ਭਾਰਤ ’ਚ ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਲਈ ਕੋਈ ਥਾਂ ਨਹੀਂ : ਮੋਦੀ
Monday, Sep 04, 2023 - 06:40 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਮੁੱਖ ਆਡੀਟਰ ਵਿਜੈ ਜੋਸ਼ੀ ਨੂੰ ਇਕ ਵਿਸ਼ੇਸ਼ ਇੰਟਰਵਿਊ ਦਿੱਤੀ। ਇਸ ਦੌਰਾਨ ਉਨ੍ਹਾਂ ਜੀ-20 ਦੀਆਂ ਤਿਆਰੀਆਂ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ‘ਸਬ ਕਾ ਸਾਥ, ਸਬ ਕਾ ਵਿਕਾਸ’ ਅਤੇ ‘ਸਬ ਕਾ ਵਿਸ਼ਵਾਸ’ ਦੀ ਧਾਰਨਾ ਨੂੰ ਮੁੱਖ ਰੱਖਦੇ ਹੋਏ ਪੂਰੀ ਦੁਨੀਆ ਲਈ ਸਿਹਤ, ਸਿੱਖਿਆ ਅਤੇ ਸਮਾਜਿਕ ਖੇਤਰ ’ਚ ਸਰਵਸੇਸ਼ਠ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਕ ਅਜਿਹੀ ਵਿਵਸਥਾ ਬਣਾਈ ਜਾਵੇਗੀ, ਜਿੱਥੇ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫਿਰਕਾਪ੍ਰਸਤੀ ਦਾ ਸਾਡੇ ਰਾਸ਼ਟਰੀ ਜੀਵਨ ’ਚ ਕੋਈ ਸਥਾਨ ਨਹੀਂ ਹੋਵੇਗਾ। ਇੰਟਰਵਿਊ ਦੇ ਪ੍ਰਮੁੱਖ ਅੰਸ਼ ਇੱਥੇ ਪੇਸ਼ ਕੀਤੇ ਜਾ ਰਹੇ ਹਨ -
ਸਵਾਲ : ਜੀ-20 ਦੀ ਪ੍ਰਧਾਨਗੀ ਨੇ ਭਾਰਤ ਨੂੰ ਇਕ ਸਥਾਈ, ਸਮਾਵੇਸ਼ੀ ਅਤੇ ਨਿਆਂਸੰਗਤ ਦੁਨੀਆ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਉਤਸ਼ਾਹ ਦੇਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਇਕ ਲੀਡਰ ਦੇ ਰੂਪ ’ਚ ਆਪਣਾ ਪ੍ਰੋਫਾਈਲ ਵਧਾਉਣ ਦਾ ਮੌਕਾ ਦਿੱਤਾ ਹੈ। ਸਿਖ਼ਰ ਸੰਮੇਲਨ ’ਚ ਹੁਣ ਕੁਝ ਹੀ ਦਿਨ ਬਚੇ ਹਨ, ਕ੍ਰਿਪਾ ਭਾਰਤ ਦੀ ਪ੍ਰਧਾਨਗੀ ਦੀਆਂ ਉਪਲੱਬਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰੋ?
ਜਵਾਬ : ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਦੋ ਪਹਿਲੂਆਂ ’ਤੇ ਧਿਆਨ ਦੇਣ ਦੀ ਲੋੜ ਹੈ। ਪਹਿਲਾ ਜੀ -20 ਦੇ ਗਠਨ ’ਤੇ ਹੈ। ਦੂਜਾ ਉਹ ਸੰਦਰਭ ਹੈ, ਜਿਸ ’ਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ। ਜੀ-20 ਦਾ ਨਿਰਮਾਣ ਪਿਛਲੀ ਸ਼ਤਾਬਦੀ ਦੇ ਅੰਤ ’ਚ ਹੋਇਆ ਸੀ। ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਆਰਥਿਕ ਸੰਕਟਾਂ ਲਈ ਇਕ ਸਮੂਹਿਕ ਅਤੇ ਤਾਲਮੇਲ ਵਾਲੀ ਪ੍ਰਤੀਕ੍ਰਿਆ ਦੇ ਦ੍ਰਿਸ਼ਟੀਕੋਣ ਨਾਲ ਇਕੱਠੀਆਂ ਹੋਈਆਂ ਹਨ। 21ਵੀਂ ਸਦੀ ਦੇ ਪਹਿਲੇ ਦਹਾਕੇ ’ਚ ਕੌਮਾਂਤਰੀ ਆਰਥਿਕ ਸੰਕਟ ਦੌਰਾਨ ਇਸਦਾ ਮਹੱਤਵ ਹੋਰ ਵੀ ਵੱਧ ਗਿਆ ਪਰ ਜਦੋਂ ਮਹਾਮਾਰੀ ਨੇ ਦਸਤਕ ਦਿੱਤੀ ਤਾਂ ਦੁਨੀਆ ਨੇ ਸਮਝਿਆ ਕਿ ਆਰਥਿਕ ਚੁਣੌਤੀਆਂ ਤੋਂ ਇਲਾਵਾ, ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਮਹੱਤਵਪੂਰਣ ਅਤੇ ਤਤਕਾਲੀ ਚੁਣੌਤੀਆਂ ਵੀ ਹਨ।
