ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ''ਤੇ ਵੀਰਪਾਲ ਕੌਰ ਖਿਲਾਫ ਹੋਵੇ ਕੇਸ ਦਰਜ : ਸੁਖਬੀਰ

Tuesday, Jul 28, 2020 - 08:12 AM (IST)

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ''ਤੇ ਵੀਰਪਾਲ ਕੌਰ ਖਿਲਾਫ ਹੋਵੇ ਕੇਸ ਦਰਜ : ਸੁਖਬੀਰ

ਚੰਡੀਗੜ੍ਹ,(ਅਸ਼ਵਨੀ)–ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪੁਲਸ ਨੂੰ ਇਕ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਦੀ ਹਮਾਇਤੀ ਵੀਰਪਾਲ ਕੌਰ ਵੱਲੋਂ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿਚ ਪਾਰਟੀ ਦੇ ਵਫਦ ਦੀ ਅਗਵਾਈ ਕੀਤੀ। ਵਫਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ ਤੇ ਸਰਬਜੋਤ ਸਿੰਘ ਸਾਬੀ ਵੀ ਸ਼ਾਮਲ ਸਨ। ਵਫਦ ਨੇ ਮੰਗ ਕੀਤੀ ਕਿ ਵੀਰਪਾਲ ਕੌਰ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਸਿੱਖਾਂ, ਪੰਜਾਬੀਆਂ ਤੇ ਦੁਨੀਆ ਭਰ ਵਿਚ ਰਹਿੰਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਆਂ ਮਿਲ ਸਕੇ।

ਸ਼ਿਕਾਇਤ ਵਿਚ ਕਿਹਾ ਗਿਆ ਕਿ ਵੀਰਪਾਲ ਕੌਰ ਨੇ 14 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਦੇ ਨਿੱਜੀ, ਸਿਆਸੀ, ਜਨਤਕ ਤੇ ਸਮਾਜਿਕ ਜੀਵਨ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਖਿਲਾਫ ਅਪਮਾਨਜਨਕ ਤੇ ਕੂੜ ਪ੍ਰਚਾਰ ਨਾਲ ਭਰੇ ਦੋਸ਼ ਲਗਾਏ। ਇਹ ਦੋਸ਼ 15 ਜੁਲਾਈ ਨੂੰ ਮੁੜ ਦੁਹਰਾਏ ਗਏ। ਸ਼ਿਕਾਇਤ ਵਿਚ ਕਿਹਾ ਗਿਆ ਕਿ ਵੀਰਪਾਲ ਕੌਰ ਨੂੰ ਇਕ ਲੀਗਲ ਨੋਟਿਸ ਭੇਜਿਆ ਗਿਆ ਸੀ, ਜਿਸਦੇ ਜਵਾਬ ਵਿਚ ਉਸਨੇ ਮੰਨਿਆ ਕਿ ਉਸ ਦੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਨਹੀਂ ਹੋਈ ਤੇ ਉਸ ਨੂੰ ਉਨ੍ਹਾਂ ਖਿਲਾਫ ਝੂਠੇ ਦੋਸ਼ ਲਾਉਣ ਦਾ ਅਫਸੋਸ ਹੈ। ਇਸ ਵਿਚ ਕਿਹਾ ਗਿਆ ਕਿ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਕਿ ਵੀਰਪਾਲ ਕੌਰ ਨੇ ਪਹਿਲਾਂ ਝੂਠ ਬੋਲਿਆ ਸੀ, ਇਸ ਲਈ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਵਿਅਕਤੀਆਂ ਨੇ ਉਸ ਨਾਲ ਰਲ ਕੇ ਫੌਜਦਾਰੀ ਸਾਜ਼ਿਸ਼ ਰਚੀ ਤਾਂ ਕਿ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕੀਤਾ ਜਾ ਸਕੇ।

ਸ਼ਿਕਾਇਤ ਵਿਚ ਕਿਹਾ ਗਿਆ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਵੀਰਪਾਲ ਕੌਰ ਆਪਣੇ ਦੋਸ਼ਾਂ ਲਈ ਮੁਆਫੀ ਮੰਗ ਰਹੀ ਹੈ ਜਦਕਿ ਦੂਜੇ ਪਾਸੇ ਉਸ ਨੇ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਖਿਲਾਫ ਮੰਦੇ ਸ਼ਬਦ ਵਰਤ ਕੇ ਬੇਅਦਬੀ ਕੀਤੀ ਹੈ। ਇਸ ਵਿਚ ਕਿਹਾ ਗਿਆ ਕਿ ਇਹ ਟਿੱਪਣੀਆਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਇਰਲ ਵੀ ਕੀਤੀਆਂ ਗਈਆਂ ਤਾਂ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕੇ।

ਸ਼ਿਕਾਇਤ ਵਿਚ ਕਿਹਾ ਗਿਆ ਕਿ ਇਹ ਸਭ ਨੂੰ ਪਤਾ ਹੈ ਕਿ ਗੁਰਮੀਤ ਰਾਮ ਰਹੀਮ ਜਬਰ-ਜ਼ਨਾਹ ਦਾ ਦੋਸ਼ੀ ਹੈ ਤੇ ਉਸ ਨੇ ਔਰਤਾਂ 'ਤੇ ਅਤਿਆਚਾਰ ਕੀਤੇ ਹਨ। ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਇਸ ਜਬਰ -ਜ਼ਨਾਹ ਦੇ ਦੋਸ਼ੀ ਨਾਲ ਕਰਨਾ ਬੱਜਰ ਗੁਨਾਹ ਹੈ ਤੇ ਇਸ ਨਾਲ ਸਾਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਸੁਖਬੀਰ ਨੇ ਕਿਹਾ ਕਿ ਵੀਰਪਾਲ ਨੇ ਡੇਰਾ ਸਿਰਸਾ ਮੁਖੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਤੁਲਨਾ ਕੀਤੀ ਹੈ ਤੇ ਇਹ ਬੇਅਦਬੀ ਕਰਨ ਦੀ ਇਕ ਕਾਰਵਾਈ ਹੈ।


author

Deepak Kumar

Content Editor

Related News