ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਮਨਾਇਆ 16ਵਾਂ ਵੈਟਨਰੀ ਇੰਸਪੈਕਟਰ ਦਿਵਸ
Monday, Mar 17, 2025 - 04:01 PM (IST)

ਮੋਗਾ : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 16ਵਾਂ ਵੈਟਨਰੀ ਇੰਸਪੈਕਟਰ ਦਿਵਸ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਮਨਾਇਆ ਗਿਆ।ਇਸ ਸਮਾਗਮ ਦੀ ਸ਼ੁਰੂਆਤ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸਮੁੱਚੇ ਸੂਬਾ ਕਮੇਟੀ ਮੈਂਬਰਾਂ ਨੇ ਜਥੇਬੰਦੀ ਦਾ ਝੰਡਾ ਝੁਲਾ ਕੇ ਕੀਤੀ। ਇਸ ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਸੂਬਾ ਜਨਰਲ ਸਕੱਤਰ ਨੇ ਮੌਜੂਦਾ ਕਮੇਟੀ ਦੀ ਰਿਪੋਰਟ ਪੇਸ਼ ਕੀਤੀ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ ਨੇ ਇਸ ਜਥੇਬੰਦਕ ਇਜਲਾਸ ਵਿਚ ਸ਼ਾਮਲ ਸੂਬਾਈ, ਜ਼ਿਲ੍ਹਾ ਅਤੇ ਤਹਿਸੀਲ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਨੂੰ ਵਿਚਾਰ ਵਟਾਂਦਰੇ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਗੁਰਦੀਪ ਬਾਸੀ ਨੇ ਕਿਹਾ ਕਿ ਵੈਟਨਰੀ ਇੰਸਪੈਕਟਰ ਕੇਡਰ ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਦੀਆਂ ਸਕੀਮਾਂ ਨੂੰ ਜ਼ਮੀਨ 'ਤੇ ਲਾਗੂ ਕਰਨ ਵਾਲਾ ਸਭ ਤੋਂ ਵੱਡਾ ਕੇਡਰ ਹੋਣ ਦੇ ਬਾਵਯੂਦ ਵਿਭਾਗ ਦੀ ਅਫਸਰਸ਼ਾਹੀ ਦੀ ਮਾੜੀ ਨੀਅਤ ਦਾ ਸ਼ਿਕਾਰ ਹੈ।
ਵੈਟਨਰੀ ਇੰਸਪੈਕਟਰ ਕੇਡਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ,ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਵਜੀਰ ਗੁਰਮੀਤ ਸਿੰਘ ਖੁੱਡੀਆਂ ਨੇ ਜਲਦ ਨਿਪਟਾਰੇ ਦੇ ਆਦੇਸ਼ ਦਿੱਤੇ ਸਨ। ਪਰੰਤੂ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਵੀ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਲਈ ਸੁਹਿਰਦ ਨਹੀਂ ਹੈ। ਇਸ ਮੌਕੇ ਸੂਬਾ ਸਕੱਤਰ ਪਰਮਜੀਤ ਸੋਹੀ ਨੇ ਸਮੁੱਚੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਆਉਣ ਵਾਲੇ ਸੰਘਰਸ਼ਾਂ ਦੀ ਲਾਮਬੰਦੀ ਦਾ ਸੱਦਾ ਦਿੱਤਾ ਗਿਆ।