ਇਹ ਵੀ ਪੜ੍ਹੋ : ਉਲਟੇ ਮੂੰਹ ਜ਼ਮੀਨ ’ਤੇ ਡਿੱਗੀਆਂ ਟਮਾਟਰ ਦੀਆਂ ਕੀਮਤਾਂ, ਗੋਭੀ ਅਤੇ ਹੋਰ ਸਬਜ਼ੀਆਂ ਵੀ ਹੋਈਆਂ ਸਸਤੀਆਂ
ਇਸ ਸਮੇਂ ਤੱਕ ਦੁਨੀਆ ਪਹਿਲਾਂ ਤੋਂ ਹੀ ਭਾਰਤ ਦੇ ਮਨੁੱਖ ਕੇਂਦਰਿਤ ਵਿਕਾਸ ਮਾਡਲ ’ਤੇ ਧਿਆਨ ਦੇ ਰਹੀ ਸੀ । ਚਾਹੇ ਉਹ ਆਰਥਿਕ ਵਿਕਾਸ ਹੋਵੇ, ਤਕਨੀਕੀ ਪ੍ਰਗਤੀ ਹੋਵੇ , ਸੰਸਥਾਗਤ ਵੰਡ ਹੋਵੇ ਜਾਂ ਸਮਾਜਿਕ ਬੁਨਿਆਦੀ ਢਾਂਚਾ ਹੋਵੇ, ਇਨ੍ਹਾਂ ਸਾਰਿਆਂ ਨੂੰ ਆਖਰੀ ਚੋਟੀ ਤੱਕ ਲਿਜਾਇਆ ਜਾ ਰਿਹਾ ਸੀ ਤਾਂ ਕਿ ਇਹ ਯਕੀਨੀ ਹੋਵੇ ਕਿ ਕੋਈ ਵੀ ਪਿੱਛੇ ਨਾ ਛੁੱਟੇ। ਭਾਰਤ ਵੱਲੋਂ ਉਠਾਏ ਜਾ ਰਹੇ ਇਨ੍ਹਾਂ ਵੱਡੇ ਕਦਮਾਂ ਦੇ ਬਾਰੇ ’ਚ ਜ਼ਿਆਦਾ ਜਾਗਰੂਕਤਾ ਸੀ। ਇਹ ਸਵੀਕਾਰ ਕੀਤਾ ਗਿਆ ਕਿ ਜਿਸ ਦੇਸ਼ ਨੂੰ ਸਿਰਫ਼ ਇਕ ਵੱਡੇ ਬਾਜ਼ਾਰ ਦੇ ਰੂਪ ’ਚ ਵੇਖਿਆ ਜਾਂਦਾ ਸੀ , ਉਹ ਕੌਮਾਂਤਰੀ ਚੁਣੌਤੀਆਂ ਦੇ ਹੱਲ ਦਾ ਇਕ ਹਿੱਸਾ ਬਣ ਗਿਆ ਹੈ। ਭਾਰਤ ਦੇ ਤਜਰਬੇ ਨੂੰ ਵੇਖਦੇ ਹੋਏ ਇਹ ਮੰਨਿਆ ਗਿਆ ਕਿ ਸੰਕਟ ਦੇ ਦੌਰਾਨ ਵੀ ਮਨੁੱਖ ਕੇਂਦਰਿਤ ਦ੍ਰਿਸ਼ਟੀਕੋਣ ਕੰਮ ਕਰਦਾ ਹੈ। ਇਕ ਸਪੱਸ਼ਟ ਅਤੇ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਨਾਲ ਮਹਾਮਾਰੀ ਦੇ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ, ਤਕਨੀਕ ਦੀ ਵਰਤੋਂ ਕਰਕੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਪ੍ਰਤੱਖ ਸਹਾਇਤਾ, ਟੀਕਿਆਂ ਦਾ ਵਿਕਾਸ ਅਤੇ ਦੁਨੀਆ ਦਾ ਸਭ ਤੋਂ ਵੱਡੀ ਟੀਕਾਕਰਨ ਮੁਹਿੰਨ ਚਲਾਉਣਾ ਅਤੇ ਕਰੀਬ 150 ਦੇਸ਼ਾਂ ਦੇ ਨਾਲ ਦਵਾਈਆਂ ਅਤੇ ਟੀਕਿਆਂ ਨੂੰ ਸਾਂਝਾ ਕਰਨਾ। ਇਨ੍ਹਾਂ ਸਾਰਿਆਂ ਨੂੰ ਦੁਨੀਆ ਨੇ ਮਹਿਸੂਸ ਕੀਤਾ ਅਤੇ ਚੰਗੀ ਤਰ੍ਹਾਂ ਨਾਲ ਇਸ ਦੀ ਸ਼ਲਾਘਾ ਵੀ ਕੀਤੀ ਗਈ।
