ਵਿਜੀਲੈਂਸ ਨੂੰ ਸੌਂਪੀ ਜਾ ਸਕਦੀ ਹੈ CM ਮਾਨ ਦੀ ਗ੍ਰਾਂਟ ਨਾਲ ਜਲੰਧਰ ਨਿਗਮ ’ਚ ਹੋਏ ਕੰਮਾਂ ਦੀ ਜਾਂਚ

Thursday, Sep 14, 2023 - 11:29 AM (IST)

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਲਗਭਗ 6-8 ਮਹੀਨੇ ਪਹਿਲਾਂ ਜਲੰਧਰ ਸ਼ਹਿਰ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਜਲੰਧਰ ਨਿਗਮ ਦੇ ਅਧਿਕਾਰੀ ਸੀ. ਐੱਮ. ਵੱਲੋਂ ਦਿੱਤੀ ਗਈ ਗ੍ਰਾਂਟ ਦੀ ਸਹੀ ਵਰਤੋਂ ਨਹੀਂ ਕਰ ਸਕੇ। ਗ੍ਰਾਂਟ ਦੇ ਕੰਮਾਂ ਸਬੰਧੀ ਟੈਂਡਰ ਹੀ ਬਹੁਤ ਦੇਰ ਬਾਅਦ ਲੱਗੇ ਅਤੇ ਉਸ ਤੋਂ ਬਾਅਦ ਆਏ ਬਰਸਾਤੀ ਸੀਜ਼ਨ ਨੇ ਕੰਮਾਂ ਵਿਚ ਰੁਕਾਵਟ ਪਾਈ। ਇਸ ਗ੍ਰਾਂਟ ਨਾਲ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਅਜਿਹੇ ਕੰਮਾਂ ਦੇ ਐਸਟੀਮੇਟ ਬਣਾ ਦਿੱਤੇ, ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਸੀ। ਉਸ ਤੋਂ ਬਾਅਦ ਜ਼ਿਆਦਾਤਰ ਕੰਮ ਕਰਵਾਉਂਦੇ ਸਮੇਂ ਕੁਆਲਿਟੀ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਅਤੇ ਠੇਕੇਦਾਰਾਂ ਨੇ ਖ਼ੂਬ ਮਨਮਰਜ਼ੀ ਕੀਤੀ। ਹੁਣ ਗ੍ਰਾਂਟ ਨਾਲ ਹੋਏ ਕੰਮਾਂ ਦੀ ਸੈਂਪਲਿੰਗ ਵੀ ਲੁਧਿਆਣਾ ਦੀ ਲੈਬ ਤੋਂ ਕਰਵਾਈ ਜਾ ਰਹੀ ਹੈ, ਜਦਕਿ ਚੰਡੀਗੜ੍ਹ ਬੈਠੇ ਅਧਿਕਾਰੀ ਚਾਹ ਰਹੇ ਹਨ ਕਿ ਕੰਮਾਂ ਦੇ ਸੈਂਪਲ ਐੱਨ. ਆਈ. ਟੀ. ਜਲੰਧਰ ਜਾਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਚੈੱਕ ਕਰਵਾਏ ਜਾਣ।

ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਜਲੰਧਰ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀ ਗ੍ਰਾਂਟ ਖਰਚ ਕਰਨ ਵਿਚ ਲਾਪ੍ਰਵਾਹੀ ਵਰਤ ਰਹੇ ਹਨ ਅਤੇ ਵੱਡੇ ਅਧਿਕਾਰੀ ਉਨ੍ਹਾਂ ’ਤੇ ਕੋਈ ਐਕਸ਼ਨ ਨਹੀਂ ਲੈ ਰਹੇ, ਅਜਿਹੇ ਵਿਚ ਜੇਕਰ ਮੁੱਖ ਮੰਤਰੀ ਦਫ਼ਤਰ ਗੰਭੀਰ ਹੋਇਆ ਤਾਂ ਗ੍ਰਾਂਟ ਨਾਲ ਹੋਏ ਕੰਮਾਂ ਦੀ ਜਾਂਚ ਸਟੇਟ ਵਿਜੀਲੈਂਸ ਨੂੰ ਵੀ ਸੌਂਪੀ ਜਾ ਸਕਦੀ ਹੈ। ਵੈਸੇ ਵੀ ਕੁਝ ਦਿਨ ਪਹਿਲਾਂ ਇਹ ਚਰਚਾ ਚੱਲੀ ਸੀ ਕਿ ਕਮਿਸ਼ਨਰ ਨੇ ਕੁਝ ਫਾਈਲਾਂ ਵਿਜੀਲੈਂਸ ਦੇ ਹਵਾਲੇ ਕਰ ਦਿੱਤੀਆਂ। ਖ਼ਾਸ ਗੱਲ ਇਹ ਹੈ ਕਿ ਸੀ. ਐੱਮ. ਦੀ ਗ੍ਰਾਂਟ ਵਿਚ ਹੋ ਰਹੀ ਇਸ ਗੜਬੜੀ ਸਬੰਧੀ 'ਜਗ ਬਾਣੀ' ਨੇ ਜਦੋਂ ਨਿਯਮਿਤ ਤੌਰ ’ਤੇ ਮੁਹਿੰਮ ਚਲਾਈ, ਉਦੋਂ ਮੁੱਖ ਮੰਤਰੀ ਦਫ਼ਤਰ ਹਰਕਤ ਵਿਚ ਆਇਆ ਅਤੇ ਉਸ ਨੇ ਸੀ. ਐੱਮ. ਵੱਲੋਂ ਜਲੰਧਰ ਨਿਗਮ ਨੂੰ ਦਿੱਤੀ ਗਈ ਗ੍ਰਾਂਟ ਨਾਲ ਚੱਲ ਰਹੇ ਕੰਮਾਂ ਦੀ ਚੈਕਿੰਗ ਲੋਕਲ ਬਾਡੀਜ਼ ਵਿਭਾਗ ਦੇ ਚੀਫ ਇੰਜੀ. ਅਸ਼ਵਨੀ ਚੌਧਰੀ ਤੋਂ ਕਰਵਾਈ, ਜਿਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਆ ਕੇ ਗ੍ਰਾਂਟ ਨਾਲ ਚੱਲ ਰਹੇ ਕੰਮਾਂ ਦੇ ਕਈ ਮੌਕੇ ਦੇਖੇ।

ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ

ਆਪਣੇ ਦੌਰੇ ਦੌਰਾਨ ਸਭ ਤੋਂ ਪਹਿਲਾਂ ਉਹ ਬਬਰੀਕ ਚੌਕ ਗਏ, ਜਿੱਥੇ ਰੈਨੋਵੇਸ਼ਨ ਦਾ ਕੰਮ ਕਰਵਾਇਆ ਜਾ ਰਿਹਾ ਸੀ। ਬਸਤੀ ਗੁਜ਼ਾਂ ਅੱਡੇ ’ਤੇ ਪੋਸਟ ਆਫਿਸ ਵਾਲੀ ਗਲੀ ਵਿਚ ਸੀ. ਸੀ. ਫਲੋਰਿੰਗ ਅਤੇ ਕਬੀਰ ਵਿਹਾਰ ਵਿਚ ਸੀ. ਸੀ. ਫਲੋਰਿੰਗ ਨਾਲ ਬਣੀਆਂ ਸੜਕਾਂ ਦਾ ਕੰਮ ਦੇਖਿਆ। ਰਸੀਲਾ ਨਗਰ ਵਿਚ ਵੀ ਸੜਕ ਨਿਰਮਾਣ ਸਬੰਧੀ ਮੌਕਾ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਕਬੀਰ ਵਿਹਾਰ ਵਿਚ 59 ਲੱਖ ਦੀ ਲਾਗਤ ਨਾਲ ਸੜਕਾਂ ਦਾ ਕੰਮ ਹੋਇਆ ਹੈ ਪਰ ਠੇਕੇਦਾਰ ਨੇ 37.62 ਫੀਸਦੀ ਡਿਸਕਾਊਂਟ ਦੇ ਕੇ ਟੈਂਡਰ ਲਿਆ ਹੈ। ਪਤਾ ਲੱਗਾ ਹੈ ਕਿ ਚੀਫ ਇੰਜੀਨੀਅਰ ਨੇ ਜਿਨ੍ਹਾਂ ਸਾਈਟਸ ਦੀ ਵਿਜ਼ਿਟ ਕੀਤੀ, ਜ਼ਿਆਦਾਤਰ ਮੌਕਿਆਂ ’ਤੇ ਕੰਮ ਤਸੱਲੀਬਖਸ਼ ਨਹੀਂ ਪਾਇਆ ਗਿਆ। ਹੁਣ ਉਨ੍ਹਾਂ ਕੰਮਾਂ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।

