ਪੰਜਾਬ 'ਚ ਇਸ ਬਿਮਾਰੀ ਨੇ ਦਿੱਤੀ ਦਸਤਕ, ਇਹ ਲੱਛਣ ਦਿਸਣ 'ਤੇ ਨਾ ਕਰੋ ਨਜ਼ਰਅੰਦਾਜ਼
Monday, Aug 31, 2026 - 01:22 PM (IST)
ਅੰਮ੍ਰਿਤਸਰ (ਦਲਜੀਤ)- ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਇਨਫਲੂਐਂਜ਼ਾ ਅਤੇ ਸਾਹ ਸਬੰਧੀ ਬੀਮਾਰੀਆਂ ਦੇ ਮਾਮਲਿਆਂ ਵਿਚਕਾਰ ਹੁਣ ਅੰਮ੍ਰਿਤਸਰ ’ਚ ਵੀ ਸਵਾਈਨ ਫਲੂ ਦੇ 2 ਮਾਮਲੇ ਸਾਹਮਣੇ ਆਏ ਹਨ। ਪਿਛਲੇ ਕਰੀਬ 10 ਦਿਨਾਂ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ 2 ਮਰੀਜ਼ਾਂ ਦੀ ਸਵਾਈਨ ਫਲੂ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚ ਇਕ 65 ਸਾਲਾ ਔਰਤ ਅਤੇ ਇਕ 14 ਸਾਲਾ ਬੱਚਾ ਸ਼ਾਮਲ ਹੈ। ਦੋਵੇਂ ਮਰੀਜ਼ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਅੰਮ੍ਰਿਤਸਰ : ਹੋਟਲ 'ਚ ID ਮੰਗੀ ਤਾਂ ਮਾਲਕ 'ਤੇ ਕੀਤਾ ਹਮਲਾ, ਕੁੜੀਆਂ ਦੇ ਕਮਰੇ 'ਚ...
ਹਾਲਾਂਕਿ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਅਤੇ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਪੰਜਾਬ ਸਿਹਤ ਵਿਭਾਗ ਵੱਲੋਂ 24 ਅਗਸਤ ਨੂੰ ਜਾਰੀ ਐਡਵਾਈਜ਼ਰੀ ਤੋਂ ਬਾਅਦ ਜ਼ਿਲੇ ’ਚ ਇਨਫਲੂਐਂਜ਼ਾ ਲਾਈਕ ਇਲਨੈੱਸ ਅਤੇ ਸੀਵੀਅਰ ਐਕਿਊਟ ਰੈਸਪੀਰੇਟਰੀ ਇਨਫੈਕਸ਼ਨ ਦੀ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਸਰਕਾਰੀ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ’ਚ ਫਲੂ ਕਾਰਨਰ ਬਣਾਉਣ, ਸ਼ੱਕੀ ਮਰੀਜ਼ਾਂ ਦੀ ਪਛਾਣ ਅਤੇ ਲੋੜ ਅਨੁਸਾਰ ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਪੰਜਾਬ: ਰੱਖੜੀ 'ਤੇ ਚਮਕੀ ਪੁਲਸ ਮੁਲਾਜ਼ਮ ਦੀ ਕਿਸਮਤ, ਲਾਟਰੀ 'ਚ ਜਿੱਤੇ 7,00,00,000
ਗੁਰੂ ਨਾਨਕ ਦੇਵ ਹਸਪਤਾਲ ’ਚ ਰਾਖਵੇਂ ਰੱਖੇ 23 ਬੈੱਡ
ਗੁਰੂ ਨਾਨਕ ਦੇਵ ਹਸਪਤਾਲ ਦੇ ਇੰਚਾਰਜ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਦੇ ਮਰੀਜ਼ਾਂ ਲਈ ਹਸਪਤਾਲ ’ਚ 23 ਬੈੱਡ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਐਮਰਜੈਂਸੀ ’ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ, ਜੋ 24 ਘੰਟੇ ਮੁਸਤੈਦੀ ਨਾਲ ਡਿਊਟੀ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਾਜ਼ੇਟਿਵ ਮਰੀਜ਼ਾਂ ਦਾ ਸਮੇਂ ’ਤੇ ਇਲਾਜ ਕੀਤਾ ਗਿਆ ਅਤੇ ਹੁਣ ਦੋਵੇਂ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਓ. ਪੀ. ਡੀ. ’ਚ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਖੰਘ, ਜ਼ੁਕਾਮ ਅਤੇ ਬੁਖ਼ਾਰ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਸ਼ੱਕੀ ਮਰੀਜ਼ਾਂ ਦੀ ਲੋੜ ਅਨੁਸਾਰ ਸਵਾਈਨ ਫਲੂ ਸਬੰਧੀ ਜਾਂਚ ਕਰਵਾਈ ਜਾਵੇ। ਹਸਪਤਾਲ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਇਹ ਵੀ ਪੜ੍ਹੋ-ਪੰਜਾਬ: ਬੱਸ ਸਟੈਂਡ ਨੇੜੇ ਨੌਜਵਾਨ ਦਾ ਕਤਲ, ਪ੍ਰੇਮ ਸੰਬੰਧ ਬਣੇ ਮੌਤ ਦਾ ਕਾਰਨ
ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨਾ ਚਾਹੀਦਾ ਹੈ। ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਪੀੜਤ ਮਰੀਜ਼ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਮਾਮੇ ਦੇ ਟਰੈਕਟਰ ਹੇਠ ਆਉਣ ਕਾਰਨ ਭਾਣਜੇ ਦੀ ਦਰਦਨਾਕ ਮੌਤ, ਨਾਨਕੇ ਆਇਆ ਸੀ ਜਵਾਕ (video)
205 ਸਰਕਾਰੀ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ’ਚ ਫਲੂ ਕਾਰਨਰ
ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ’ਚ ਸਿਹਤ ਵਿਭਾਗ ਵੱਲੋਂ ਕਰੀਬ 205 ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ’ਚ ਫਲੂ ਕਾਰਨਰ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਫਲੂ ਕਾਰਨਰਾਂ ’ਚ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਵੱਖਰੇ ਤੌਰ ’ਤੇ ਪਛਾਣ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਟੈਸਟਿੰਗ ਕਰਵਾਈ ਜਾਵੇਗੀ। ਸਿਹਤ ਵਿਭਾਗ ਨੇ ਅਧਿਕਾਰੀਆਂ ਨੂੰ ਆਈ. ਐੱਲ. ਆਈ. ਅਤੇ ਐੱਸ. ਏ. ਆਰ. ਆਈ. ਮਾਮਲਿਆਂ ’ਚ ਅਸਧਾਰਨ ਵਾਧੇ, ਹਸਪਤਾਲਾਂ ’ਚ ਦਾਖ਼ਲਿਆਂ, ਮਰੀਜ਼ਾਂ ਦੇ ਕਲੱਸਟਰ ਅਤੇ ਮੌਤਾਂ ’ਤੇ ਵਿਸ਼ੇਸ਼ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਗੰਭੀਰ ਜਾਂ ਹਾਈ-ਰਿਸਕ ਮਰੀਜ਼ਾਂ ਨੂੰ ਲੋੜ ਅਨੁਸਾਰ ਉੱਚ ਸਿਹਤ ਕੇਂਦਰਾਂ ’ਚ ਰੈਫ਼ਰ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਫਿਰ ਤੋਂ ਸਰਗਰਮ ਹੋਵੇਗਾ ਮਾਨਸੂਨ
