ਮਨੁੱਖੀ ਜ਼ਿੰਦਗੀਆਂ ਨਿਗਲਣ ਲਈ ਤਿਆਰ 137 ਸਾਲ ਪੁਰਾਣਾ ਅਣਸੁਰੱਖਿਅਤ ਪੁਲ (ਤਸਵੀਰਾਂ)

Monday, Jan 20, 2020 - 04:05 PM (IST)

ਮਨੁੱਖੀ ਜ਼ਿੰਦਗੀਆਂ ਨਿਗਲਣ ਲਈ ਤਿਆਰ 137 ਸਾਲ ਪੁਰਾਣਾ ਅਣਸੁਰੱਖਿਅਤ ਪੁਲ (ਤਸਵੀਰਾਂ)

ਰੂਪਨਗਰ (ਸੱਜਨ ਸੈਣੀ)— ਰੂਪਨਗਰ ਸ਼ਹਿਰ 'ਚ ਅੰਗਰੇਜਾਂ ਵੱਲੋਂ 137 ਸਾਲ ਪਹਿਲਾਂ ਸਨ 1882 'ਚ ਸਰਹੰਦ ਨਹਿਰ 'ਤੇ ਬਣਾਇਆ ਪੁਲ 37 ਸਾਲ ਪਹਿਲਾ ਆਪਣੀ ਉਮਰ ਪੂਰੀ ਕਰ ਚੁੱਕਾ ਹੈ ਅਤੇ 13 ਸਾਲ ਪਹਿਲਾ 2006 'ਚ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪੁਲ ਨੂੰ ਅਣਸੁਰੱਖਿਆ ਐਲਾਨਿਆ ਜਾ ਚੁੱਕਾ ਹੈ। ਉਸ ਦੇ ਬਾਵਜੂਦ ਉਕਤ ਪੁਲ 'ਤੇ ਆਵਾਜਾਈ ਬੰਦ ਨਾ ਨੂੰ ਲੈ ਕੇ ਜਾਪਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਵੇ ਵੱਡੇ ਹਾਦਸੇ ਦੀ ਉਡੀਕ 'ਚ ਹੈ। ਆਮ ਜਿਹੀ ਕਹਾਵਤ ਹੈ ਕਿ ਸਾਡੇ ਦੇਸ਼ 'ਚ ਸਮਾਂ ਰਹਿੰਦੇ ਸਰਕਾਰਾਂ ਅਤੇ ਪ੍ਰਸ਼ਾਸਨ ਕਦੇ ਨਹੀਂ ਜਾਗਦੀਆਂ ਹਨ ਅਤੇ ਜਦੋਂ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਉਸ ਦੇ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਦੇ ਜ਼ਖਮਾਂ 'ਤੇ ਮੁਆਵਜੇ ਦੀ ਮੱਲ੍ਹਮ ਲਗਾ ਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ। ਜਿਸ ਦੀ ਸਾਫ ਮਿਸਾਲ ਦੇਖੀ ਜਾ ਸਕਦੀ ਹੈ। ਪੁਲ ਦੇ ਹੇਠਾਂ ਥਾਂ-ਥਾਂ ਦਰਾਰਾਂ ਆਈਆਂ ਹਨ। ਸਰੀਏ ਸੀਮੇਟ ਛੱਡ ਚੁੱਕੇ ਹਨ। ਆਪਣਾ ਭਾਰ ਮਸਾ ਸੰਭਾਲ ਰਹੇ ਇਸ 137 ਸਾਲਾ ਬਜ਼ੁਰਗ ਪੁਲ ਦੇ ਮੋਢਿਆਂ 'ਤੇ ਕਈ ਸਰਕਾਰੀ ਵਿਭਾਗਾਂ ਵੱਲੋਂ ਭਾਰੀ ਭਰਕਮ ਲੋਹੇ ਦੀਆਂ ਪਾਈਪਾਂ ਦਾ ਵਾਧੂ ਭਾਰ ਪਾਇਆ ਹੋਇਆ ਹੈ, ਜਿਸ 'ਚ ਕਈ ਟੈਲੀਫੋਨ ਕੰਪਨੀਆਂ ਅਤੇ ਸ਼ਹਿਰ ਨੂੰ ਸਪਲਾਈ ਕਰਦੀ ਵੱਡੀ ਪਾਈਪ ਲਾਈਨ ਪਾਈ ਹੋਈ ਹੈ, ਜੋ ਇਸ ਪੁਲ ਦੇ ਵਿਨਾਸ਼ ਦਾ ਕਰਨ  ਬਣਨ ਜਾ ਰਹੀ ਹੈ।