ਜਦੋਂ ਭਾਰਤ ਜੀ-20 ਦਾ ਪ੍ਰਧਾਨ ਬਣਿਆ ਉਦੋਂ ਦੁਨੀਆ ਲਈ ਸਾਡੇ ਸ਼ਬਦਾਂ ਅਤੇ ਦ੍ਰਿਸ਼ਟੀਕੋਣ ਨੂੰ ਸਿਰਫ਼ ਵਿਚਾਰਾਂ ਦੇ ਰੂਪ ’ਚ ਨਹੀਂ ਲਿਆ ਜਾ ਰਿਹਾ ਸੀ, ਸਗੋਂ ਭਵਿੱਖ ਲਈ ਇਕ ‘ਰੋਡਮੈਪ’ ਦੇ ਰੂਪ ’ਚ ਲਿਆ ਜਾ ਰਿਹਾ ਸੀ। ਜੀ-20 ਦੀ ਪ੍ਰਧਾਨਗੀ ਪੂਰੀ ਕਰਨ ਤੋਂ ਪਹਿਲਾਂ ਇਕ ਲੱਖ ਤੋਂ ਵੱਧ ਡੈਲੀਗੇਟ ਭਾਰਤ ਦਾ ਦੌਰਾ ਕਰ ਚੁੱਕੇ ਹੋਣਗੇ। ਉਹ ਵੱਖ-ਵੱਖ ਖੇਤਰਾਂ ’ਚ ਜਾ ਰਹੇ ਹਨ, ਸਾਡੀ ਡੈਮੋਗ੍ਰਾਫਿਕ, ਲੋਕਤੰਤਰ ਅਤੇ ਵਿਵਿਧਤਾ ਵੇਖ ਰਹੇ ਹਨ। ਉਹ ਇਹ ਵੀ ਵੇਖ ਰਹੇ ਹਨ ਕਿ ਪਿਛਲੇ ਇਕ ਦਹਾਕੇ ’ਚ ਚੌਤਰਫਾ ਵਿਕਾਸ ਕਿਸ ਤਰ੍ਹਾਂ ਲੋਕਾਂ ਨੂੰ ਸਸ਼ਕਤ ਬਣਾ ਰਿਹਾ ਹੈ। ਇਹ ਸਮਝ ਵਧ ਰਹੀ ਹੈ ਕਿ ਦੁਨੀਆ ਨੂੰ ਜਿਨ੍ਹਾਂ ਹੱਲਾਂ ਦੀ ਲੋੜ ਹੈ, ਉਨ੍ਹਾਂ ’ਚੋਂ ਕਈ ਪਹਿਲਾਂ ਤੋਂ ਹੀ ਸਾਡੇ ਦੇਸ਼ ’ਚ ਗਤੀ ਅਤੇ ਪੈਮਾਨੇ ਨਾਲ ਸਫ਼ਲਤਾਪੂਰਵਕ ਲਾਗੂ ਕੀਤੇ ਜਾ ਰਹੇ ਹਨ। ਭਾਰਤ ਦੀ ਜੀ-20 ਪ੍ਰਧਾਨਗੀ ਨਾਲ ਕਈ ਸਾਕਾਰਾਤਮਕ ਪ੍ਰਭਾਵ ਸਾਹਮਣੇ ਆ ਰਹੇ ਹਨ। ਉਨ੍ਹਾਂ ’ਚੋਂ ਕੁਝ ਮੇਰੇ ਦਿਲ ਦੇ ਬਹੁਤ ਕਰੀਬ ਹਨ। ਮਨੁੱਖ-ਕੇਂਦਰਿਤ ਦ੍ਰਿਸ਼ਟੀਕੋਣ ਦੇ ਵੱਲ ਬਦਲਾਅ ਵਿਸ਼ਵ ਪੱਧਰ ’ਤੇ ਸ਼ੁਰੂ ਹੋ ਗਿਆ ਹੈ ਅਤੇ ਅਸੀਂ ਇਕ ਉਤਪ੍ਰੇਰਕ ਦੀ ਭੂਮਿਕਾ ਨਿਭਾਅ ਰਹੇ ਹਨ। ਕੌਮਾਂਤਰੀ ਮਾਮਲਿਆਂ ’ਚ ‘ਗਲੋਬਲ ਸਾਊਥ’ ਵਿਸ਼ੇਸ਼ ਰੂਪ ਨਾਲ ਅਫਰੀਕਾ ਲਈ ਜ਼ਿਆਦਾ ਸਮਾਵੇਸ਼ ਦੀ ਦਿਸ਼ਾ ’ਚ ਕੋਸ਼ਿਸ਼ਾਂ ਨੇ ਗਤੀ ਪ੍ਰਾਪਤ ਕੀਤੀ ਹੈ। ਭਾਰਤ ਦੀ ਜੀ-20 ਪ੍ਰਧਾਨਗੀ ਨੇ ਅਖੌਤੀ ‘ਤੀਜੀ ਦੁਨੀਆ ਦੇ ਦੇਸ਼ਾਂ ’ਚ ਵੀ ਵਿਸ਼ਵਾਸ ਦੇ ਬੀਜ ਬੀਜੇ ਹਨ। ਉਹ ਜਲਵਾਯੂ ਪਰਿਵਰਤਨ ਅਤੇ ਕੌਮਾਂਤਰੀ ਸੰਸਥਾਗਤ ਸੁਧਾਰਾਂ ਵਰਗੇ ਕਈ ਮੁੱਦਿਆਂ ’ਤੇ ਆਉਣ ਵਾਲੇ ਸਾਲਾਂ ’ਚ ਦੁਨੀਆ ਦੀ ਦਿਸ਼ਾ ਨੂੰ ਆਕਾਰ ਦੇਣ ਲਈ ਜ਼ਿਆਦਾ ਆਤਮਵਿਸ਼ਵਾਸ ਹਾਸਲ ਕਰ ਰਹੇ ਹਨ। ਅਸੀਂ ਇਕ ਜ਼ਿਆਦਾ ਸਮਾਵੇਸ਼ੀ ਵਿਵਸਥਾ ਵੱਲ ਤੇਜੀ ਨਾਲ ਵਧਾਂਗੇ, ਜਿੱਥੇ ਹਰ ਆਵਾਜ਼ ਸੁਣੀ ਜਾਵੇਗੀ। ਇਸ ਤੋਂ ਇਲਾਵਾ ਇਹ ਸਭ ਵਿਕਸਿਤ ਦੇਸ਼ਾਂ ਦੇ ਸਹਿਯੋਗ ਨਾਲ ਹੋਵੇਗਾ।
ਸਵਾਲ : ਜੀ-20 ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਮੂਹ ਦੇ ਰੂਪ ’ਚ ਉੱਭਰਿਆ ਹੈ, ਜਿਸ ’ਚ ਕੌਮਾਂਤਰੀ ਸ਼ੁੱਧ ਘਰੇਲੂ ਉਤਪਾਦ ਦਾ 85 ਫ਼ੀਸਦੀ ਹਿੱਸਾ ਹੈ। ਹੁਣ ਜਦਕਿ ਤੁਸੀਂ ਬ੍ਰਾਜ਼ੀਲ ਨੂੰ ਇਸ ਦੀ ਪ੍ਰਧਾਨਗੀ ਸੌਂਪਣ ਵਾਲੇ ਹੋ ਤਾਂ ਜੀ-20 ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇ ਰੂਪ ’ਚ ਕੀ ਵੇਖਦੇ ਹੋ? ਤੁਸੀ ਰਾਸ਼ਟਰਪਤੀ ਲੂਲਾ (ਲੁਇਜ ਇਨਾਸਯੋ ਲੂਲਾ ਡੀ ਸਿਲਵਾ) ਨੂੰ ਕੀ ਸਲਾਹ ਦੇਵੋਗੇ?
