ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪਿੰਡ 'ਚ ਭਿੜੇ ਦੋ ਧਿਰ, ਸਥਿਤੀ ਤਣਾਅਪੂਰਨ (ਤਸਵੀਰਾਂ)
Sunday, Jan 28, 2018 - 12:32 PM (IST)

ਜਲੰਧਰ (ਮਹੇਸ਼)— ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪਿੰਡ ਸੋਫੀ ਪਿੰਡ ਵਿਖੇ ਸ਼ਨੀਵਾਰ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਵਾਲਮੀਕਿ ਸਮਾਜ ਦੇ ਪਿੰਡ ਵਿਚ ਸਰਕਾਰੀ ਸਕੂਲ ਦੀ ਇਕ ਜਗ੍ਹਾ 'ਤੇ ਲੱਗਾ ਝੰਡਾ ਪੁੱਟਣ ਅਤੇ ਭਗਵਾਨ ਵਾਲਮੀਕਿ ਜੀ ਨਾਲ ਸਬੰਧਤ ਧਾਰਮਿਕ ਕਿਤਾਬਾਂ ਚੁੱਕਣ 'ਤੇ ਵਾਲਮੀਕਿ ਭਾਈਚਾਰਾ ਭੜਕ ਉਠਿਆ ਅਤੇ ਉਨ੍ਹਾਂ ਨੇ ਇਸ ਦੇ ਪਿੱਛੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਹੱਥ ਹੋਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਾਏ। ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤ ਅਤੇ ਦੂਜੇ ਸਮਾਜ ਦੇ ਲੋਕਾਂ ਨੇ ਵਿਜੇ ਸਾਂਪਲਾ ਦੀ ਸ਼ਹਿ 'ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਦੌਰਾਨ ਵਾਲਮੀਕਿ ਸਮਾਜ ਅਤੇ ਦੂਜੇ ਧੜੇ ਦੇ ਲੋਕਾਂ ਵਿਚ ਟਕਰਾਅ ਵਧ ਗਿਆ। ਦੋਵੇਂ ਧਿਰਾਂ ਨੇ ਜਮ ਕੇ ਇੱਟਾਂ-ਪੱਥਰ ਚਲਾਏ ਅਤੇ ਕਈ ਦੁਕਾਨਾਂ ਵਿਚ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਪੂਰੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ।
ਸਥਿਤੀ ਅਜਿਹੀ ਦਿਸ ਰਹੀ ਸੀ ਕਿ ਜਿਵੇਂ ਪਿੰਡ ਵਿਚ ਕਰਫਿਊ ਲੱਗਾ ਹੋਵੇ। ਹਾਲਾਤ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨਾਲ ਉਥੇ ਪਹੁੰਚ ਗਏ। ਸਥਿਤੀ ਨੂੰ ਕੰਟਰੋਲ ਵਿਚ ਲਿਆਉਣ ਲਈ ਪੁਲਸ ਨੂੰ ਵੀ ਲਾਠੀਚਾਰਜ ਕਰਨ ਲਈ ਮਜਬੂਰ ਹੋਣਾ ਪਿਆ। ਪੂਰਾ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਹੋਇਆ ਦਿਖਾਈ ਦੇ ਰਿਹਾ ਸੀ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਕਈ ਲੋਕਾਂ ਨੇ ਸੜਕ ਵਿਚਕਾਰ ਆ ਕੇ ਅੱਗ ਲਾ ਕੇ ਵੀ ਆਪਣਾ ਰੋਸ ਪ੍ਰਗਟ ਕੀਤਾ।
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਜਿਸ ਜਗ੍ਹਾ 'ਤੇ ਵਾਲਮੀਕਿ ਸਮਾਜ ਨੇ ਆਪਣਾ ਝੰਡਾ ਲਾਇਆ ਸੀ ਅਤੇ ਧਾਰਮਿਕ ਕਿਤਾਬਾਂ ਰੱਖੀਆਂ ਸਨ, ਉਹ ਜਗ੍ਹਾ ਸਰਕਾਰੀ ਸਕੂਲ ਦੀ ਹੈ ਜੋ ਕਿ ਉਥੋਂ ਦੂਜੀ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ ਸੀ। ਸਕੂਲ ਵਾਲੀ ਜਗ੍ਹਾ ਵਿਚ ਇਕ ਆਂਗਨਵਾੜੀ ਸੈਂਟਰ ਅਤੇ ਡਿਸਪੈਂਸਰੀ ਚਲਾਈ ਜਾ ਰਹੀ ਹੈ। ਪੰਚਾਇਤ ਦਾ ਦੋਸ਼ ਹੈ ਕਿ ਉਥੇ ਕੁਝ ਜਗ੍ਹਾ 'ਤੇ ਇਕ ਧੜੇ ਦੇ ਲੋਕਾਂ ਵਲੋਂ ਕਬਜ਼ਾ ਕੀਤਾ ਜਾ ਰਿਹਾ ਸੀ। ਇਸ ਬਾਰੇ ਪੰਚਾਇਤ ਨੇ ਡੀ. ਸੀ. ਨੂੰ ਸ਼ਿਕਾਇਤ ਦਿੱਤੀ ਸੀ ਅਤੇ ਤਾਂ ਅੱਜ ਡੀ. ਸੀ. ਦੇ ਹੁਕਮਾਂ 'ਤੇ ਪੁਲਸ ਨੇ ਮੌਕੇ 'ਤੇ ਜਾ ਕੇ ਕਬਜ਼ੇ ਨੂੰ ਹਟਾ ਦਿੱਤਾ, ਜਿਸ 'ਤੇ ਵਾਲਮੀਕਿ ਸਮਾਜ ਵਿਚ ਭਾਰੀ ਰੋਸ ਪੈਦਾ ਹੋ ਗਿਆ। ਪੰਚਾਇਤ ਦਾ ਕਹਿਣਾ ਹੈ ਕਿ ਵਾਲਮੀਕਿ ਸਮਾਜ ਨੂੰ ਪਹਿਲਾਂ ਵੀ ਸਕੂਲ ਵਾਲੀ ਜਗ੍ਹਾ ਤੋਂ ਕਈ ਵਾਰ ਕਬਜ਼ਾ ਹਟਾਉਣ ਲਈ ਕਿਹਾ ਗਿਆ ਸੀ, ਜਦੋਂਕਿ ਵਾਲਮੀਕਿ ਸਮਾਜ ਨੇ ਇਸ ਗੱਲ ਨੂੰ ਝੂਠਾ ਦੱਸਦੇ ਹੋਏ ਕਿਹਾ ਹੈ ਕਿ ਅੱਜ ਦੀ ਕਾਰਵਾਈ ਦੇ ਬਾਰੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪੁਲਸ ਦੀਆਂ ਤੋੜੀਆਂ ਗੱਡੀਆਂ
ਸੋਫੀ ਪਿੰਡ ਵਿਖੇ ਵਿਗੜੇ ਹੋਏ ਹਾਲਾਤ ਦੇ ਕਾਰਨ ਮੌਕੇ 'ਤੇ ਪਹੁੰਚੀਆਂ ਪੁਲਸ ਦੀਆਂ ਗੱਡੀਆਂ ਜੂਲੋ ਅਤੇ ਬਲੈਰੋ ਨੂੰ ਵੀ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਤੋੜ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਕਈ ਪੁਲਸ ਮੁਲਾਜ਼ਮ ਵੀ ਹੋਏ ਜ਼ਖ਼ਮੀ
ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਸ਼ਾਂਤ ਕਰਦੇ ਸਮੇਂ ਪੁਲਸ ਮੁਲਾਜ਼ਮਾਂ ਨੂੰ ਵੀ ਉਨ੍ਹਾਂ 'ਤੇ ਵਰ੍ਹਾਈਆਂ ਜਾ ਰਹੀਆਂ ਇੱਟਾਂ-ਪੱਥਰਾਂ ਦਾ ਸ਼ਿਕਾਰ ਹੋਣਾ ਪਿਆ, ਜਿਸ ਨਾਲ ਉਹ ਜ਼ਖਮੀ ਹੋ ਗਏ। ਏ. ਸੀ. ਪੀ. ਕੈਂਟ ਸੁਰਿੰਦਰਪਾਲ ਦੀ ਲੱਤ ਵਿਚ ਵੀ ਸੱਟ ਲੱਗੀ ਹੈ।
ਮੌਕੇ 'ਤੇ ਪਹੁੰਚੇ ਵਾਲਮੀਕਿ ਸਮਾਜ ਦੇ ਨੇਤਾ
ਵਾਲਮੀਕਿ ਸਮਾਜ ਨਾਲ ਹੋਈ ਧੱਕੇਸ਼ਾਹੀ ਦੇ ਬਾਰੇ ਵਿਚ ਸੂਚਨਾ ਮਿਲਦੇ ਹੀ ਸਮਾਜ ਦੇ ਕਈ ਸੀਨੀਅਰ ਨੇਤਾ ਵੀ ਉਥੇ ਪਹੁੰਚ ਗਏ। ਜਿਨ੍ਹਾਂ ਵਿਚ ਮੁਖ ਤੌਰ 'ਤੇ ਚੰਦਨ ਗਰੇਵਾਲ, ਅੰਮ੍ਰਿਤ ਖੋਸਲਾ, ਰਾਜ ਕੁਮਾਰ ਰਾਜੂ ਸ਼ਾਮਲ ਸਨ, ਜਿਨ੍ਹਾਂ ਨੇ ਵਾਲਮੀਕਿ ਸਮਾਜ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਉਹ ਸਮਾਜ ਨੂੰ ਹਰ ਹਾਲ ਵਿਚ ਇਨਸਾਫ ਲੈ ਕੇ ਦੇਣਗੇ।
ਪੁਲਸ ਕਮਿਸ਼ਨਰ ਨੇ ਕੀਤਾ ਲੋਕਾਂ ਨੂੰ ਸ਼ਾਂਤ
ਮੌਕੇ 'ਤੇ ਪਹੁੰਚੇ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਭੜਕੇ ਹੋਏ ਦੋਵੇਂ ਧੜਿਆਂ ਦੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਮਾਮਲੇ ਦੀ ਪੂਰੀ ਜਾਣਕਾਰੀ ਵੀ ਲਈ। ਉਨ੍ਹਾਂ ਕਿਹਾ ਕਿ ਸ਼ਾਂਤੀ ਨਾਲ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਡੀ. ਸੀ. ਪੀ. ਰਾਜਿੰਦਰ ਸਿੰਘ, ਏ. ਡੀ. ਸੀ. ਪੀ. ਸੂਡਰਵਿਜੀ, ਏ. ਸੀ. ਪੀ. ਸੁਰਿੰਦਰਪਾਲ ਧੋਗੜੀ, ਸਮੀਰ ਵਰਮਾ ਸਮੇਤ ਕਈ ਥਾਣਿਆਂ ਦੇ ਐੱਸ. ਐੱਚ. ਓ. ਵੀ ਮੌਜੂਦ ਸਨ।
ਪੰਚਾਇਤ ਨੇ ਸਾਂਪਲਾ ਦਾ ਹੱਥ ਹੋਣ ਤੋਂ ਕੀਤਾ ਇਨਕਾਰ
ਸੋਫੀ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਇਸ ਮਾਮਲੇ ਦੇ ਪਿੱਛੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਨੂੰ ਤਾਂ ਇਸ ਸਬੰਧ ਵਿਚ ਕੋਈ ਜਾਣਕਾਰੀ ਵੀ ਨਹੀਂ ਹੈ। ਸਰਪੰਚ ਸੁੰਦਰ ਲਾਲ ਨੇ ਕਿਹਾ ਹੈ ਕਿ ਜੋ ਕਾਰਵਾਈ ਹੋਈ ਹੈ, ਉਹ ਕਾਨੂੰਨੀ ਤੌਰ 'ਤੇ ਕੀਤੀ ਗਈ ਹੈ। ਵਿਰੋਧੀ ਧਿਰ ਝੂਠੇ ਦੋਸ਼ ਲਾ ਰਹੀ ਹੈ।