PunjabKesari

ਸ਼ਹਿਰਵਾਸੀ ਸਰਬਜੀਤ ਸਿੰਘ ਹੁੰਦਲ, ਅਮਰਜੀਤ ਸਿੰਘ, ਅਵਤਾਰ ਸਿੰਘ, ਆਯੂਸ਼ ਠਾਕੁਰ, ਇਕਬਾਲ ਸਿੰਘ, ਜਸਬੀਰ ਸਿੰਘ ਅਤੇ ਸਿਮਰਜੀਤ ਸਿੰਘ ਨੇ ਦੱਸਿਆ ਕਿ ਇਸ ਪੁਲ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਜਨਤਾ ਅਤੇ ਛੋਟੇ-ਛੋਟੇ ਸਕੂਲੀ ਬੱਚਿਆਂ ਨਾਲ ਲੱਦੇ ਵਾਹਨ ਕਈ ਵਾਰ ਆਰ-ਪਾਰ ਹੁੰਦੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਭਾਰੀ ਲੋਡ ਵਾਲੇ ਵਾਹਨ ਪੁਲ ਦੀ ਜਾਨ ਕੱਢਣ 'ਚ ਲੱਗੇ ਹੈ ਪਰ ਸਬੰਧਤ ਵਿਭਾਗ ਵੱਲੋਂ ਨਾ ਤਾਂ ਇਸ ਪੁਲ ਤੋਂ ਆਵਜਾਈ ਰੋਕੀ ਜਾ ਰਹੀ ਹੈ ਅਤੇ ਨਾ ਹੀ ਭਾਰੀ ਵਾਹਨਾਂ ਦੀ ਆਵਾਜਾਈ ਹੀ ਬੰਦ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸੇ ਵੀ ਸਮੇਂ ਇਸ ਪੁਲ ਦੇ ਡਿੱਗਣ ਕਰਕੇ ਵੱਡਾ ਜਾਨੀ ਮਾਲੀ ਨੁਕਸਾਨ ਹੋ ਕਰਦਾ ਹੈ ਅਤੇ ਸੈਂਕੜੇ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਜਾ ਸਕਦੀਆਂ ਹਨ। ਉਕਤ ਵਿਆਕਤੀਆਂ ਨੇ ਕਿਹਾ ਕਿ ਜੇਕਰ ਪੁਲ ਡਿੱਗਣ ਕਰਕੇ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਅਣਸੁਰੱਖਿਅਤ ਐਲਾਨਣ ਦੇ 13 ਸਾਲ ਬਾਅਦ ਵੀ ਇਸ ਪੁਲ ਨੂੰ ਬੰਦ ਨਾ ਕਰਨ ਤੋਂ ਇਹ ਤਾ ਸਾਫ ਜ਼ਾਹਰ ਹੋ ਗਿਆ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਪ੍ਰਸਾਸ਼ਨ ਹਾਦਸਾ ਹੋਣ ਦੇ ਬਾਅਦ ਹੀ ਜਾਗਦੇ ਹਨ।

