਹ ਗੱਲ ਪੰਜਾਬ ਭਵਨ 'ਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੰਨੀ ਮਹਾਜਨ ਚੇਅਰਪਰਸਨ ਗਮਾਡਾ ਵੱਲੋਂ ਕਹੀ ਗਈ। ਉਨ੍ਹਾਂ ਕਿਹਾ ਕਿ ਗ੍ਰੇਟਰ ਮੋਹਾਲੀ ਏਰੀਏ 'ਚ ਕਿਫਾਇਤੀ ਮਕਾਨਾਂ, ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਚਲਾਉਣ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਲਈ ਗਮਾਡਾ ਵੱਲੋਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਨਿਊ ਚੰਡੀਗੜ੍ਹ 'ਚ 560 ਏਕੜ ਭੋਂ ਪ੍ਰਾਪਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਇਸ ਸਾਲ 'ਚ ਮੁਕੰਮਲ ਹੋ ਜਾਵੇਗਾ।
ਜਦੋਂਕਿ ਐੱਸ.ਏ.ਐੱਸ. ਨਗਰ ਮਾਸਟਰ ਪਲਾਨ 'ਚ ਪਿੰਡ ਬਾਕਰਪੁਰ, ਨਰਾਇਣਗੜ੍ਹ, ਕਿਸ਼ਨਪੁਰਾ, ਸਫੀਪੁਰ ਆਦਿ 'ਚ ਪੈਂਦੀ ਕਰੀਬ 5438 ਏਕੜ ਜ਼ਮੀਨ ਦਾ ਸਮਾਜਿਕ ਪ੍ਰਭਾਵ ਮੁਲਾਂਕਣ ਮੁਕੰਮਲ ਕੀਤਾ ਜਾਵੇਗਾ।
ਏਅਰਪੋਰਟ ਨੇੜੇ ਇਕ ਸਾਈਟ 5 ਸਿਤਾਰਾ ਹੋਟਲ ਵਜੋਂ ਵਿਕਸਿਤ ਕਰਨ ਲਈ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਆਈ.ਟੀ. ਸਿਟੀ ਮੋਹਾਲੀ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਦੀ ਸਥਾਪਨਾ ਲਈ 50 ਏਕੜ ਜ਼ਮੀਨ ਅਲਾਟ ਕਰਨ ਲਈ ਕੰਪਨੀਆਂ ਤੋਂ 15 ਜਨਵਰੀ ਤੱਕ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਆਈ.ਟੀ. ਦੇ ਖੇਤਰ 'ਚ ਕਈ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ 'ਚ ਫਸਟ ਇਨ ਫਸਟ ਆਊਟ (ਅੱੈਫ.ਆਈ.ਐੱਫ.ਓ.) ਸੇਵਾ, ਸਿੰਗਲ ਵਿੰਡੋ ਪੋਰਟਲ ਕਲੀਅਰੈਂਸ, ਹਿਊਮਨ ਰਿਸੋਰਜ਼ ਮੈਨੇਜਮੈਂਟ ਸਿਸਟਮ, ਪ੍ਰਾਪਰਟੀ ਮੈਨੇਜਮੈਂਟ ਸਿਸਟਮ ਦੇ ਨਾਲ-ਨਾਲ ਵਸਨੀਕਾਂ ਨੂੰ ਉਨ੍ਹਾਂ ਦੀ ਪ੍ਰਾਪਰਟੀ ਸਬੰਧੀ ਜਾਣਕਾਰੀ ਦੇਣ ਲਈ ਐੱਮ ਪੁੱਡਾ ਐਪ ਅਤੇ ਅਣ-ਅਧਿਕਾਰਤ ਕਾਲੋਨੀਆਂ ਅਤੇ ਉਸਾਰੀਆਂ ਨੂੰ ਰੋਕਣ ਲਈ ਪੁੱਡਾ-ਯੂ.ਸੀ.ਆਈ.ਸੀ. ਐਪ ਲਾਂਚ ਕੀਤੇ ਗਏ ਹਨ।
