ਕੈਨੇਡਾ ਨਾਲ ਤਣਾਅ ਦਾ ਭਾਰਤੀ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦੈ ਖ਼ਾਮਿਆਜ਼ਾ, ਟਰੈਵਲ ਇੰਡਸਟਰੀ ਵੀ ਸੰਕਟ ’ਚ

Friday, Sep 22, 2023 - 06:45 PM (IST)

ਜਲੰਧਰ (ਸੁਧੀਰ) ਕੈਨੇਡਾ-ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਗੱਲ ਦਾ ਖ਼ਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਦੁਚਿੱਤੀ ’ਚ ਪੈ ਗਏ ਹਨ, ਜਿਸ ਨੂੰ ਲੈ ਕੇ ਉਹ ਇਸ ਤਣਾਅ ਦੀ ਸਥਿਤੀ ਨੂੰ ਵੇਖਦੇ ਹੋਏ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਕੇ ਜਾਣਕਾਰੀ ਹਾਸਲ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਇਸ ਤਣਾਅ ਨੂੰ ਲੈ ਕੇ ਟਰੈਵਲ ਇੰਡਸਟਰੀ ਵੀ ਸੰਕਟ ’ਚ ਵਿਖਾਈ ਦੇ ਰਹੀ ਹੈ। ਜੇ ਵੇਖਿਆ ਜਾਵੇ ਤਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ ’ਚ ਜਾ ਕੇ ਪੜ੍ਹਾਈ ਕਰਨ ਦਾ ਕਾਫ਼ੀ ਕ੍ਰੇਜ਼ ਹੈ ਅਤੇ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ’ਚ ਪੜ੍ਹਾਈ ਦੇ ਤੌਰ ’ਤੇ ਜਾਣ ਲਈ ਆਪਣੀ ਅਰਜ਼ੀ ਦਿੰਦੇ ਹਨ। ਵਿਦਿਆਰਥੀਆਂ ’ਚ ਵਿਦੇਸ਼ਾਂ ’ਚ ਜਾ ਕੇ ਪੜ੍ਹਾਈ ਕਰਨ ਦੇ ਉਤਸ਼ਾਹ ਦੇ ਮੱਦੇਨਜ਼ਰ ਪੰਜਾਬ ’ਚ ਟਰੈਵਲ ਇੰਡਸਟਰੀ ਵੀ ਕਾਫ਼ੀ ਗਿਣਤੀ ਹੈ। ਜੇ ਪੰਜਾਬ ’ਚ ਹੀ ਵੇਖਿਆ ਜਾਵੇ ਤਾਂ ਹਰ ਸਾਲ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਨੇ ਤਾਂ ਕੈਨੇਡਾ ’ਚ ਆਪਣੇ ਕਾਲਜ ਹੀ ਖ਼ਰੀਦ ਕੇ ਆਪਣੇ ਦਫ਼ਤਰ ਭਾਰਤ ਅਤੇ ਕੈਨੇਡਾ ’ਚ ਖੋਲ੍ਹ ਲਏ ਹਨ। ਜੇ ਕਈ ਵਿਦਿਆਰਥੀ ਇਨ੍ਹਾਂ ਟਰੈਵਲ ਕਾਰੋਬਾਰੀਆਂ ਦੇ ਦਫ਼ਤਰ ਵਿਚ ਕੈਨੇਡਾ ਪੜ੍ਹਾਈ ਲਈ ਆਪਣੀ ਅਰਜ਼ੀ ਦਾਖ਼ਲ ਕਰਦਾ ਹੈ ਤਾਂ ਉਕਤ ਟਰੈਵਲ ਕਾਰੋਬਾਰੀ ਉਨ੍ਹਾਂ ਨੂੰ ਆਪਣੇ ਹੀ ਪ੍ਰਾਈਵੇਟ ਕਾਲਜਾਂ ’ਚ ਦਾਖਲਾਂ ਦਿਵਾ ਕੇ ਆਪਣੀਆਂ ਜੇਬਾਂ ਗਰਮ ਕਰ ਲੈਂਦੇ ਹਨ।

ਕੈਨੇਡਾ ਦੇ ਨਾਂ ’ਤੇ ਚੱਲ ਰਿਹਾ ਹੈ ਕਰੋੜਾਂ ਦਾ ਕਾਰੋਬਾਰ
