ਆਦਰਸ਼ਪੁਣੇ ਤੋਂ ਕੋਹਾਂ ਦੂਰ ਹੈ ਬੀਬਾ ਬਾਦਲ ਦਾ ਗੋਦ ਲਿਆ ਪਿੰਡ

Thursday, Mar 14, 2019 - 01:28 PM (IST)

ਲੰਬੀ - ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਮਾਨ (ਹਲਕਾ ਲੰਬੀ) 'ਚ ਆਦਰਸ਼ਪੁਣੇ ਵਾਲਾ ਕੋਈ ਵਿਲੱਖਣ 'ਗੁਣ' ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਇਹ ਪਿੰਡ ਅੱਜ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਪਿੰਡ 'ਚ ਰਹਿਣ ਵਾਲੇ ਲੋਕਾਂ ਲਈ ਸਿਹਤ ਸਹੂਲਤ, ਬੈਂਕ, ਸਹਿਕਾਰੀ ਸੁਸਾਇਟੀ ਅਤੇ ਸ਼ੁੱਧ ਪਾਣੀ ਇਕ ਸੁਪਨਾ ਦੀ ਤਰ੍ਹਾਂ ਹਨ। ਦੱਸ ਦੇਈਏ ਕਿ ਇਸ ਪਿੰਡ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 15 ਨਵੰਬਰ 2014 ਨੂੰ ਗੋਦ ਲਿਆ ਸੀ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਆਦਰਸ਼ ਹਾਲਾਤ ਤਹਿਤ ਨਾ ਪਿੰਡ ਵਾਸੀਆਂ ਦੀ ਸੋਚ 'ਚ ਸਵੱਛਤਾ ਵਾਲੀ ਜਾਗਰੂਕਤਾ ਆਈ ਅਤੇ ਨਾ ਹੀ ਪ੍ਰਸ਼ਾਸਨ ਅਤੇ ਪੰਚਤੰਤਰ ਦੇ ਅਲੰਬਰਦਾਰ ਸਾਰਥਿਕਤਾ ਨਾਲ ਭੂਮਿਕਾ ਨਿਭਾ ਸਕੇ। ਘਰਾਂ ਮੂਹਰੇ ਤੇ ਗਲੀਆਂ 'ਚ ਰੂੜੀਆਂ ਆਦਰਸ਼ ਰੁਤਬੇ 'ਤੇ ਬਦਨੁਮਾ ਦਾਗ ਵਾਂਗ ਹਨ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਡੇਢ ਸਾਲ ਤੋਂ ਆਦਰਸ਼ ਗ੍ਰਾਮ ਦਾ ਬਹੁਕਰੋੜੀ ਵਾਟਰ ਵਰਕਸ ਬਿਨਾਂ ਫਿਲਟਰ ਕੀਤੇ ਪਿੰਡ ਵਾਸੀਆਂ ਨੂੰ 'ਦੂਸ਼ਿਤ' ਪਾਣੀ ਸਪਲਾਈ ਕਰ ਰਿਹਾ ਹੈ। ਵਾਟਰ ਵਰਕਸ 'ਚ ਪਾਣੀ ਨੂੰ ਸ਼ੁੱਧ ਕਰਨ ਲਈ ਬਣਾਏ ਕੰਪੈਕਟ ਟਰੀਟਮੈਂਟ ਪਲਾਂਟ ਦੇ ਟੈਂਕਾਂ 'ਚ ਅੱਕ ਅਤੇ ਟਾਹਲੀਆਂ ਉੱਗ ਆਈਆਂ ਹਨ। ਦੂਸ਼ਿਤ ਪਾਣੀ ਪੀਣ ਕਾਰਨ ਪਿੰਡ 'ਚ ਪੇਟ ਦੀਆਂ ਬਿਮਾਰੀਆਂ ਦੀ ਭਰਮਾਰ ਅਤੇ ਦਰਜਨ ਦੇ ਕਰੀਬ ਲੋਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਕੇਂਦਰੀ ਵਜ਼ੀਰ ਨੇ ਅਕਾਲੀ ਸਰਕਾਰ ਸਮੇਂ ਪਿੰਡ ਮਾਨ ਨੂੰ ਆਦਰਸ਼ ਬਣਾਉਣ ਲਈ ਕਈ ਉਪਰਾਲੇ ਕੀਤੇ, ਜਿਨ੍ਹਾਂ ਤਹਿਤ ਇੱਥੇ ਪੰਚਾਇਤ ਘਰ, ਕਮਿਊਨਿਟੀ ਸ਼ੈੱਡ, ਜਿਮ, ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵਾਂ ਛੱਪੜ ਬਣਾਇਆ ਗਿਆ। ਗੁਰਦੁਆਰੇ ਨੇੜਲੇ ਛੱਪੜ ਨਾਲ ਬਣਾਈ ਸੱਭਿਆਚਾਰਕ ਸੱਥ ਤੇ ਨਵੀਂ ਦਿੱਖ ਵਾਲਾ ਪੁਰਾਣਾ ਖੂਹ ਲੋਕਾਂ ਦਾ ਧਿਆਨ ਖਿੱਚਦਾ ਹੈ। ਕੇਂਦਰੀ ਮੰਤਰੀ ਨੇ ਨਿੱਜੀ ਦਿਲਚਸਪੀ ਲੈ ਕੇ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਣਵਾਏ ਅਤੇ ਨੰਨ੍ਹੀ ਛਾਂ ਮੁਹਿੰਮ ਤਹਿਤ ਲਗਪਗ 3-4 ਦਰਜਨ ਔਰਤਾਂ ਨੂੰ ਸਿਲਾਈ-ਕਢਾਈ ਸਿਖਾ ਕੇ ਰੁਜ਼ਗਾਰ ਦੇ ਕਾਬਲ ਬਣਾਇਆ। ਪਿੰਡ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਜੰਗਲਾਤ ਵਿਭਾਗ ਵਲੋਂ ਬੂਟੇ ਵੀ ਵੰਡੇ ਗਏ। 

ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬੱਤੀ ਪਿਛਲੇ 2 ਸਾਲਾਂ ਤੋਂ 'ਕੁੰਡੀ' ਕੁਨੈਕਸ਼ਨ ਦੇ ਸਹਾਰੇ ਚੱਲ ਰਹੀ ਹੈ ਅਤੇ ਸਕੂਲ ਦੇ ਸਿੱਖਿਆ ਵਿਭਾਗ ਵਲੋਂ 45 ਹਜ਼ਾਰ ਰੁਪਏ ਦਾ ਬਕਾਇਆ ਬਿਜਲੀ ਦਾ ਬਿੱਲ ਵੀ ਨਹੀਂ ਭਰਿਆ ਜਾ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਰੀਰਕ ਸਿੱਖਿਆ ਤੇ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਨਹੀਂ ਹਨ। ਬਲਾਕ ਸਮਿਤੀ ਉਮੀਦਵਾਰ ਰਹੇ ਕਾਂਗਰਸ ਆਗੂ ਅਮਰਦੀਪ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਸਿਰਫ਼ ਕਾਗਜ਼ਾਂ 'ਚ ਆਦਰਸ਼ ਬਣਿਆ ਜਾਂ ਸਿਰਫ਼ ਅਕਾਲੀਆਂ ਲਈ। ਅਮਰਦੀਪ ਅਨੁਸਾਰ ਵਿਕਾਸ ਫੰਡਾਂ ਦੀ ਬਾਂਦਰਵੰਡ ਹੋਈ ਅਤੇ ਕੁਝ ਚੋਣਵੇਂ ਬੰਦੇ ਮਲਾਈ ਛਕ ਗਏ। ਪਿੰਡ 'ਚ ਵਿਕਾਸ ਦੇ ਨਾਂ ਦੀ ਕੋਈ ਪੁਖ਼ਤਾ ਵਸਤੂ ਨਹੀਂ ਹੈ। ਕਾਂਗਰਸ ਆਗੂ ਹਰਮੀਤ ਸਿੰਘ ਅਤੇ ਮੌਜੂਦਾ ਸਰਪੰਚ ਮੰਦਰ ਸਿੰਘ ਦਾ ਕਹਿਣਾ ਹੈ ਕਿ ਸਹਿਕਾਰੀ ਸੁਸਾਇਟੀ ਦੀ ਇਮਾਰਤ ਨੀਂਹਾਂ ਤੋਂ ਅਗਾਂਹ ਨਹੀਂ ਵਧੀ। ਪਿੰਡ ਵਾਸੀ ਮਨੁੱਖੀ ਅਤੇ ਪਸ਼ੂ ਸਿਹਤ ਸੇਵਾਵਾਂ ਲਈ ਬਾਦਲ ਪਿੰਡ 'ਤੇ ਨਿਰਭਰ ਹਨ। ਪਿੰਡ 'ਚ ਬੈਂਕ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਲਈ ਬਾਦਲ ਜਾਂ ਲੰਬੀ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਅਨੁਸਾਰ ਵਾਟਰ ਵਰਕਸ ਦਾ 36 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ। ਕਾਂਗਰਸ ਸਰਕਾਰ ਦੌਰਾਨ ਆਰ.ਓ ਸਿਸਟਮ ਦੇ ਠੇਕੇਦਾਰ ਲਗਪਗ 1.15 ਲੱਖ ਰੁਪਏ ਦਾ ਬਿੱਲ ਭਰੇ ਵਗੈਰ ਤਿੱਤਰ ਹੋ ਗਏ। ਅਕਾਲੀ ਆਗੂ ਭੁਪਿੰਦਰ ਸਿੰਘ ਅਨੁਸਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਦਰਸ਼ ਗਰਾਮ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਣ ਲਈ 5 ਏਕੜ ਸ਼ੂਟਿੰਗ ਰੇਂਜ ਲਈ ਜ਼ਮੀਨ ਗ੍ਰਹਿਣ ਕਰਵਾਈ, ਜਿਸ 'ਤੇ ਛੇਤੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।


rajwinder kaur

Content Editor

Related News