ਜਵਾਬ : ਇਹ ਸੱਚ ਹੈ ਕਿ ਜੀ -20 ਇਕ ਪ੍ਰਭਾਵਸ਼ਾਲੀ ਸਮੂਹ ਹੈ। ਉਦੋਂ ਵੀ ਮੈਂ ਤੁਹਾਡੇ ਪ੍ਰਸ਼ਨ ਦੇ ਉਸ ਭਾਗ ਦਾ ਹੱਲ ਕਰਨਾ ਚਾਹੁੰਦਾ ਹਾਂ ਜੋ ਵਿਸ਼ਵ ਦੇ 85 ਫ਼ੀਸਦੀ ਸ਼ੁੱਧ ਘਰੇਲੂ ਉਤਪਾਦ ਦਾ ਜ਼ਿਕਰ ਕਰਦਾ ਹੈ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਦੁਨੀਆ ਦਾ ਜੀ. ਡੀ. ਪੀ.-ਕੇਂਦਰਿਤ ਦ੍ਰਿਸ਼ਟੀਕੋਣ ਹੁਣ ਮਨੁੱਖ-ਕੇਂਦਰਿਤ ਦ੍ਰਿਸ਼ਟੀਕੋਣ ’ਚ ਬਦਲ ਰਿਹਾ ਹੈ। ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਕ ਨਵੀਂ ਵਿਸ਼ਵ ਵਿਵਸਥਾ ਵੇਖੀ ਗਈ ਸੀ, ਕੋਵਿਡ ਤੋਂ ਬਾਅਦ ਇਕ ਨਵੀਂ ਵਿਸ਼ਵ ਵਿਵਸਥਾ ਆਕਾਰ ਲੈ ਰਹੀ ਹੈ। ਪ੍ਰਭਾਵ ਅਤੇ ਅਸਰ ਦੇ ਮਾਪਦੰਡ ਬਦਲ ਰਹੇ ਹਨ ਅਤੇ ਇਸ ਨੂੰ ਪਛਾਣਨ ਦੀ ਲੋੜ ਹੈ। ‘ਸਬ ਕਾ ਸਾਥ -ਸਬ ਕਾ ਵਿਕਾਸ’ ਮਾਡਲ ਜਿਸ ਨੇ ਭਾਰਤ ’ਚ ਰਸਤਾ ਵਿਖਾਇਆ ਹੈ, ਉਹ ਵਿਸ਼ਵ ਦੇ ਕਲਿਆਣ ਲਈ ਵੀ ਮਾਰਗਦਰਸ਼ਕ ਸਿਧਾਂਤ ਹੋ ਸਕਦਾ ਹੈ। ਜੀ. ਡੀ. ਪੀ. ਦਾ ਸਰੂਪ ਕੁਝ ਵੀ ਹੋਵੇ, ਹਰ ਅਾਵਾਜ਼ ਮਾਇਨੇ ਰੱਖਦੀ ਹੈ। ਇਸ ਤੋਂ ਇਲਾਵਾ ਮੇਰੇ ਲਈ ਕਿਸੇ ਵੀ ਦੇਸ਼ ਨੂੰ ਕੋਈ ਸਲਾਹ ਦੇਣਾ ਠੀਕ ਨਹੀਂ ਹੋਵੇਗਾ ਕਿ ਉਨ੍ਹਾਂ ਨੇੇ ਜੀ -20 ਪ੍ਰਧਾਨਤਾ ਦੌਰਾਨ ਕੀ ਕਰਨਾ ਹੈ। ਹਰ ਕਿਸੇ ਦੀ ਆਪਣੀ ਅਨੂਠੀ ਤਾਕਤ ਹੁੰਦੀ ਹੈ ਅਤੇ ਉਹ ਉਸਦੇ ਸਮਾਨ ਅੱਗੇ ਵਧਦਾ ਹੈ। ਮੈਨੂੰ ਆਪਣੇ ਮਿੱਤਰ ਰਾਸ਼ਟਰਪਤੀ ਲੂਲਾ ਨਾਲ ਗੱਲਬਾਤ ਕਰਨ ਦਾ ਸੁਭਾਗ ਮਿਲਿਆ ਹੈ ਅਤੇ ਮੈਂ ਉਨ੍ਹਾਂ ਦੀਆਂ ਸਮਰੱਥਤਾਵਾਂ ਅਤੇ ਦ੍ਰਿਸ਼ਟੀਕੋਣ ਦਾ ਸਨਮਾਨ ਕਰਦਾ ਹਾਂ। ਮੈਂ ਉਨ੍ਹਾਂ ਨੂੰ ਅਤੇ ਬ੍ਰਾਜ਼ੀਲ ਦੇ ਲੋਕਾਂ ਨੂੰ ਜੀ-20 ਦੀ ਪ੍ਰਧਾਨਤਾ ਦੇ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਪਹਿਲਾਂ ’ਚ ਵੱਡੀ ਸਫਲਤਾ ਦੀ ਕਾਮਨਾ ਕਰਦਾ ਹਾਂ। ਅਸੀਂ ਅਜੇ ਵੀ ਅਗਲੇ ਸਾਲ ‘ਟ੍ਰੋਇਕਾ’ (ਜੀ-20 ਦੇ ਅੰਦਰ ਇਕ ਸਿਖਰ ਸਮੂਹ) ਦਾ ਹਿੱਸਾ ਹੋਵਾਂਗੇ ਜੋ ਸਾਡੀ ਪ੍ਰਧਾਨਗੀ ਤੋਂ ਪਰੇ ਜੀ - 20 ’ਚ ਸਾਡੇ ਲਗਾਤਾਰ ਰਚਨਾਤਮਕ ਯੋਗਦਾਨ ਨੂੰ ਯਕੀਨੀ ਕਰੇਗਾ। ਮੈਂ ਇਸ ਮੌਕੇ ਦਾ ਲਾਭ ਉਠਾ ਕੇ ਜੀ-20 ਦੀ ਪ੍ਰਧਾਨਗੀ ’ਚ ਆਪਣੇ ਪੁਰਾਣੇ ਇੰਡੋਨੇਸ਼ੀਆ ਅਤੇ ਰਾਸ਼ਟਰਪਤੀ (ਜੋਕੋ) ਵਿਡੋਡੋ ਤੋਂ ਪ੍ਰਾਪਤ ਸਮਰਥਨ ਨੂੰ ਸਵੀਕਾਰ ਕਰਦਾ ਹਾਂ। ਅਸੀਂ ਉਸੇ ਭਾਵਨਾ ਨੂੰ ਆਪਣੇ ਉਤਰਾਧਿਕਾਰੀ ਬ੍ਰਾਜ਼ੀਲ ਦੀ ਪ੍ਰਧਾਨਗੀ ’ਚ ਅੱਗੇ ਵਧਾਵਾਂਗੇ।
ਇਹ ਵੀ ਪੜ੍ਹੋ : ਸੰਨੀ ਦਿਓਲ ਵੱਲੋਂ ਤੌਬਾ ਕਰਨ 'ਤੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ
ਸਵਾਲ : ਤੁਸੀਂ ਕਿਹਾ ਹੈ ਕਿ ਭਾਰਤ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। 2047 ਦੇ ਅਮ੍ਰਿਤਕਾਲ ਸਾਲ ’ਚ ਤੁਸੀਂ ਭਾਰਤ ਨੂੰ ਕਿੱਥੇ ਵੇਖਦੇ ਹੋ?
ਜਵਾਬ : ਦੁਨੀਆ ਦੇ ਇਤਿਹਾਸ ’ਚ ਲੰਬੇ ਸਮੇਂ ਤੱਕ, ਭਾਰਤ ਦੁਨੀਆ ਦੀਆਂ ਸਿਖਰਲੀਆਂ ਅਰਥਵਿਵਸਥਾਵਾਂ ’ਚੋਂ ਇਕ ਸੀ। ਬਾਅਦ ’ਚ, ਵੱਖ-ਵੱਖ ਤਰ੍ਹਾਂ ਦੇ ਬਸਤੀਵਾਦ ਦੇ ਪ੍ਰਭਾਵ ਕਾਰਨ, ਸਾਡੀ ਕੌਮਾਂਤਰੀ ਸਥਿਤੀ ਕਮਜ਼ੋਰ ਹੋਈ ਪਰ ਹੁਣ ਭਾਰਤ ਫਿਰ ਤੋਂ ਅੱਗੇ ਵਧ ਰਿਹਾ ਹੈ। ਜਿਸ ਤੇਜ਼ੀ ਨਾਲ ਅਸੀਂ ਇਕ ਦਹਾਕੇ ਤੋਂ ਵੀ ਘੱਟ ਸਮੇਂ ’ਚ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੱਕ ਪੰਜ ਸਥਾਨਾਂ ਦੀ ਛਲਾਂਗ ਲਾਈ ਹੈ, ਉਸ ਨੇ ਇਸ ਤੱਥ ਨੂੰ ਉਜਾਗਰ ਹੈ ਕਿ ਭਾਰਤ ਦਾ ਮਤਲੱਬ ਵਪਾਰ ਹੈ। ਸਾਡੇ ਨਾਲ ਲੋਕਤੰਤਰ, ਡੈਮੋਗ੍ਰਾਫਿਕ ਅਤੇ ਵੰਨ-ਸੁਵੰਨਤਾ ਹੈ। ਜਿਵੇਂ ਕਿ ਮੈਂ ਕਿਹਾ, ‘‘ਹੁਣ ਇਸ ’ਚ ਇਕ ਚੌਥਾ ‘ਡੀ’ ਜੋੜਿਆ ਜਾ ਰਿਹਾ ਹੈ- ਵਿਕਾਸ (ਡਿਵੈੱਲਪਮੈਂਟ)। ਮੈਂ ਪਹਿਲਾਂ ਵੀ ਕਿਹਾ ਹੈ ਕਿ 2047 ਤੱਕ ਦੀ ਮਿਆਦ ਇਕ ਵੱਡਾ ਮੌਕਾ ਹੈ। ਜੋ ਭਾਰਤੀ ਇਸ ਯੁੱਗ ’ਚ ਹਨ, ਉਨ੍ਹਾਂ ਕੋਲ ਵਿਕਾਸ ਦੀ ਨੀਂਹ ਰੱਖਣ ਦਾ ਇਕ ਸ਼ਾਨਦਾਰ ਮੌਕਾ ਹੈ, ਜਿਸ ਨੂੰ ਅਗਲੇ 1,000 ਸਾਲਾਂ ਤੱਕ ਯਾਦ ਕੀਤਾ ਜਾਵੇਗਾ। ਰਾਸ਼ਟਰ ਵੀ ਇਸ ਸਮੇਂ ਦੇ ਮਹੱਤਵ ਨੂੰ ਮਹਿਸੂਸ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਤੁਸੀਂ ਕਈ ਖੇਤਰਾਂ ’ਚ ਬੇਮਿਸਾਲ ਵਾਧਾ ਵੇਖਦੇ ਹੋ। ਸਾਡੇ ਕੋਲ ਸੈਂਕੜੇ ‘ਯੂਨੀਕਾਰਨ’ ਹਨ ਅਤੇ ਅਸੀਂ ਤੀਜਾ ਸਭ ਤੋਂ ਵੱਡਾ ‘ਸਟਾਰਟਅਪ’ ਕੇਂਦਰ ਹਾਂ।
ਸਾਡੇ ਪੁਲਾੜ ਖੇਤਰ ਦੀਆਂ ਪ੍ਰਾਪਤੀਆਂ ਦਾ ਪੂਰੀ ਦੁਨੀਆ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਲਗਭਗ ਹਰ ਕੌਮਾਂਤਰੀ ਖੇਡ ਆਯੋਜਨ ’ਚ, ਭਾਰਤ ਪਿਛਲੇ ਸਾਰੇ ਰਿਕਾਰਡ ਤੋਡ਼ ਰਿਹਾ ਹੈ। ਵੱਧ ਯੂਨੀਵਰਸਿਟੀਆਂ ਸਾਲ-ਦਰ-ਸਾਲ ਦੁਨੀਆ ਦੀ ਟਾਪ ਰੈਂਕਿੰਗ ’ਚ ਦਾਖ਼ਲ ਹੋ ਰਹੀਆਂ ਹਨ। ਇਸ ਰਫ਼ਤਾਰ ਨਾਲ, ਮੈਂ ਸਕਾਰਾਤਮਕ ਹਾਂ ਕਿ ਅਸੀਂ ਨੇੜ ਭਵਿੱਖ ’ਚ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ’ਚ ਹੋਵਾਂਗੇ। ਮੈਨੂੰ ਵਿਸ਼ਵਾਸ ਹੈ ਕਿ 2047 ਤੱਕ ਸਾਡਾ ਦੇਸ਼ ਵਿਕਸਿਤ ਦੇਸ਼ਾਂ ’ਚ ਸ਼ਾਮਲ ਹੋ ਜਾਵੇਗਾ। ਸਾਡੀ ਅਰਥਵਿਵਸਥਾ ਹੋਰ ਵੀ ਸਮਾਵੇਸ਼ੀ ਅਤੇ ਨਵੀਨਤਾਕਾਰੀ ਹੋਵੇਗੀ। ਸਾਡੇ ਗਰੀਬ ਲੋਕ ਗਰੀਬੀ ਦੇ ਖਿਲਾਫ ਲੜਾਈ ਨੂੰ ਵਿਆਪਕ ਰੂਪ ’ਚ ਜਿੱਤਣਗੇ। ਸਿਹਤ, ਸਿੱਖਿਆ ਅਤੇ ਸਮਾਜਿਕ ਖੇਤਰ ਦੇ ਨਤੀਜੇ ਦੁਨੀਆ ’ਚ ਸਭ ਤੋਂ ਉੱਤਮ ਹੋਣਗੇ। ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫਿਰਕਾਪ੍ਰਸਤੀ ਦੀ ਸਾਡੇ ਰਾਸ਼ਟਰੀ ਜੀਵਨ ’ਚ ਕੋਈ ਥਾਂ ਨਹੀਂ ਹੋਵੇਗੀ। ਸਾਡੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਦੁਨੀਆ ਦੇ ਸਭ ਤੋਂ ਉੱਤਮ ਦੇਸ਼ਾਂ ਦੇ ਬਰਾਬਰ ਹੋਵੇਗੀ। ਸਭ ਤੋਂ ਮਹੱਤਵਪੂਰਨ ਗੱਲ, ਅਸੀਂ ਕੁਦਰਤ ਅਤੇ ਸੱਭਿਆਚਾਰ ਦੋਵਾਂ ਦੀ ਦੇਖਭਾਲ ਕਰਦੇ ਹੋਏ ਇਹ ਸਭ ਹਾਸਲ ਕਰਾਂਗੇ।
ਸਵਾਲ : ਭਾਰਤ ਨੇ ਜੀ-20 ਦੀ ਪ੍ਰਧਾਨਗੀ ਉਦੋਂ ਸੰਭਾਲੀ ਜਦੋਂ ਜ਼ਿਆਦਾਤਰ ਮੈਂਬਰ ਰਾਸ਼ਟਰ ਮੰਦੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਸਨ, ਜਦੋਂ ਕਿ ਭਾਰਤ ਇਕੋ-ਇਕ ਉੱਭਰਦਾ ਹੋਇਆ ਦੇਸ਼ ਸੀ। ਭਾਰਤ ਨੇ ਕਰਜ਼ਾ ਪ੍ਰਵਾਹ, ਮਹਿੰਗਾਈ ਕੰਟਰੋਲ ਅਤੇ ਕੌਮਾਂਤਰੀ ਟੈਕਸ ਸੌਦਿਆਂ ’ਤੇ ਆਮ ਸਹਿਮਤੀ ਬਣਾਉਣ ਲਈ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ’ਚ ਆਪਣੀ ਸਥਿਤੀ ਦਾ ਲਾਭ ਕਿਵੇਂ ਚੁੱਕਿਆ ਹੈ?
