ਨਾਜਾਇਜ਼ ਕਾਲੋਨੀਆਂ ''ਚ ਰਮਨ ਅਰੋੜਾ ਦੀ ਹਿੱਸੇਦਾਰੀ ਨੂੰ ਲੈ ਕੇ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸ਼ੁਰੂ
Thursday, May 29, 2025 - 01:08 PM (IST)

ਜਲੰਧਰ (ਧਵਨ)–ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਨਾਜਾਇਜ਼ ਕਾਲੋਨੀਆਂ ਕੱਟਣ ਵਿਚ ਕਥਿਤ ਹਿੱਸੇਦਾਰੀ ਨੂੰ ਲੈ ਕੇ ਵੀ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਹੁਣ ਰਮਨ ਅਰੋੜਾ ਦੇ ਉਨ੍ਹਾਂ ਨਜ਼ਦੀਕੀ ਲੋਕਾਂ ਨੂੰ ਵੀ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿਚ ਕਾਲੋਨੀਆਂ ਕੱਟੀਆਂ ਸਨ। ਰਮਨ ਅਰੋੜਾ ਦੇ ਕਹਿਣ ’ਤੇ ਨਾਜਾਇਜ਼ ਕਾਲੋਨੀਆਂ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਬਣੀਆਂ ਸਨ। 'ਆਪ' ਵਿਧਾਇਕ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਕਿ ਕਾਲੋਨੀਆਂ ਵਿਰੁੱਧ ਨਾ ਤਾਂ ਜਲੰਧਰ ਨਗਰ ਨਿਗਮ ਨੇ ਕੋਈ ਕਾਰਵਾਈ ਕੀਤੀ ਸੀ ਅਤੇ ਨਾ ਹੀ ਪੁੱਡਾ ਨੇ। ਇਸ ਦੇ ਬਦਲੇ ਰਮਨ ਅਰੋੜਾ ਦਾ ਕਥਿਤ ਰੂਪ ਵਿਚ ਹਿੱਸਾ ਰੱਖਿਆ ਜਾਂਦਾ ਸੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਰਿਸ਼ਵਤ ਦੀ ਰਿਕਾਰਡਿੰਗ...
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ‘ਆਪ’ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਸਖ਼ਤੀ ਕਰਨ ਦੇ ਹੁਕਮ ਦਿੱਤੇ ਗਏ ਹਨ, ਉਸ ਨੂੰ ਵੇਖਦਿਆਂ ਹੁਣ ਰਮਨ ਅਰੋੜਾ ਵੱਲੋਂ ਨਾਜਾਇਜ਼ ਤੌਰ ’ਤੇ ਇਕੱਠੀ ਕੀਤੀ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਅਧਿਕਾਰੀ ਡੂੰਘਾਈ ਵਿਚ ਜਾ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਵੱਲੋਂ ਰਮਨ ਅਰੋੜਾ ਦੇ ਨਜ਼ਦੀਕੀ ਕਾਂਗਰਸੀ ਨੇਤਾਵਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਨੇ ਉਸ ਦੀ ਛਤਰਛਾਇਆ ਵਿਚ ਨਾਜਾਇਜ਼ ਕਾਲੋਨੀਆਂ ਨੂੰ ਵਿਕਸਿਤ ਕੀਤਾ ਸੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਗਵਾਹ, ਮਹਿਲਾ ਇੰਸਪੈਕਟਰ ਵੀ ਘਿਰੀ
ਨਾਜਾਇਜ਼ ਕਾਲੋਨੀਆਂ ਵਿਚ ਨਾ ਤਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਅਤੇ ਨਾ ਹੀ ਨਕਸ਼ਿਆਂ ਨੂੰ ਪਾਸ ਕਰਵਾਇਆ ਗਿਆ ਸੀ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਪਰਾਗਪੁਰ ਅਤੇ ਬੜਿੰਗ ਇਲਾਕੇ ਵਿਚ ਪਿਛਲੇ ਦੋ-ਢਾਈ ਸਾਲਾਂ ਵਿਚ ਕਈ ਨਾਜਾਇਜ਼ ਕਾਲੋਨੀਆਂ ਬਣੀਆਂ ਸਨ। ਇਨ੍ਹਾਂ ਕਾਲੋਨੀਆਂ ਨੂੰ ਲੈ ਕੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਕਾਂਗਰਸੀ ਨੇਤਾ ਨੂੰ ਬੁੱਧਵਾਰ ਵਿਜੀਲੈਂਸ ਅਧਿਕਾਰੀਆਂ ਨੇ ਪੁੱਛਗਿੱਛ ਲਈ ਬੁਲਾਇਆ ਵੀ ਸੀ। ਨਾਜਾਇਜ਼ ਕਾਲੋਨੀਆਂ ਨੂੰ ਕੱਟਣ ਵਾਲਿਆਂ ਖ਼ਿਲਾਫ਼ ਹੁਣ ਕਾਰਵਾਈ ਹੋਣੀ ਤੈਅ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ ਹਾਈਵੇਅ ਵਾਲਾ ਰਸਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e