ਅੱਜ ਦੇ ਮੈਚ ਨੂੰ ਲੈਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ, 2000 ਪੁਲਸ ਮੁਲਾਜ਼ਮ ਤਾਇਨਾਤ
Friday, Apr 04, 2025 - 11:29 PM (IST)

ਮੋਹਾਲੀ (ਰਣਬੀਰ): ਮਹਾਰਾਜਾ ਯਦਵਿੰਦਰ ਕ੍ਰਿਕਟ ਸਟੇਡਿਅਮ 'ਚ 5 ਅਪ੍ਰੈਲ ਨੂੰ ਹੋਣ ਵਾਲੇ ਕ੍ਰਿਕਟ ਮੈਚ ਦੌਰਾਨ ਇੱਥੇ ਆਉਣ ਵਾਲੇ ਦਰਸ਼ਕਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਬੰਦੋਬਸਤ ਕੀਤੇ ਗਏ ਹਨ। ਸਟੇਡਿਅਮ ਦੇ ਅੰਦਰ ਤੇ ਬਾਹਰ ਖਾਸ ਤੌਰ 'ਤੇ 2000 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਜਾਣਕਾਰੀ ਡੀ.ਜੀ.ਆਈ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਦੱਸਦੇ ਹੋਏ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਸਟੇਡਿਅਮ ਦੇ ਅੰਦਰ ਤੇ ਬਾਹਰ ਸੁਰੱਖਿਆ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਪਿਛਲੀ ਵਾਰੀ ਪਾਰਕਿੰਗ ਨਾਲ ਆਈ ਮੁਸ਼ਕਲਾਂ ਨੂੰ ਦੇਖਦਿਆਂ, ਇਸ ਵਾਰੀ ਪਾਰਕਿੰਗ ਅਤੇ ਸੁਰੱਖਿਆ ਪ੍ਰਬੰਧ ਦੋਹਾਂ ਨੂੰ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ, ਤਾਂ ਜੋ ਪੁਲਿਸ ਕਰਮਚਾਰੀ ਆਪਣੇ-ਆਪਣੇ ਜ਼ੋਨ ਵਿੱਚ ਲੋਕਾਂ ਨੂੰ ਵਧੀਆ ਸੁਰੱਖਿਆ ਪ੍ਰਦਾਨ ਕਰ ਸਕਣ।
ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀ ਟਿਕਟ ਜਾਂ ਪਾਸ 'ਤੇ ਦਿੱਤੀ ਗਈ ਪਾਰਕਿੰਗ ਥਾਂ 'ਤੇ ਹੀ ਆਪਣਾ ਵਾਹਨ ਖੜਾ ਕਰਨ। ਸੜਕ ਦੇ ਕਿਨਾਰੇ ਜਾਂ ਹੋਰ ਕਿਤੇ ਵੀ ਵਾਹਨ ਨਾ ਲਗਾਏ ਜਾਣ।
ਸੁਰੱਖਿਆ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਰਹਿ ਜਾਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵਿਭਾਗ ਦੇ ਅਧਿਕਾਰੀ ਲਗਾਤਾਰ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਾਲਮੇਲ ਬਣਾ ਰਹੇ ਹਨ। ਇਸ ਤੋਂ ਇਲਾਵਾ, ਸੁਰੱਖਿਆ ਦੀ ਜਾਂਚ ਲਈ ਇੱਥੇ ਰਿਹਰਸਲ ਵੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿ ਜਾਵੇ।