ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕੀ ਰਾਜਦੂਤ ਸਰਜੀਓ ਗੋਰ

Monday, Sep 28, 2026 - 03:08 PM (IST)

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕੀ ਰਾਜਦੂਤ ਸਰਜੀਓ ਗੋਰ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਆਪਣੇ ਵਫ਼ਦ ਸਮੇਤ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਅਮਰੀਕੀ ਰਾਜਦੂਤ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਲੋਈ ਅਤੇ ਧਾਰਮਿਕ ਪੁਸਤਕ ਭੇਟ ਕਰਕੇ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਨੁਸਾਰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕੀ ਵਫ਼ਦ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ, ਸ੍ਰੀ ਹਰਿਮੰਦਰ ਸਾਹਿਬ ਦੀ ਵਿਲੱਖਣਤਾ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲਾ ਮਹਾਨ ਅਧਿਆਤਮਿਕ ਕੇਂਦਰ ਹੈ। ਇਸ ਮੌਕੇ ਓਐਸਡੀ ਸਤਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸਤਨਾਮ ਸਿੰਘ ਰਿਆੜ, ਮੈਨੇਜਰ ਮੇਜਰ ਸਿੰਘ, ਵਧੀਕ ਮੈਨੇਜਰ ਸਤਨਾਮ ਸਿੰਘ ਝਬਾਲ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਵੀ ਹਾਜ਼ਰ ਸਨ।  ਅਮਰੀਕੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ, ਮਰਯਾਦਾ ਅਤੇ ਇੱਥੇ ਨਿਭਾਈ ਜਾ ਰਹੀ ਸੇਵਾ ਪ੍ਰੰਪਰਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਅਮਰੀਕੀ ਰਾਜਦੂਤ ਦੇ ਇਸ ਦੌਰੇ ਨੂੰ ਦੇਖਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਰਾਜਦੂਤ ਗੋਰ ਆਪਣੇ ਅਧਿਕਾਰਤ ਦੌਰੇ ਤਹਿਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰ ਰਹੇ ਹਨ, ਜਿਸ ਤਹਿਤ ਉਹ ਹਾਲ ਹੀ ਵਿੱਚ ਸ੍ਰੀਨਗਰ ਅਤੇ ਲੇਹ ਦਾ ਦੌਰਾ ਵੀ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ  ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਉਨ੍ਹਾਂ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ (ਮਾਨ ਦਲ) ਵੱਲੋਂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਪਲਾਜਾ ਵਿਖੇ ਖਾਲਿਸਤਾਨ ਦੇ ਝੰਡੇ ਦਿਖਾਏ ਗਏ।  ਈਮਾਨ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਕਾਰਨ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵੱਡੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ‘ਅਪਰੇਸ਼ਨ ਸਿੰਧੂਰ' ਅਤੇ ‘ਸਿੰਧੂ ਜਲ ਸਮਝੌਤੇ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਪਾਣੀ ਦੇ ਸਹਿਯੋਗ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਮਰੀਕੀ ਰਾਜਦੂਤ ਨੂੰ 7-ਨੁਕਾਤੀ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਜੰਗੀ ਹਾਲਾਤ ਰੋਕਣ ਲਈ ਅਮਰੀਕੀ ਡਿਪਲੋਮੈਟਿਕ ਦਖਲ, ਸਿੰਧੂ ਜਲ ਸਮਝੌਤਾ ਬਹਾਲੀ, ਤਾਪੀ (TAPI) ਪਾਈਪਲਾਈਨ ਪ੍ਰੋਜੈਕਟ ’ਤੇ ਵਿਚਾਰ ਕਰਨ ਅਤੇ ਵਪਾਰ, ਯਾਤਰਾ ਤੇ ਤੀਰਥ ਯਾਤਰਾ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਸ਼ਾਮਲ ਹੈ।
 


author

Shivani Bassan

Content Editor

Related News