ਪੰਜਾਬ 'ਚ ਸਕੈਨ ਸੈਂਟਰ 'ਤੇ ਚੱਲੀਆਂ ਗੋਲ਼ੀਆਂ! ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Wednesday, Jun 03, 2026 - 06:59 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਸ਼ਹਿਰ ਵਿਚ ਇਕ ਬੰਦ ਪਏ ਸਕੈਨ ਸੈਂਟਰ 'ਤੇ ਅੰਨ੍ਹੇਵਾਹ ਅੱਧੀ ਰਾਤ ਨੂੰ ਫਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ਨੂੰ ਸੁਲਝਾਉਣ ਚ ਪੁਲਸ ਨੂੰ ਅਜੇ ਤੱਕ ਕੋਈ ਕਾਮਯਾਬੀ ਨਾ ਮਿਲਣ ਕਰਕੇ ਉਕਤ ਵਾਰਦਾਤ ਅਜੇ ਤੱਕ ਪੁਲਸ ਅਤੇ ਲੋਕਾਂ ਲਈ ਪਹੇਲੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 31 ਮਈ ਦੀ ਰਾਤ ਨੂੰ ਕਰੀਬ 3 ਵਜੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੇ ਸਾਹਮਣੇ ਬੰਦ ਪਏ ਇਕ ਸਕੈਨ ਸੈਂਟਰ 'ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵੱਲੋਂ ਇਕ ਦਰਜਨ ਤੋਂ ਵੀ ਵੱਧ ਫਾਇਰ ਕੀਤੇ ਗਏ ਸਨ।
ਇਸ ਦੌਰਾਨ ਰਾਤ ਦਾ ਸਮਾਂ ਹੋਣ ਕਰਕੇ ਭਾਵੇਂ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਬੰਦ ਪਏ ਸਕੈਨ ਸੈਂਟਰ ਦੇ ਸ਼ਟਰਾਂ ’ਤੇ ਗੋਲ਼ੀਆਂ ਚਲਾਉਣ ਦੀ ਵਾਰਦਾਤ ਨੇ ਲੋਕਾਂ ਦੇ ਮਨਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਸੀ। ਉਕਤ ਵਾਰਦਾਤ ਭਾਵੇਂ ਰਾਤ ਨੂੰ ਤਿੰਨ ਵਜੇ ਵਾਪਰੀ ਸੀ ਪਰ ਪੁਲਸ ਨੂੰ 9 ਘੰਟਿਆਂ ਬਾਅਦ ਦੁਪਹਿਰ 12 ਵਜੇ ਲੋਕਾਂ ਤੋਂ ਸੂਚਨਾ ਮਿਲਣ ’ਤੇ ਇਸ ਦਾ ਪਤਾ ਚੱਲਿਆ ਸੀ। ਉਕਤ ਵਾਰਦਾਤ ਤੋਂ ਬਾਅਦ ਪੁਲਸ ਨੇ ਮੌਕੇ ਤੋਂ ਇਕ ਪਿਸਟਲ ਰਾਹੀਂ 12 ਚੱਲੇ ਹੋਏ ਕਾਰਤੂਸ ਬਰਾਮਦ ਕਰਨ ਉਪਰੰਤ ਤੇਜ਼ੀ ਨਾਲ ਜਾਂਚ ਆਰੰਭ ਕਰਨ ਦਾ ਦਾਅਵਾ ਕਰਦਿਆਂ ਇਸ ਮਾਮਲੇ ਚ ਕੁਝ ਅਣਪਛਾਤੇ ਵਿਅਕਤੀਆਂ ਨੂੰ ਵੀ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਨਾਮਜ਼ਦ ਕੀਤਾ ਸੀ।
ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ

ਖੇਤਰ ’ਚ ਇਕ ਥਾਣਾ ਅਤੇ ਦੋ ਪੁਲਸ ਚੌਕੀਆਂ ਹੋਣ ਦੇ ਬਾਵਜੂਦ ਉਕਤ ਅਨਸਰਾਂ ਵੱਲੋਂ ਬਚ ਕੇ ਨਿਕਲ ਜਾਣਾ ਜਿੱਥੇ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਚਾਰ ਦਿਨ ਦਾ ਸਮਾਂ ਬੀਤ ਜਾਣ ’ਤੇ ਵੀ ਮੁਲਜ਼ਮਾਂ ਦੇ ਗ੍ਰਿਫ਼ਤ ’ਚ ਨਾ ਆਉਣ ’ਤੇ ਲੋਕਾਂ ਦੀ ਇਸ ਮਾਮਲੇ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧਦੀ ਜਾ ਰਹੀ ਹੈ। ਘਟਨਾ ਤੋਂ ਬਾਅਦ ਭਾਵੇਂ ਪੁਲਸ ਨੇ ਤੇਜੀ ਨਾਲ ਜਾਂਚ ਆਰੰਭ ਕਰ ਕੇ ਉਕਤ ਮਾਮਲੇ ਨੂੰ ਤੁਰੰਤ ਹੱਲ ਕਰ ਲਏ ਜਾਣ ਦਾ ਦਾਅਵਾ ਜਤਾਇਆ ਸੀ ਪਰ ਪੁਲਸ ਨੂੰ ਅਜੇ ਤੱਕ ਮਾਮਲੇ ਨੂੰ ਸੁਲਝਾਉਣ ’ਚ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਹੈ ਜਿਸ ਨੂੰ ਲੈ ਕੇ ਲੋਕ ਦੇ ਮਨਾਂ ’ਚ ਵੀ ਮਾਮਲੇ ਦਾ ਅਸਲ ਕਾਰਨ ਜਾਨਣ ਨੂੰ ਲੈ ਕੇ ਬੇਚੈਨੀ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਮਾਮਲੇ ਨੂੰ ਹੱਲ ਕਰਨ ਲਈ ਤਕਨੀਕੀ ਢੰਗ ਨਾਲ ਟੀਮਾਂ ਜੁਟੀਆਂ ਹੋਈਆਂ ਹਨ: ਡੀ.ਐੱਸ.ਪੀ.
ਇਸ ਸਮੁੱਚੇ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਨ ’ਤੇ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਜਸ਼ਨਦੀਪ ਸਿੰਘ ਮਾਨ ਨੇ ਆਖਿਆ ਕਿ ਪੁਲਸ ਅਧਿਕਾਰੀ ਉਸੀ ਦਿਨ ਤੋਂ ਮਾਮਲੇ ਨੂੰ ਸੁਲਝਾਉਣ ਲਈ ਜੁਟੇ ਹੋਏ ਹਨ। ਉਨ੍ਹਾਂ ਆਖਿਆ ਕਿ ਵਿਭਾਗ ਦੀਆਂ ਟੀਮਾਂ ਨੂੰ ਵੱਖ-ਵੱਖ ਸਥਾਨਾਂ ਲਈ ਰਵਾਨਾ ਕੀਤਾ ਹੋਇਆ ਹੈ ਅਤੇ ਸਮੁੱਚੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਤੋਂ ਇਲਾਵਾ ਮੁਲਜ਼ਮਾਂ ਨੂੰ ਤਕਨੀਕੀ ਢੰਗ ਨਾਲ ਟਰੇਸ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਸਬੰਧੀ ਪਤਾ ਚੱਲਣ ’ਤੇ ਜਲਦ ਖੁਲਾਸਾ ਕੀਤਾ ਜਾਵੇਗਾ ਦੂਜੇ ਪਾਸੇ ਲੋਕਾਂ ਨੇ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਨੂੰ ਜਲਦ ਹੱਲ ਕਰਕੇ ਇਲਾਕਾ ਵਾਸੀਆਂ ’ਚ ਪਾਈ ਜਾ ਰਹੀ ਬੇਚੈਨੀ ਨੂੰ ਦੂਰ ਕੀਤਾ ਜਾਵੇ ਅਤੇ ਨਾਲ ਹੀ ਨੂਰਪੁਰਬੇਦੀ ਖੇਤਰ ’ਚ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਦੀ ਰਾਤ ਸਮੇਂ ਦੀ ਗਸ਼ਤ ਵਧਾਈ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ ਇਕੱਠਿਆਂ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