ਦਰਅਸਲ, ਪੰਜਾਬ ਤੋਂ ਵਿਦੇਸ਼ ਵਿਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਨੂੰ ਤਰਜੀਹ ਦਿੰਦੇ ਹਨ। ਇਸਨੂੰ ਦੇਖਦੇ ਹੋਏ ਹੀ ਕਈ ਏਜੰਟਾਂ ਨੇ ਭਾਰਤ ਦੇ ਨਾਲ-ਨਾਲ ਕੈਨੇਡਾ ਵਿਚ ਵੀ ਆਪਣੇ ਦਫਤਰ ਖੋਲ੍ਹ ਲਏ ਹਨ ਅਤੇ ਕਈ ਏਜੰਟ ਵਿਦਿਆਰਥੀਆਂ ਨੂੰ ਗੁਮਰਾਹ ਕਰ ਕੇ ਗਲਤ ਕਾਲਜਾਂ ਵਿਚ ਦਾਖਲਾ ਦਿਲਵਾ ਦਿੰਦੇ ਹਨ ਅਤੇ ਫਿਰ ਉਨ੍ਹਾਂ ਨੂੰ ਮਾਨਤਾ ਪ੍ਰਾਪਤ ਕਾਲਜਾਂ ਵਿਚ ਦਾਖਲੇ ਲਈ ਦੁਬਾਰਾ ਪੈਸੇ ਖ੍ਰਚ ਕਰਨ ਪੈਂਦੇ ਹਨ।

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਜਿਵੇਂ ਵਿਦਿਆਰਥੀਆਂ ’ਚ ਕੈਨੇਡਾ ਜਾਣ ਦਾ ਕ੍ਰੇਜ਼ ਸਭ ਤੋਂ ਵੱਧ ਹੈ ਤਾਂ ਉਸੇ ਕ੍ਰੇਜ਼ ਨੂੰ ਵੇਖਦੇ ਹੋਏ ਕਈ ਟਰੈਵਲ ਕਾਰੋਬਾਰੀਆਂ ਨੇ ਵਿਦੇਸ਼ ਵਿਚ ਛੋਟੇ-ਛੋਟੇ ਕਾਲਜ ਖ਼ਰੀਦ ਲਏ ਹਨ, ਉੱਥੇ ਹੀ ਵਿਦਿਆਥੀਆਂ ਨੂੰ ਗੁੰਮਰਾਹ ਕਰ ਕੇ ਇਨ੍ਹਾਂ ਪ੍ਰਾਈਵੇਟ ਕਾਲਜਾਂ ’ਚ ਭੇਜਿਆ ਜਾਂਦਾ ਹੈ। ਜੇ ਕਿਸੇ ਦੇ 12ਵੀਂ ’ਚ ਨੰਬਰ ਘੱਟ ਹਨ ਜਾਂ ਪੜ੍ਹਾਈ ਵਿਚ ਗੈਪ ਜ਼ਿਆਦਾ ਹੈ ਤਾਂ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਨ੍ਹਾਂ ਛੋਟੇ-ਛੋਟੇ ਕਾਲਜਾਂ ’ਚ ਭੇਜ ਕੇ ਇਕ ਵਾਰ ਕੈਨੇਡਾ ਪਹੁੰਚਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉੱਥੇ ਪੜ੍ਹਾਈ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਅਤੇ ਉਨ੍ਹਾਂ ਨੂੰ ਮੁੜ ਕਾਲਜ ਬਦਲਣ ਲਈ ਕਿਹਾ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਮੁੜ ਲੱਖਾਂ ਰੁਪਏ ਦੂਜੇ ਕਾਲਜ ਦੀ ਫ਼ੀਸ ਅਦਾ ਕਰਕੇ ਕਾਲਜ ਬਦਲਣਾ ਪੈਂਦਾ ਹੈ। ਆਮ ਤੌਰ ’ਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਾਲਜਾਂ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਫਤੇ ਵਿਚ ਪਾਰਟ ਟਾਈਮ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਉੱਥੇ ਹੀ ਹੁਣ ਭਾਰਤ ਅਤੇ ਕੈਨੇਡਾ ’ਚ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਗੱਲ ਦਾ ਖ਼ਾਮਿਆਜ਼ਾ ਭਾਰਤੀ ਵਿਦਿਆਰਥੀਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਜਨਵਰੀ ਸੈਸ਼ਨ ਨੂੰ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸੈਸ਼ਨ ਮੰਨਿਆ ਜਾਂਦਾ ਹੈ। 