PunjabKesari

ਅਨਸੇਫ ਪੁਲ ਦੇ ਚਲਦੇ ਕਰੋੜਾਂ ਖਰਚ ਕਰਕੇ ਬਣਾਇਆ ਨਵਾਂ ਪੁਲ ਪਰ ਪੁਰਾਣੇ ਨੂੰ ਨਹੀਂ ਕੀਤਾ ਬੰਦ
ਇਸ ਪੁਲ ਨੂੰ ਸ਼ਹਿਰ ਦਾ ਹਾਰਟ ਵੀ ਕਿਹਾ ਜਾਂਦਾ ਹੈ ਕਿਉਂਕਿ ਸ਼ਹਿਰ ਦੀ ਮੁੱਖ ਐਂਟਰੀ ਇਸੇ ਪੁਲ ਤੋਂ ਹੁੰਦੀ ਹੈ। 2007 'ਚ ਅਨਸੇਫ ਕਰਨ ਦੇ ਬਾਅਦ ਜਦੋਂ ਇਸ ਪੁਲ ਨੂੰ ਬੰਦ ਕਰਨ ਦੀ ਗੱਲ ਚੱਲੀ ਤਾਂ ਸ਼ਹਿਰ ਵਾਸੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ, ਜਿਸ ਕਰਕੇ ਸਰਕਾਰ ਨੂੰ 2010 'ਚ ਇਸ ਪੁਲ ਤੋਂ ਮਹਿਜ 500 ਮੀਟਰ ਦੀ ਦੂਰੀ 'ਤੇ ਰੂਪਨਗਰ ਰੇਲਵੇ ਸਟੇਸ਼ਨ ਦੇ ਸਾਹਮਣੇ ਕਰੋੜਾਂ ਰੁਪਏ ਖਰਚ ਕਰਕੇ ਲੋਹੇ ਦੇ ਪੁਲ ਦਾ ਨਿਰਮਾਣ ਕਰਵਾਇਆ, ਜੋ 20 ਜੂਨ 2013 'ਚ ਸ਼ਹਿਰ ਵਾਸੀਆਂ ਲਈ ਖੋਲ੍ਹਿਆ ਗਿਆ ਸੀ। ਨਵਾਂ ਪੁਲ ਬਣਾਉਣ ਦੇ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਨਾ ਤਾਂ ਪੁਰਾਣੇ ਅਣਸੁਰੱਖਿਅਤ ਪੁਲ ਨੂੰ ਆਵਾਜਾਈ ਲਈ ਬੰਦ ਕੀਤਾ ਅਤੇ ਨਾ ਹੀ ਇਸ 'ਤੇ ਭਾਰੀ ਵਾਹਨਾਂ ਦੀ ਆਵਜਾਈ ਨੂੰ ਹੀ ਬੰਦ ਕੀਤਾ। ਹੁਣ 137 ਸਾਲ ਪੁਰਾਣੇ ਬਜ਼ੁਰਗ ਹੋ ਚੁੱਕੇ ਇਸ ਪੁਲ ਦੀ ਹਾਲਤ ਵੈਟੀਲੇਟਰ 'ਤੇ ਲੱਗੇ ਉਸ ਬਜ਼ੁਰਗ ਦੀ ਤਰ੍ਹਾਂ ਹੈ, ਜੋ ਕਿਸੇ ਵੀ ਸਮੇਂ ਰੁਕਸਤ ਹੋ ਸਕਦਾ ਹੈ।

ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਹੈ ਪ੍ਰਸ਼ਾਸ਼ਨ ਦਾ
ਜਦੋਂ ਇਸ ਅਣਸੁਰੱਖਿਅਤ ਪੁਲ ਕਾਰਨ ਖਤਰੇ 'ਚ ਪਈਆਂ ਮਨੁੱਖੀ ਜ਼ਿੰਦਗੀਆਂ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਸ਼ਾਲ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਪੁਲ ਨੂੰ 2007 'ਚ ਅਣਸੁਰੱਖਿਆ ਐਲਾਨਿਆ ਜ ਚੁੱਕਾ ਹੈ ਅਤੇ ਲੋਕਾਂ ਦੀ ਸੁਵਿਧਾ ਲਈ 2010 'ਚ ਨਾਲ ਹੀ ਵੱਡਾ ਲੋਹੇ ਦਾ ਪੁਲ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਣਸੁਰੱਖਿਅਤ ਪੁਲ 'ਤੇ ਆਵਾਜਾਈ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐੱਸ. ਐੱਸ. ਪੀ.  ਰੂਪਨਗਰ ਨੂੰ ਲਿਖਿਆ ਗਿਆ ਹੈ। ਜਦਕਿ ਡਿਪਟੀ ਕਮਿਸ਼ਨਰ ਰੂਪਨਗਰ ਸਮਿੰਤ ਜਰਾਗਲ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤੁਰੰਤ ਇਸ ਪੁਲ 'ਤੇ ਆਵਾਜਾਈ ਬੰਦ ਕਰਵਾ ਦਿੱਤੀ ਜਾਵੇਗੀ।


author

shivani attri

Content Editor

Related News