''ਨਾਬਾਰਡ'' ਕਰਜ਼ਾ ਸਕੀਮਾਂ ਦੇ ਨਿਯਮ ਪੰਜਾਬ ਦੇ ਅਨੁਕੂਲ ਬਣਾਵੇ : ਬਾਜਵਾ

02/13/2020 11:42:16 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਨਾਬਾਰਡ ਨੂੰ ਆਪਣੀਆਂ ਨੀਤੀਆਂ, ਪ੍ਰੋਗਰਾਮ ਅਤੇ ਦਿਸ਼ਾ-ਨਿਰਦੇਸ਼ ਸੂਬਿਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨਾਬਾਰਡ ਨੂੰ ਆਪਣੇ ਕਰਜ਼ਾ ਨਿਯਮ ਪੰਜਾਬ ਦੇ ਅਨੁਕੂਲ ਬਣਾਉਣੇ ਚਾਹੀਦੇ ਹਨ। ਨਾਬਾਰਡ ਵਲੋਂ ਪੰਜਾਬ ਸੂਬੇ ਲਈ ਸਾਲ 2020-21 ਲਈ 230664.81 ਕਰੋੜ ਰੁਪਏ ਦੀ ਕਰਜ਼ਾ ਸਮਰੱਥਾ ਵਾਲਾ ਸਟੇਟ ਕ੍ਰੈਡਿਟ ਸੈਮੀਨਾਰ ਕਰਵਾਇਆ ਗਿਆ।

ਬਾਜਵਾ ਵਲੋਂ ਸਟੇਟ ਕ੍ਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਨਾਬਾਰਡ ਵਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਵੀ ਜਾਰੀ ਕੀਤਾ ਗਿਆ। ਭਾਰਤੀ ਰਿਜ਼ਰਵ ਬੈਂਕ ਵਲੋਂ ਦਿੱਤੇ ਗਏ ਸੋਧੇ ਨਿਯਮਾਂ ਅਨੁਸਾਰ ਨਾਬਾਰਡ ਨੇ ਪੰਜਾਬ 'ਚ ਤਰਜੀਹੀ ਖੇਤਰ ਲੈਂਡਿੰਗ (ਉਧਾਰ) ਅਧੀਨ 230664.81 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਅਨੁਮਾਨ ਲਾਇਆ ਗਿਆ। ਸਮੁੱਚੀ ਕਰਜ਼ਾ ਯੋਜਨਾ 'ਚੋਂ ਫ਼ਸਲੀ ਕਰਜ਼ੇ ਦਾ ਹਿੱਸਾ 98211.12 ਕਰੋੜ (ਕੁੱਲ ਦਾ 43 ਫੀਸਦੀ) ਰੁਪਏ, ਖੇਤੀਬਾੜੀ ਟਰਮ ਲੋਨ 23899.46 ਕਰੋੜ (10 ਫੀਸਦੀ) ਰੁਪਏ, ਐੱਮ. ਐੱਸ. ਐੱਮ. ਈ. ਲਈ 42091.60 ਕਰੋੜ (18 ਫੀਸਦੀ) ਰੁਪਏ, ਸਹਾਇਕ ਖੇਤੀਬਾੜੀ ਗਤੀਵਿਧੀਆਂ ਲਈ 15002.60 ਕਰੋੜ (7 ਫੀਸਦੀ) ਰੁਪਏ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਲਈ 6580.58 ਕਰੋੜ (3 ਫੀਸਦੀ) ਰੁਪਏ ਹੈ।
ਬਾਜਵਾ ਨੇ ਅਜਿਹੇ ਢਾਂਚੇ ਵਾਲੇ ਅਤੇ ਵਿਆਪਕ ਦਸਤਾਵੇਜ਼ਾਂ ਨੂੰ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਸੂਬੇ ਦੀ ਪੇਂਡੂ ਆਰਥਿਕਤਾ ਦੇ ਹਰੇਕ ਉਪ-ਖੇਤਰ ਅਧੀਨ ਉਪਲੱਬਧ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਅਨੁਮਾਨਤ ਕਰਜ਼ਾ ਸੰਭਾਵਨਾ ਅਤੇ ਟੀਚਾਗਤ ਵਿਕਾਸ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਬੈਂਕਾਂ ਨੂੰ ਖੇਤੀਬਾੜੀ ਆਮਦਨ 'ਚ ਵਾਧਾ ਕਰਨ ਅਤੇ ਸਾਲ-2022 ਤੱਕ ਇਸ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਪੂੰਜੀਗਤ ਇਕਾਈਆਂ ਜਿਵੇਂ ਕਿ ਡੇਅਰੀ, ਪੋਲਟਰੀ, ਮੱਛੀ ਪਾਲਣ ਅਤੇ ਐਗਰੋ-ਪ੍ਰੋਸੈਸਿੰਗ ਇਕਾਈਆਂ ਲਈ ਕਰਜ਼ਾ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਲਈ ਉਨ੍ਹਾਂ ਦੇ ਖੇਤਾਂ 'ਚ ਛੋਟੀਆਂ ਅਤੇ ਵਪਾਰਕ ਡੇਅਰੀ ਇਕਾਈਆਂ, ਸੂਰ ਪਾਲਣ, ਪੋਲਟਰੀ ਇਕਾਈਆਂ ਦੇ ਨਾਲ-ਨਾਲ ਛੋਟੇ-ਛੋਟੇ ਬਗੀਚੇ ਲਾਉਣ ਦੀ ਲੋੜ 'ਤੇ ਜ਼ੋਰ ਵੀ ਦਿੱਤਾ।
ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਜੀਤ ਖੰਨਾ ਨੇ ਐੱਫ. ਪੀ. ਓਜ਼ ਵਰਗੇ ਕਿਸਾਨੀ ਅਤੇ ਖੇਤੀ ਸਹਾਇਕ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਨਾਬਾਰਡ ਵਲੋਂ ਆਪਣੇ ਸਟੇਟ ਫੋਕਸ ਪੇਪਰ 'ਚ ਅਤਿ ਆਧੁਨਿਕ ਖੇਤੀ ਵੱਲ ਦਿੱਤੇ ਧਿਆਨ ਦੀ ਸ਼ਲਾਘਾ ਵੀ ਕੀਤੀ।