ਜਵਾਬ : 2014 ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਤੱਕ ਸਾਡੇ ਦੇਸ਼ ਨੇ ਕਈ ਸਰਕਾਰਾਂ ਵੇਖੀਆਂ ਜੋ ਅਸਥਿਰ ਸਨ ਅਤੇ ਇਸ ਲਈ ਬਹੁਤ ਕੁਝ ਕਰਨ ’ਚ ਅਸਮਰਥ ਸਨ ਪਰ ਪਿਛਲੇ ਕੁਝ ਸਾਲਾਂ ’ਚ ਲੋਕਾਂ ਨੇ ਇਕ ਫੈਸਲਾਕੁੰਨ ਫਤਵਾ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਇਕ ਸਥਿਰ ਸਰਕਾਰ, ਅਨੁਮਾਨਿਤ ਨੀਤੀਆਂ ਅਤੇ ਸਮੁੱਚੀਆਂ ਦਿਸ਼ਾਵਾਂ ’ਚ ਸਪਸ਼ਟਤਾ ਆਈ ਹੈ। ਇਹੀ ਕਾਰਨ ਹੈ ਕਿ ਪਿਛਲੇ 9 ਸਾਲਾਂ ’ਚ ਕਈ ਸੁਧਾਰ ਕੀਤੇ ਗਏ। ਅਰਥਵਿਵਸਥਾ, ਸਿੱਖਿਆ, ਵਿੱਤੀ ਖੇਤਰ, ਬੈਂਕ, ਡਿਜੀਟਲੀਕਰਨ, ਕਲਿਆਣ, ਸਮਾਵੇਸ਼ਨ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਇਨ੍ਹਾਂ ਸੁਧਾਰਾਂ ਨੇ ਇਕ ਮਜ਼ਬੂਤ ਨੀਂਹ ਰੱਖੀ ਹੈ ਅਤੇ ਵਿਕਾਸ ਇਸ ਦਾ ਸੁਭਾਵਿਕ ਪ੍ਰਤੀਫਲ ਹੈ। ਭਾਰਤ ਵੱਲੋਂ ਕੀਤੀ ਗਈ ਤੇਜ਼ ਅਤੇ ਲਗਾਤਾਰ ਤਰੱਕੀ ਨੇ ਸੁਭਾਵਿਕ ਤੌਰ ’ਤੇ ਪੂਰੀ ਦੁਨੀਆ ’ਚ ਰੁਚੀ ਪੈਦਾ ਕੀਤੀ ਅਤੇ ਕਈ ਦੇਸ਼ ਸਾਡੀ ਵਿਕਾਸ ਕਹਾਣੀ ਨੂੰ ਬਹੁਤ ਨੇੜਿਓਂ ਵੇਖ ਰਹੇ ਹਨ। ਉਹ ਆਸਵੰਦ ਹਨ ਕਿ ਇਹ ਤਰੱਕੀ ਬਿਨਾਂ ਕਾਰਨ ਨਹੀਂ ਹੈ, ਸਗੋਂ ‘ਸੁਧਾਰ, ਪ੍ਰਦਰਸ਼ਨ, ਤਬਦੀਲੀ’ ਦੇ ਸਪੱਸ਼ਟ, ਕਾਰਜ-ਮੁਖੀ ਰੋਡਮੈਪ ਦੇ ਨਤੀਜੇ ਵਜੋਂ ਹੋ ਰਹੀ ਹੈ। ਲੰਬੇ ਸਮੇਂ ਤੱਕ, ਭਾਰਤ ਨੂੰ 1 ਅਰਬ ਤੋਂ ਵੱਧ ਭੁੱਖੇ ਪੇਟ ਵਾਲੇ ਲੋਕਾਂ ਦੇ ਰਾਸ਼ਟਰ ਦੇ ਰੂਪ ’ਚ ਜਾਣਿਆ ਜਾਂਦਾ ਸੀ ਪਰ ਹੁਣ, ਭਾਰਤ ਨੂੰ 1 ਅਰਬ ਤੋਂ ਵੱਧ ਚਾਹਵਾਨ ਪ੍ਰਤੀਭਾਵਾਂ, 2 ਅਰਬ ਤੋਂ ਵੱਧ ਕੁਸ਼ਲ ਹੱਥਾਂ ਅਤੇ ਲੱਖਾਂ ਨੌਜਵਾਨਾਂ ਦੇ ਰਾਸ਼ਟਰ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਅਸੀਂ ਨਾ ਸਿਰਫ ਦੁਨੀਆ ’ਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹਾਂ, ਸਗੋਂ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਵੀ ਹਾਂ। ਇਸ ਲਈ, ਭਾਰਤ ਬਾਰੇ ਦ੍ਰਿਸ਼ਟੀਕੋਣ ਬਦਲ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਦੀਆਂ ਬੀਬੀਆਂ ਦੇ ਹੌਂਸਲੇ ਨੂੰ ਸਲਾਮ, ਖੁਦ ਲਿਖੀ ਕਾਮਯਾਬੀ ਦੀ ਇਬਾਰਤ, ਸੁਣ ਤੁਸੀਂ ਵੀ ਕਰੋਗੇ ਸਿਫਤਾਂ