12ਵੀਂ ਤੋਂ ਬਾਅਦ ਆਈਲੈਟਸ ਦਾ ਟੈਸਟ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਜਨਵਰੀ ਇਨਟੇਕ ਲਈ ਕੈਨੇਡਾ ਜਾਣਦੀ ਤਿਆਰੀ ’ਚ ਜੁਟ ਜਾਂਦੇ ਹਨ। ਜਨਵਰੀ ਇਨਟੇਕ ਕਾਰਨ ਪੰਜਾਬ ਦੇ ਟਰੈਵਲ ਕਾਰੋਬਾਰੀ ਕਰੀਬ 3-4 ਮਹੀਨੇ ਪਹਿਲਾਂ ਹੀ ਜਨਵਰੀ ਇਨਟੇਕ ਲਈ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਕੈਨੇਡਾ ਅਤੇ ਭਾਰਤ ਵਿਚ ਚੱਲ ਰਹੇ ਤਣਾਅ ਕਾਰਨ ਪੰਜਾਬ ਦੀ ਟਰੈਵਲ ਇੰਡਸਟਰੀ ਵੀ ਸੰਕਟ ’ਚ ਦਿਖਾਈ ਦੇ ਰਹੀ ਹੈ। ਟਰੈਵਲ ਕਾਰੋਬਾਰੀਆਂ ਮੁਤਾਬਕ ਜੇ ਇਸ ਤਣਾਅ ਵਿਚ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਟਰੈਵਲ ਇੰਡਸਟਰੀ ਨੂੰ ਵੀ ਲੱਖਾਂ-ਕਰੋੜਾਂ ਦਾ ਘਾਟਾ ਸਹਿਣ ਕਰਨਾ ਪੈ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਸਰਕਾਰ ਵੱਲੋਂ ਫਰਜ਼ੀ ਦਸਤਾਵੇਜ਼ਾਂ ’ਤੇ ਪੁੱਜੇ 700 ਭਾਰਤੀ ਵਿਦਿਆਰਥੀਆਂ ਦਾ ਫਰਜ਼ੀਵਾੜਾ ਫੜਨ ਤੋਂ ਬਾਅਦ ਕੈਨੇਡਾ ਸਰਕਾਰ ਨੇ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਸਨ ਪਰ ਇਨ੍ਹਾਂ ਵਿਦਿਆਰਥੀਆਂ ਦਾ ਮਾਮਲਾ ਹਾਲੇ ਵੀ ਪੈਂਡਿੰਗ ਚੱਲ ਰਿਹਾ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਭਾਰਤ ਨੇ ਵੀ ਕੈਨੇਡਾ ਸਿਟੀਜ਼ਨ ਲਈ ਵੀਜ਼ਾ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ।

ਟਰੈਵਲ ਕਾਰੋਬਾਰੀਆਂ ਨੇ ਅਰਜ਼ੀਆਂ ਦਾਖ਼ਲ ਕਰਨੀਆਂ ਕੀਤੀਆਂ ਬੰਦ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਅਤੇ ਭਾਰਤ ਵਿਚ ਚੱਲ ਰਹੇ ਤਣਾਅ ਕਾਰਨ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਨੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਪਲਾਈ ਕਰਨੀਆਂ ਬੰਦ ਕਰ ਦਿੱਤੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੈਵਲ ਇੰਡਸਟਰੀ ’ਚ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਇਸ ਤਣਾਅ ਦਾ ਵਿਦਿਆਰਥੀਆਂ ਅਤੇ ਟਰੈਵਲ ਕਾਰੋਬਾਰੀਆਂ ਨੂੰ ਇਸ ਗੱਲ ਦਾ ਖ਼ਾਮਿਆਜ਼ਾ ਨਾ ਭੁਗਤਣਾ ਪਵੇ, ਜਿਸ ਨੂੰ ਲੈ ਕੇ ਟਰੈਵਲ ਕਾਰੋਬਾਰੀ ਮਾਹੌਲ ਠੀਕ ਹੋਣ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ-  ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ

ਪੀ. ਆਰ. ਮਿਲਣੀ ਸੀ ਸੌਖਾਲੀ, ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ
ਆਮ ਤੌਰ ’ਤੇ 12ਵੀਂ ਤੋਂ ਬਾਅਦ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਹੈ ਅਤੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਵੈਨਕੂਵਰ, ਬ੍ਰੈਂਪਟਨ, ਮਿਸੀਸਾਗਾ, ਕੈਲਗਿਰੀ, ਓਟਾਵਾ ਅਤੇ ਹੋਰ ਕਈ ਸੂਬਿਆਂ ਵਿਚ ਪੜ੍ਹਾਈ ਕਰਨ ਲਈ ਅਰਜ਼ੀ ਦਾਖਲ ਕਰਦੇ ਹਨ। ਕਿਉਂਕਿ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਪੀ. ਆਰ. ਮਿਲਣੀ ਸੌਖਾਲੀ ਹੁੰਦੀ ਹੈ। ਪੀ. ਆਰ. ਹਾਸਲ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਮਾਪਿਆਂ ਨੂੰ ਵੀ ਉੱਥੇ ਸੱਦ ਸਕਦੇ ਹਨ। ਇਸੇ ਕਾਰਨ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ।

ਕੈਨੇਡਾ ’ਚ ਕੰਮ ਦੀ ਭਾਰੀ ਕਮੀ, ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਕੰਮ
ਜੇ ਦੂਜੇ ਪਾਸੇ ਵੇਖਿਆ ਜਾਵੇ ਤਾਂ ਕੈਨੇਡਾ ਪਹੁੰਚ ਕੇ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ’ਚ ਕੰਮ ਦੀ ਭਾਰੀ ਕਮੀ ਹੈ, ਜਿਸ ਕਾਰਨ ਉੱਥੇ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਖਾਣ-ਪੀਣ ਦਾ ਖਰਚਾ ਵੀ ਆਪਣੇ ਮਾਪਿਆਂ ਕੋਲੋਂ ਭਾਰਤ ਤੋਂ ਹੀ ਮੰਗਵਾਉਣਾ ਪੈਂਦਾ ਹੈ। ਹੋਰ ਤਾਂ ਹੋਰ ਉੱਥੇ ਪਹੁੰਚੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਦੀ ਫੀਸ ਵੀ ਆਪਣੇ ਮਾਪਿਆਂ ਤੋਂ ਮੰਗਵਾਉਣੀ ਪੈਂਦੀ ਹੈ। ਉੱਥੇ ਹੀ ਕੈਨੇਡਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਉੱਥੇ ਪਹੁੰਚੇ ਕਈ ਵਿਦਿਆਰਥੀਆਂ ਨੇ ਤਾਂ ਸੋਸ਼ਲ ਮੀਡੀਆ ’ਤੇ ਕੰਮ ਨਾ ਮਿਲਣ ਕਾਰਨ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਵੀਡੀਓ ਵੀ ਪੋਸਟ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਤਣਾਅ ਨੂੰ ਲੈ ਕੇ ਉੱਥੇ ਪੁੱਜੇ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ-  ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ 'ਚ ਡਰੈੱਸ ਕੋਡ ਲਾਗੂ, ਹੁਣ ਫੋਟੋ ਖਿੱਚਣ 'ਤੇ ਵੀ ਹੋਈ ਮਨਾਹੀ

ਟਰੈਵਲ ਕਾਰੋਬਾਰੀਆਂ ਨੂੰ ਵੀ ਲੱਗ ਸਕਦੈ ਝਟਕਾ
ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਕਈ ਟਰੈਵਲ ਕਾਰੋਬਾਰੀਆਂ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਭਾਰਤੀ ਵਿਦਿਆਰਥੀਆਂ ਦੇ ਹਰ ਸਾਲ ਵਧ ਰਹੇ ਰੁਝਾਨ ਨੂੰ ਦੇਖ ਕੇ ਕਈ ਟਰੈਵਲ ਕਾਰੋਬਾਰੀਆਂ ਨੇ ਕੈਨੇਡਾ ਵਿਚ ਕਰੋੜਾਂ ਰੁਪਏ ਨਿਵੇਸ਼ ਕਰ ਕੇ ਆਪਣੇ ਕਾਲਜ ਖਰੀਦ ਲਏ ਸਨ, ਜਿਸ ਨੂੰ ਲੈ ਕੇ ਕਈ ਟਰੈਵਲ ਕਾਰੋਬਾਰੀ ਹਰ ਸਾਲ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ’ਚ ਹੀ ਭੇਜਦੇ ਸਨ। ਜੇ ਕੁਝ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਟਰੈਵਲ ਕਾਰੋਬਾਰੀਆਂ ਵੱਲੋਂ ਵਿਦੇਸ਼ਾਂ ਦੇ ਕਾਲਜਾਂ ’ਚ ਦਾਖਲਾ ਦਿਵਾਉਣ ’ਤੇ 15 ਤੋਂ 30 ਫ਼ੀਸਦੀ ਤੱਕ ਦੀ ਕਮਿਸ਼ਨ ਆਉਂਦੀ ਸੀ, ਜਿਸ ਤੋਂ ਬਾਅਦ ਕਈ ਏਜੰਟਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਦੇ ਵਧ ਰਹੇ ਰੁਝਾਨ ਨੂੰ ਵੇਖਦੇ ਹੋਏ ਉੱਥੇ ਆਪਣੇ ਕਾਲਜ ਹੀ ਖਰੀਦ ਲਏ ਤਾਂ ਕਿ ਉੱਥੇ ਪੁੱਜਣ ਵਾਲੇ ਵਿਦਿਆਰਥੀਆਂ ਕੋਲੋਂ ਲਈ ਜਾਣ ਵਾਲੀ ਸਾਰੀ ਫ਼ੀਸ ਆਪਣੀ ਹੀ ਹੋਵੇ। ਉੱਥੇ ਹੀ ਹੁਣ ਇਸ ਤਣਾਅ ਨੂੰ ਵੇਖ ਕੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਵਿਦਿਆਰਥੀਆਂ ਨੂੰ ਵੀਜ਼ਾ ਨਾ ਮਿਲਿਆ ਤਾਂ ਉੱਥੇ ਕਰੋੜਾਂ ਰੁਪਏ ਨਿਵੇਸ਼ ਕਰਕੇ ਆਪਣੇ ਕਾਲਜ ਖੋਲ ਕੇ ਬੈਠੇ ਕਈ ਟਰੈਵਲ ਕਾਰੋਬਾਰੀਆਂ ਨੂੰ ਵੀ ਝਟਕਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News