ਪੰਜਾਬ ਖੇਤਰੀ ਦਫਤਰ ਨਾਬਾਰਡ ਦੇ ਚੀਫ਼ ਜਨਰਲ ਮੈਨੇਜਰ ਜੇ.ਪੀ. ਬਿੰਦਰਾ ਨੇ ਖੇਤੀਬਾੜੀ ਉਤਪਾਦਕਤਾ 'ਚ ਆਈ ਖੜ੍ਹੋਤ, ਘੱਟ ਰਹੇ ਪਾਣੀ ਦੇ ਪੱਧਰ, ਵਾਤਾਵਰਣ ਸਬੰਧੀ ਚਿੰਤਾਵਾਂ ਅਤੇ ਕਾਮਿਆਂ ਦੀ ਘਾਟ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਅਤਿ-ਆਧੁਨਿਕ ਖੇਤੀਬਾੜੀ ਅਪਣਾਉਣ ਨਾਲ ਉਨ੍ਹਾਂ ਨੂੰ ਵਧੀਆ ਲਾਭ ਮਿਲੇਗਾ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਖੇਤਰੀ ਨਿਰਦੇਸ਼ਕ ਜੋਤੀ ਕੁਮਾਰ ਪਾਂਡੇ ਨੇ ਵਿੱਤੀ ਸ਼ਮੂਲੀਅਤ ਅਤੇ ਡਿਜੀਟਲ ਜਾਗਰੂਕਤਾ ਵਧਾਉਣ ਲਈ ਨਾਬਾਰਡ ਵਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ।


Babita

Content Editor

Related News