ਸਵਾਲ : ਸਮਰਕੰਦ ’ਚ ਰਾਸ਼ਟਰਪਤੀ ਪੁਤਿਨ ਨੂੰ ਦਿੱਤੇ ਗਏ ਤੁਹਾਡੇ ਸੰਦੇਸ਼ ਕਿ ਇਹ ਜੰਗ ਦਾ ਯੁੱਗ ਨਹੀਂ ਹੈ, ਨੇ ਪੂਰੀ ਦੁਨੀਆ ’ਚ ਸਮਰਥਨ ਹਾਸਲ ਕੀਤਾ ਹੈ। ਜੀ-7 ਅਤੇ ਚੀਨ-ਰੂਸ ਗੱਠਜੋੜ ਵਿਚਾਲੇ ਮੱਤਭੇਦਾਂ ਨੂੰ ਵੇਖਦੇ ਹੋਏ, ਸਮੂਹ ਲਈ ਇਸ ਸੰਦੇਸ਼ ਨੂੰ ਅਪਨਾਉਣਾ ਮੁਸ਼ਕਿਲ ਹੋਵੇਗਾ। ਉਸ ਸੰਦਰਭ ’ਚ ਆਮ ਸਹਿਮਤੀ ਬਣਾਉਣ ’ਚ ਮਦਦ ਕਰਨ ਲਈ ਭਾਰਤ ਪ੍ਰਧਾਨ ਦੇ ਰੂਪ ’ਚ ਕੀ ਕਰ ਸਕਦਾ ਹੈ ਅਤੇ ਉਸ ਆਮ ਸਹਿਮਤੀ ਨੂੰ ਬਣਾਉਣ ’ਚ ਨੇਤਾਵਾਂ ਲਈ ਤੁਹਾਡਾ ਨਿੱਜੀ ਸੰਦੇਸ਼ ਕੀ ਹੋਵੇਗਾ?
ਜਵਾਬ : ਵੱਖ-ਵੱਖ ਖੇਤਰਾਂ ’ਚ ਕਈ ਵੱਖ-ਵੱਖ ਸੰਘਰਸ਼ ਹਨ। ਇਨ੍ਹਾਂ ਸਾਰਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦੀ ਲੋੜ ਹੈ। ਕਿਤੇ ਵੀ ਕਿਸੇ ਵੀ ਸੰਘਰਸ਼ ’ਤੇ ਸਾਡਾ ਇਹੀ ਰੁਖ਼ ਹੈ। ਭਾਵੇਂ ਜੀ-20 ਪ੍ਰਧਾਨ ਦੇ ਰੂਪ ’ਚ ਹੋਵੇ ਜਾਂ ਨਾ ਹੋਵੇ, ਅਸੀਂ ਪੂਰੀ ਦੁਨੀਆ ’ਚ ਸ਼ਾਂਤੀ ਯਕੀਨੀ ਬਣਾਉਣ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਾਂਗੇ। ਅਸੀ ਮੰਨਦੇ ਹਾਂ ਕਿ ਵੱਖ-ਵੱਖ ਕੌਮਾਂਤਰੀ ਮੁੱਦਿਆਂ ’ਤੇ ਸਾਡੀ ਸਾਰਿਆਂ ਦੀ ਆਪਣੀ-ਆਪਣੀ ਸਥਿਤੀ ਅਤੇ ਆਪਣੇ-ਆਪਣੇ ਦ੍ਰਿਸ਼ਟੀਕੋਣ ਹਨ। ਨਾਲ ਹੀ, ਅਸੀਂ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਵੰਡੀ ਹੋਈ ਦੁਨੀਆ ਲਈ ਸਾਂਝੀਆਂ ਚੁਣੌਤੀਆਂ ਨਾਲ ਲੜਨਾ ਮੁਸ਼ਕਿਲ ਹੋਵੇਗਾ। ਤਰੱਕੀ, ਵਿਕਾਸ, ਜਲਵਾਯੂ ਤਬਦੀਲੀ, ਮਹਾਮਾਰੀ ਅਤੇ ਆਫਤ ਨਾਲ ਜੁਡ਼ੀਆਂ ਚੁਣੌਤੀਆਂ ਦੁਨੀਆ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਅਜਿਹੇ ਕਈ ਮੁੱਦਿਆਂ ’ਤੇ ਨਤੀਜਾ ਦੇਣ ਲਈ ਦੁਨੀਆ ਜੀ-20 ਵੱਲ ਵੇਖ ਰਹੀ ਹੈ। ਜੇਕਰ ਅਸੀਂ ਇਕਜੁੱਟ ਹੋਈਏ ਤਾਂ ਅਸੀਂ ਸਾਰੇ ਇਨ੍ਹਾਂ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰ ਸਕਦੇ ਹਾਂ। ਅਸੀਂ ਸ਼ਾਂਤੀ, ਸਥਿਰਤਾ ਅਤੇ ਤਰੱਕੀ ਦੇ ਸਮਰਥਨ ’ਚ ਹਮੇਸ਼ਾ ਖੜ੍ਹੇ ਰਹੇ ਹਾਂ ਅਤੇ ਰਹਾਂਗੇ।
ਸਵਾਲ : ਸਾਈਬਰ ਅਪਰਾਧਾਂ ਨੇ ਮਣੀ ਲਾਂਡਰਿੰਗ ਅਤੇ ਅੱਤਵਾਦ ਖਿਲਾਫ ਲੜਾਈ ’ਚ ਇਕ ਨਵਾਂ ਨਿਯਮ ਜੋੜਿਆ ਹੈ। 1 ਤੋਂ 10 ਦੇ ਪੈਮਾਨੇ ’ਤੇ ਜੀ-20 ਨੂੰ ਇਸ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਅਤੇ ਮੌਜੂਦਾ ’ਚ ਇਹ ਕਿੱਥੇ ਹੈ?