2 ਵਿਸ਼ੇਸ਼ ਆਈਸੋਲੇਸ਼ਨ ਵਾਰਡ, ਕਰੀਬ 40 ਬੈੱਡ ਤਿਆਰ
ਜ਼ਿਲਾ ਪੱਧਰ ’ਤੇ ਵੀ ਸਿਹਤ ਵਿਭਾਗ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 2 ਵਿਸ਼ੇਸ਼ ਆਈਸੋਲੇਸ਼ਨ ਵਾਰਡਾਂ ’ਚ ਕਰੀਬ 40 ਬੈੱਡ ਤਿਆਰ ਰੱਖੇ ਗਏ ਹਨ। ਲੋੜ ਪੈਣ ’ਤੇ ਸ਼ੱਕੀ ਜਾਂ ਪੁਸ਼ਟੀ ਵਾਲੇ ਮਰੀਜ਼ਾਂ ਨੂੰ ਇਨ੍ਹਾਂ ਵਾਰਡਾਂ ’ਚ ਵੱਖ-ਵੱਖ ਰੱਖ ਕੇ ਇਲਾਜ ਕੀਤਾ ਜਾ ਸਕੇਗਾ। ਸੀਨੀਅਰ ਸਟਾਫ਼ ਦੀ ਡਿਊਟੀ ਲਾਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦਾ ਫ਼ੈਸਲਾ, ਨਵੇਂ ਫਰਮਾਨ ਕੀਤੇ ਜਾਰੀ
ਸਿਵਲ ਸਰਜਨ ਨੇ ਬੁਲਾਈ ਐਮਰਜੈਂਸੀ ਮੀਟਿੰਗ
ਸਿਵਲ ਸਰਜਨ ਡਾ. ਰਸ਼ਮੀ ਵਿਜ ਵੱਲੋਂ ਸੀਨੀਅਰ ਸਿਹਤ ਅਧਿਕਾਰੀਆਂ ਦੀ ਇਕ ਐਮਰਜੈਂਸੀ ਮੀਟਿੰਗ ਕਰਕੇ ਜ਼ਿਲੇ ’ਚ ਸਵਾਈਨ ਫਲੂ ਅਤੇ ਹੋਰ ਸਾਹ ਸਬੰਧੀ ਇਨਫੈਕਸ਼ਨਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ’ਚ ਫਲੂ ਕਾਰਨਰ ਬਣਾਉਣ ਅਤੇ ਸ਼ੱਕੀ ਮਰੀਜ਼ਾਂ ਦੀ ਸਮੇਂ ’ਤੇ ਪਛਾਣ ਤੇ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਫਲੂ ਵਰਗੇ ਲੱਛਣ ਹੋਣ ’ਤੇ ਸਮੇਂ ’ਤੇ ਮੈਡੀਕਲ ਸਲਾਹ ਲੈਣ ਦੀ ਅਪੀਲ ਕੀਤੀ।
ਲੈਬ ’ਚ ਰੋਜ਼ ਆ ਰਹੇ 10 ਤੋਂ 12 ਸ਼ੱਕੀ ਸੈਂਪਲ
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਲੈਬ ’ਚ ਜਲੰਧਰ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲਾਂ ਤੋਂ ਰੋਜ਼ਾਨਾ ਕਰੀਬ 10 ਤੋਂ 12 ਸਵਾਈਨ ਫਲੂ ਦੇ ਸ਼ੱਕੀ ਸੈਂਪਲ ਜਾਂਚ ਲਈ ਪਹੁੰਚ ਰਹੇ ਹਨ। ਲੈਬ ਇੰਚਾਰਜ ਡਾ. ਕੇ. ਡੀ. ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਸੈਂਪਲਾਂ ਦੀ ਸੁਰੱਖਿਅਤ ਤਰੀਕੇ ਨਾਲ ਜਾਂਚ ਕਰਕੇ ਰਿਪੋਰਟ ਸਬੰਧਤ ਅਥਾਰਟੀ ਨੂੰ ਭੇਜੀ ਜਾ ਰਹੀ ਹੈ। ਡਾ. ਕੇ. ਡੀ. ਸਿੰਘ ਦੀ ਅਗਵਾਈ ਵਾਲੀ ਲੈਬ ਟੀਮ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਦਿਨ-ਰਾਤ ਕੰਮ ਕਰ ਕੇ ਜਾਂਚ ਪ੍ਰਬੰਧਾਂ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਕਾਰਜਸ਼ੈਲੀ ਅਤੇ ਟੀਮ ਦੀ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਰਕਾਰ ਅਤੇ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਹਸਪਤਾਲਾਂ ਨੂੰ ਓਸੈਲਟਾਮਿਵਿਰ ਤੇ ਆਕਸੀਜਨ ਦਾ ਸਟਾਕ ਰੱਖਣ ਦੇ ਆਦੇਸ਼
ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਨੂੰ ਜ਼ਰੂਰੀ ਐਂਟੀਵਾਇਰਲ ਦਵਾਈਆਂ, ਵਿਸ਼ੇਸ਼ ਤੌਰ ’ਤੇ ਓਸੈਲਟਾਮਿਵਿਰ, ਆਕਸੀਜਨ, ਵੈਂਟੀਲੇਟਰ ਅਤੇ ਹੋਰ ਲੋੜੀਂਦੇ ਲਾਜਿਸਟਿਕਸ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਾਹ ਸਬੰਧੀ ਸੈਂਪਲਾਂ ਦੀ ਸਮੇਂ ’ਤੇ ਕੁਲੈਕਸ਼ਨ, ਪੈਕਿੰਗ, ਟਰਾਂਸਪੋਰਟ ਅਤੇ ਪ੍ਰਵਾਨਿਤ ਲੈਬ ’ਚ ਟੈਸਟਿੰਗ ’ਤੇ ਵੀ ਜ਼ੋਰ ਦਿੱਤਾ ਗਿਆ ਹੈ।
ਖੰਘ-ਜ਼ੁਕਾਮ ਨੂੰ ਹਲਕੇ ’ਚ ਨਾ ਲੈਣ ਲੋਕ
ਡਾ. ਰਜਨੀਸ਼ ਸ਼ਰਮਾ ਅਨੁਸਾਰ ਬੁਖ਼ਾਰ, ਖੰਘ, ਗਲੇ ’ਚ ਦਰਦ, ਸਰੀਰ ’ਚ ਦਰਦ, ਥਕਾਵਟ ਅਤੇ ਨੱਕ ਵਗਣਾ ਇਨਫਲੂਐਂਜ਼ਾ ਦੇ ਆਮ ਲੱਛਣ ਹੋ ਸਕਦੇ ਹਨ। ਜੇਕਰ ਸਾਹ ਲੈਣ ’ਚ ਤਕਲੀਫ਼ ਹੋਵੇ, ਲੱਛਣ ਵਧਣ ਜਾਂ ਮਰੀਜ਼ ਦੀ ਹਾਲਤ ਗੰਭੀਰ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ, ਬੱਚਿਆਂ ਅਤੇ ਹੋਰ ਹਾਈ-ਰਿਸਕ ਮਰੀਜ਼ਾਂ ’ਚ ਲਾਪ੍ਰਵਾਹੀ ਤੋਂ ਬਚਣ ਦੀ ਲੋੜ ਹੈ। ਸਿਹਤ ਵਿਭਾਗ ਨੇ ਲੋਕਾਂ ਤੋਂ ਬਿਨਾਂ ਡਾਕਟਰੀ ਸਲਾਹ ਦੇ ਐਂਟੀਵਾਇਰਲ ਜਾਂ ਹੋਰ ਦਵਾਈਆਂ ਖ਼ੁਦ ਲੈਣ ਤੋਂ ਬਚਣ ਦੀ ਅਪੀਲ ਕੀਤੀ ਹੈ। ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਸਾਵਧਾਨੀ, ਹੱਥਾਂ ਦੀ ਸਫ਼ਾਈ, ਖੰਘਦਿਆਂ ਅਤੇ ਛਿੱਕਦਿਆਂ ਸਮੇਂ ਮੂੰਹ ਢੱਕਣਾ ਅਤੇ ਲੋੜ ਅਨੁਸਾਰ ਮਾਸਕ ਦੀ ਵਰਤੋਂ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ’ਚ ਮਦਦਗਾਰ ਹੋ ਸਕਦੀ ਹੈ।
ਸਿਹਤ ਵਿਭਾਗ ਦਾ ਸੰਦੇਸ਼: ‘ਘਬਰਾਓ ਨਹੀਂ, ਸਾਵਧਾਨ ਰਹੋ’
ਸਰਕਾਰੀ ਟੀ. ਬੀ. ਹਸਪਤਾਲ ਦੇ ਸੀਨੀਅਰ ਡਾ. ਸੰਦੀਪ ਮਹਾਜਨ ਦੇ ਅਨੁਸਾਰ ਅੰਮ੍ਰਿਤਸਰ ’ਚ ਸਵਾਈਨ ਫਲੂ ਦੇ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਨਿਗਰਾਨੀ ਅਤੇ ਟੈਸਟਿੰਗ ਵਧਾ ਦਿੱਤੀ ਗਈ ਹੈ। ਦੋਵੇਂ ਮਰੀਜ਼ਾਂ ਦੇ ਠੀਕ ਹੋ ਕੇ ਘਰ ਪਰਤਣ ਕਾਰਨ ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਵਿਭਾਗ ਦਾ ਧਿਆਨ ਹੁਣ ਸ਼ੱਕੀ ਮਰੀਜ਼ਾਂ ਦੀ ਜਲਦੀ ਪਛਾਣ, ਸਮੇਂ ’ਤੇ ਟੈਸਟਿੰਗ ਅਤੇ ਗੰਭੀਰ ਮਰੀਜ਼ਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ’ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
