ਕਾਂਗਰਸ ਸਰਕਾਰ ''ਚ ਨਹੀਂ ਦਿਖਿਆ ''ਮੋਹਾਲੀ'' ਸ਼ਹਿਰ ਦਾ ਕਰੇਜ਼, ਇਸੇ ਲਈ ਤਾਂ...
Monday, Aug 14, 2017 - 12:39 PM (IST)
ਮੋਹਾਲੀ : ਪਿਛਲੀ ਅਕਾਲੀ-ਭਾਜਪਾ ਸਰਕਾਰ ਮੋਹਾਲੀ ਨੂੰ ਇਕ ਵਿਸ਼ਵ ਪੱਧਰੀ ਸ਼ਹਿਰ ਦੀ ਤਰ੍ਹਾਂ ਦੇਖਦੀ ਸੀ ਪਰ ਕਾਂਗਰਸ ਆਉਣ 'ਤੇ ਇਸ ਸ਼ਹਿਰ ਦਾ ਕਰੇਜ਼ ਸਰਕਾਰ 'ਚ ਦਿਖਾਈ ਨਹੀਂ ਦੇ ਰਿਹਾ ਹੈ, ਇਸੇ ਲਈ ਤਾਂ ਪਿਛਲੇ 10 ਸਾਲਾਂ ਦੌਰਾਨ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਸ਼ਹਿਰ 'ਚ ਕੋਈ ਵੱਡਾ ਸਿਆਸੀ ਆਗੂ ਝੰਡਾ ਲਹਿਰਾਉਣ ਨਹੀਂ ਆ ਰਿਹਾ ਹੈ। ਸ਼ਹਿਰ 'ਚ ਬੀਤੇ 10 ਸਾਲਾਂ ਦੌਰਾਨ ਆਜ਼ਾਦੀ ਦਿਹਾੜੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਕੋਈ ਕੈਬਨਿਟ ਮੰਤਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦੇ ਸਨ ਪਰ ਇਸ ਵਾਰ ਸ਼ਹਿਰ 'ਚ ਕੋਈ ਵੀ ਵੱਡਾ ਮੰਤਰੀ ਤਿਰੰਗਾ ਲਹਿਰਾਉਣ ਨਹੀਂ ਆਵੇਗਾ, ਸਗੋਂ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਇਹ ਰਸਮ ਅਦਾ ਕੀਤੀ ਜਾਵੇਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਤਿਰੰਗਾ ਮੋਹਾਲੀ 'ਚ ਲਹਿਰਾ ਕੇ ਮੋਹਾਲੀ ਨੂੰ ਸੂਬਾ ਪੱਧਰੀ ਪ੍ਰੋਗਰਾਮ ਦੀ ਮੇਜ਼ਬਾਨੀ ਦਾ ਮੌਕਾ ਦਿੱਤਾ। ਅਜਿਹਾ ਕਰਨ ਦਾ ਮਕਸਦ ਮੋਹਾਲੀ ਸ਼ਹਿਰ ਨੂੰ ਦੇਸ਼-ਵਿਦੇਸ਼ 'ਚ ਮਸ਼ਹੂਰ ਕਰਕੇ ਵਿਸ਼ਵ ਮਾਨਚਿੱਤਰ 'ਤੇ ਉਭਾਰਨਾ ਸੀ, ਜਿਸ ਦਾ ਅਸਰ ਵੀ ਦਿਖਾਈ ਦਿੱਤਾ। ਸ਼ਹਿਰ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸੈਂਕੜੇ ਪ੍ਰਾਜੈਕਟ ਸ਼ਹਿਰ 'ਚ ਲਾਂਚ ਕੀਤੇ ਗਏ ਪਰ ਕਾਂਗਰਸ ਦੇ ਸਮੇਂ 'ਤੇ ਸਭ ਉਲਟਾ ਹੋ ਗਿਆ ਹੈ ਅਤੇ ਕਿਸੇ ਵੀ ਮੰਤਰੀ ਦੀ ਇਸ ਸ਼ਹਿਰ 'ਚ ਝੰਡਾ ਲਹਿਰਾਉਣ ਦੀ ਕੋਈ ਇੱਛਾ ਨਹੀਂ ਹੈ।