ਰੇਤ ਮਹਿੰਗੀ ਹੋਈ, 30-40 ਫ਼ੀਸਦੀ ਡਿਸਕਾਊਂਟ ਵਾਲੇ ਕੰਮ ਹੁਣ ਕਿਵੇਂ ਹੋਣਗੇ
ਜ਼ਿਕਰਯੋਗ ਹੈ ਕਿ ਗ੍ਰਾਂਟ ਵਾਲੇ ਕੰਮਾਂ ਦੇ ਟੈਂਡਰ ਪ੍ਰਾਪਤ ਕਰਨ ਲਈ ਨਿਗਮ ਦੇ ਕਈ ਠੇਕੇਦਾਰਾਂ ਨੇ 30-40 ਫ਼ੀਸਦੀ ਡਿਸਕਾਊਂਟ ਆਫਰ ਕਰ ਕੇ ਕੰਮ ਲਏ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਧਿਕਾਰੀਆਂ ਨੂੰ ਕਮੀਸ਼ਨ ਵੀ ਦੇਣੀ ਪੈ ਰਹੀ ਹੈ ਅਤੇ ਅਰਨੈਸਟ ਮਨੀ, ਜੀ. ਐੱਸ. ਟੀ. ਲੇਬਰ ਸੈੱਸ ਵਰਗੇ ਖਰਚੇ ਵੀ ਉਠਾਉਣੇ ਪੈ ਰਹੀ ਹੈ। ਬਾਕੀ ਬਚੀ 40 ਫੀਸਦੀ ਰਾਸ਼ੀ ਨਾਲ ਕੰਮ ਕਿਵੇਂ ਪੂਰੇ ਹੋਣਗੇ, ਇਸ ਸਬੰਧੀ ਨਿਗਮ ਦੇ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਹੈ। ਇਕ ਚਰਚਾ ਇਹ ਵੀ ਹੈ ਕਿ ਅੱਜਕਲ੍ਹ ਰੇਤ ਕਾਫ਼ੀ ਮਹਿੰਗੀ ਹੋ ਗਈ ਹੈ। ਆਉਣ ਵਾਲੇ ਸਮੇਂ ਵਿਚ ਕੰਮਾਂ ਦੇ ਸੈਂਪਲ ਐੱਨ. ਆਈ. ਟੀ. ਜਾਂ ਚੰਡੀਗੜ੍ਹ ਤੋਂ ਵੀ ਚੈੱਕ ਕਰਵਾਏ ਜਾ ਸਕਦੇ ਹਨ। ਅਜਿਹੇ ਵਿਚ ਠੇਕੇਦਾਰ ਆਪਣੇ-ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ।

10 ਲੱਖ ਵਾਲੇ ਕੰਮ ਦਾ ਐਸਟੀਮੇਟ 45 ਲੱਖ ਦਾ ਬਣਾ ਦਿੱਤਾ
ਸੀ. ਐੱਮ. ਦੀ ਗ੍ਰਾਂਟ ਨਾਲ ਹੋਣ ਵਾਲੇ ਕੰਮਾਂ ਦੇ ਐਸਟੀਮੇਟ ਬਣਾਉਣ ਸਮੇਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਗੜਬੜੀ ਕੀਤੀ, ਇਸ ਦੀ ਇਕ ਮਿਸਾਲ ਆਕਸਫੋਰਡ ਹਸਪਤਾਲ ਦੇ ਪਿੱਛੇ ਵਾਲੀ ਸੜਕ ਹੈ, ਜਿਥੇ ਸੜਕ ਕਿਨਾਰੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ 45 ਲੱਖ ਦਾ ਐਸਟੀਮੇਟਮ ਬਣਾ ਦਿੱਤਾ ਗਿਆ ਹੈ, ਜਦਕਿ ਉਥੇ ਜ਼ਿਆਦਾ ਤੋਂ ਜ਼ਿਆਦਾ 10 ਲੱਖ ਦੀਆਂ ਟਾਈਲਾਂ ਲਗਾਉਣ ਦਾ ਕੰਮ ਵੀ ਨਹੀਂ ਹੈ। ਇਸੇ ਤਰ੍ਹਾਂ ਦਸਮੇਸ਼ ਨਗਰ ਵਿਚ ਸੜਕਾਂ ਦਾ ਜੋ ਐਸਟੀਮੇਟ ਬਣਿਆ, ਉਹ ਵੀ ਕਈ ਗੁਣਾ ਜ਼ਿਆਦਾ ਬਣਾ ਦਿੱਤਾ ਗਿਆ। ਆਦਰਸ਼ ਨਗਰ ਵਿਚ ਫੁੱਟਪਾਥਾਂ ਦੇ ਐਸਟੀਮੇਟ ਵਿਚ ਗੜਬੜੀ ਸਾਫ਼ ਸਾਹਮਣੇ ਆ ਚੁੱਕੀ ਹੈ। ਅਜਿਹੀ ਗੜਬੜੀ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਜਿਸ ਤਰ੍ਹਾਂ ਬਚਾਇਆ ਜਾ ਰਿਹਾ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਕੇਸ ਵਿਜੀਲੈਂਸ ਨੂੰ ਸੌਂਪੇ ਜਾਣ ਲਈ ਫਿੱਟ ਕੇਸ ਹੈ।

ਇਹ ਵੀ ਪੜ੍ਹੋ- ਇਟਲੀ ਦਾ ਸੁਫ਼ਨਾ ਵਿਖਾ ਕਰਵਾਇਆ ਵਿਆਹ, 20 ਲੱਖ 'ਤੇ ਪਿਆ ਬਖੇੜਾ, ਖੁੱਲ੍ਹ ਗਏ ਸਾਰੇ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News