ਨਿਹੰਗ ਬਾਣੇ ''ਚ ਆਏ ਵਿਅਕਤੀ ਨੇ ਦੋ ਤੰਬਾਕੂ ਦੇ ਖੋਖਿਆਂ ਨੂੰ ਲਾਈ ਅੱਗ

Monday, Aug 31, 2026 - 03:29 PM (IST)

ਨਿਹੰਗ ਬਾਣੇ ''ਚ ਆਏ ਵਿਅਕਤੀ ਨੇ ਦੋ ਤੰਬਾਕੂ ਦੇ ਖੋਖਿਆਂ ਨੂੰ ਲਾਈ ਅੱਗ

ਕਪੂਰਥਲਾ- ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਨੇੜੇ ਕਾਲਾ ਸੰਘਿਆਂ ਫਾਟਕ ਕੋਲ ਐਤਵਾਰ ਨੂੰ ਬੀੜੀ, ਸਿਗਰਟ ਅਤੇ ਤੰਬਾਕੂ ਵੇਚਣ ਵਾਲੇ ਦੋ ਖੋਖਿਆਂ ਨੂੰ ਨਿਹੰਗ ਸਿੰਘ ਬਾਣੇ 'ਚ ਆਏ ਇਕ ਵਿਅਕਤੀ ਨੇ ਭੰਨਤੋੜ ਕਰਨ ਮਗਰੋਂ ਅੱਗ ਲਗਾ ਦਿੱਤੀ। ਇਸ ਵਾਰਦਾਤ ਕਾਰਨ ਦੋਵਾਂ ਖੋਖਿਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਰੀਬ 20 ਮਿੰਟਾਂ 'ਚ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਖੋਖਿਆਂ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਨਗਰ ਦੇ ਰਹਿਣ ਵਾਲੇ ਖੋਖਾ ਮਾਲਕ ਰਿੰਕੂ ਸ਼ਾਹ ਨੇ ਦੱਸਿਆ ਕਿ ਉਹ ਬੈਸਟ ਵੈਸਟਰਨ ਹੋਟਲ ਸਾਹਮਣੇ ਆਪਣੇ ਖੋਖੇ 'ਤੇ ਬੈਠਾ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਆਏ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਡੰਡੇ ਨਾਲ ਸ਼ੀਸ਼ਾ ਤੋੜ ਕੇ ਉਸ ਨਾਲ ਕੁੱਟਮਾਰ ਕਰ ਦਿੱਤੀ। ਪੀੜਤ ਮੁਤਾਬਕ ਉਕਤ ਵਿਅਕਤੀ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ, ਇਸ ਲਈ ਉਹ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਖ਼ਤਮ ਕਰ ਦੇਵੇਗਾ। ਰਿੰਕੂ ਸ਼ਾਹ ਮੁਤਾਬਕ ਜਦੋਂ ਉਸ ਨੇ ਖੋਖਾ ਬੰਦ ਕਰਨ ਦੀ ਗੱਲ ਕਹੀ ਤਾਂ ਉਸ ਵਿਅਕਤੀ ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਧਮਕਾਇਆ। ਰਿੰਕੂ ਨੇ ਦੱਸਿਆ ਕਿ ਕਰੀਬ 5,000 ਤੋਂ 17,000 ਰੁਪਏ ਦਾ ਨੁਕਸਾਨ ਹੋਇਆ ਹੈ। 

PunjabKesari

ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਦੂਜੇ ਖੋਖਾ ਮਾਲਕ ਸੂਰਜ ਕੁਮਾਰ ਵਾਸੀ ਨਵੀਂ ਦਾਣਾ ਮੰਡੀ ਨੇ ਦੱਸਿਆ ਕਿ ਉਸੇ ਵਿਅਕਤੀ ਨੇ ਰੇਲਵੇ ਫਾਟਕ ਨੇੜੇ ਉਸ ਦੇ ਖੋਖੇ 'ਤੇ ਵੀ ਡੰਡੇ ਨਾਲ ਹਮਲਾ ਕੀਤਾ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਸੂਰਜ ਨੇ ਦੱਸਿਆ ਕਿ ਉਹ ਪਿਛਲੇ 8-9 ਸਾਲਾਂ ਤੋਂ ਇਹ ਖੋਖਾ ਚਲਾ ਰਿਹਾ ਸੀ। ਅੱਗ ਕਾਰਨ ਉਸ ਦਾ ਖੋਖਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ 20 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੁੱਲ੍ਹ 70,000 ਤੋਂ 80,000 ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤਾਂ ਨੇ ਪੁਲਸ ਤੋਂ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਪ੍ਰਸ਼ਾਸਨ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਥੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨਿਹੰਗ ਬਾਣੇ ਵਾਲੇ ਵਿਅਕਤੀ ਵੱਲੋਂ ਦੋ ਖੋਖਿਆਂ ਨੂੰ ਅੱਗ ਲਗਾਉਣ ਦੀ ਇਤਲਾਹ ਮਿਲੀ ਸੀ। ਪੁਲਸ ਪੀ. ਸੀ. ਆਰ. ਟੀਮਾਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ ਨਵਾਂ ਫਾਰਮੂਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News