ਜਵਾਬ : ਸਾਈਬਰ ਖਤਰਿਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਉਲਟ ਅਸਰ ਦਾ ਇਕ ਕੋਣ ਉਨ੍ਹਾਂ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਹਨ। ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਸਾਈਬਰ ਹਮਲਿਆਂ ਨਾਲ 2019-2023 ਦੌਰਾਨ ਦੁਨੀਆ ਨੂੰ ਲਗਭਗ 5.2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਪਰ ਉਨ੍ਹਾਂ ਦਾ ਅਸ਼ਰ ਸਿਰਫ ਵਿੱਤੀ ਪਹਿਲੂਆਂ ਤੋਂ ਪਰੇ ਉਨ੍ਹਾਂ ਗਤੀਵਿਧੀਆਂ ’ਚ ਚਲਾ ਜਾਂਦਾ ਹੈ, ਜੋ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਦੇ ਸਮਾਜਿਕ ਅਤੇ ਭੂ-ਸਿਆਸੀ ਪ੍ਰਭਾਵ ਹੋ ਸਕਦੇ ਹਨ। ਸਾਈਬਰ ਅੱਤਵਾਦ, ਆਨਲਾਈਨ ਕੱਟੜਤਾ, ਮਣੀ ਲਾਂਡਰਿੰਗ ਤੋਂ ਨਸ਼ੀਲੇ ਪਦਾਰਥ ਅਤੇ ਅੱਤਵਾਦ ਵੱਲ ਲਿਜਾਣ ਲਈ ਨੈੱਟਵਰਕ ਪਲੇਟਫਾਰਮਾਂ ਦੀ ਵਰਤੋਂ ਸਿਰਫ਼ ਝਲਕ ਹੈ। ‘ਸਾਈਬਰ ਸਪੇਸ’ ਨੇ ਗ਼ੈਰ-ਕਾਨੂੰਨੀ ਵਿੱਤੀ ਗਤੀਵਿਧੀਆਂ ਅਤੇ ਅੱਤਵਾਦ ਖਿਲਾਫ ਲੜਾਈ ’ਚ ਇਕ ਪੂਰੀ ਤਰ੍ਹਾਂ ਨਾਲ ਨਵਾਂ ਆਯਾਮ ਪੇਸ਼ ਕੀਤਾ ਹੈ। ਅੱਤਵਾਦੀ ਸੰਗਠਨ ਕੱਟੜਪੰਥ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ, ਮਣੀ ਲਾਂਡਰਿੰਗ ਅਤੇ ਨਸ਼ੀਲੇ ਪਦਾਰਥਾਂ ਤੋਂ ਟੈਰਰ ਫੰਡਿੰਗ ’ਚ ਪੈਸਾ ਲਿਜਾ ਰਹੇ ਹਨ ਅਤੇ ਆਪਣੇ ਨਾਪਾਕ ਮਕਸਦਾਂ ਨੂੰ ਪੂਰਾ ਕਰਨ ਲਈ ‘ਡਾਰਕ ਨੈੱਟ’, ‘ਮੈਟਾਵਰਸ’ ਅਤੇ ‘ਕ੍ਰਿਪਟੋਕਰੰਸੀ’ ਵਰਗੇ ਉੱਭਰਦੇ ਡਿਜੀਟਲ ਤਰੀਕਿਆਂ ਦਾ ਫਾਇਦਾ ਉਠਾ ਰਹੇ ਹਨ। ਇਸ ਤੋਂ ਇਲਾਵਾ ਉਹ ਰਾਸ਼ਟਰਾਂ ਦੇ ਸਮਾਜਿਕ ਤਾਣੇ-ਬਾਣੇ ’ਤੇ ਅਸਰ ਪਾਉਣ ਵਾਲੇ ਹੋ ਸਕਦੇ ਹਨ।
ਸਵਾਲ : ਕੀ ਜੀ-20 ਬਹੁਪੱਖੀ ਸੰਸਥਾਨਾਂ ਨੂੰ ਅੱਜ ਦੀਆਂ ਚੁਣੌਤੀਆਂ ਲਈ ਜ਼ਿਆਦਾ ਰੈਲੀਵੈਂਟ ਦਾ ਬਣਾਉਣ ਅਤੇ ਕੌਮਾਂਤਰੀ ਵਿਵਸਥਾ ’ਚ ਭਾਰਤ ਨੂੰ ਉਸ ਦਾ ਉਚਿਤ ਸਥਾਨ ਦਿਵਾਉਣ ਲਈ ਇਕ ਮੰਚ ਬਣ ਸਕਦਾ ਹੈ? ਇਸ ਨੂੰ ਰੇਖਾਂਕਿਤ ਕਰਨ ’ਚ ਮੀਡੀਆ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ?
ਜਵਾਬ : ਅੱਜ ਦੀ ਦੁਨੀਆ ਇਕ ਬਹੁਧਰੁਵੀ ਦੁਨੀਆ ਹੈ, ਜਿੱਥੇ ਸਾਰੀਆਂ ਚਿੰਤਾਵਾਂ ਪ੍ਰਤੀ ਨਿਰਪੱਖ ਅਤੇ ਸੰਵੇਦਨਸ਼ੀਲ ਸੰਸਥਾਨ ਇਕ ਨਿਯਮ-ਆਧਾਰਿਤ ਵਿਵਸਥਾ ਲਈ ਬੇਹੱਦ ਮਹੱਤਵਪੂਰਨ ਹਨ। ਹਾਲਾਂਕਿ, ਸੰਸਥਾਨ ਉਦੋਂ ਰੈਲੀਵੈਂਸ ਬਣਾਈ ਰੱਖ ਸਕਦੇ ਹਨ ਜਦੋਂ ਉਹ ਸਮੇਂ ਦੇ ਨਾਲ ਬਦਲਦੇ ਹਨ। 20ਵੀਂ ਸਦੀ ਦੇ ਮੱਧ ਦਾ ਦ੍ਰਿਸ਼ਟੀਕੋਣ 21ਵੀਂ ਸਦੀ ’ਚ ਦੁਨੀਆ ਲਈ ਕੰਮ ਨਹੀਂ ਕਰ ਸਕਦਾ ਹੈ। ਇਸ ਲਈ, ਸਾਡੇ ਅੰਤਰਰਾਸ਼ਟਰੀ ਸੰਸਥਾਨਾਂ ਨੂੰ ਬਦਲਦੀਆਂ ਹਕੀਕਤਾਂ ਨੂੰ ਪਛਾਣਨ, ਆਪਣੇ ਫ਼ੈਸਲੇ ਲੈਣ ਵਾਲੇ ਮੰਚਾਂ ਦਾ ਵਿਸਥਾਰ ਕਰਨ, ਆਪਣੀਆਂ ਤਰਜੀਹਾਂ ’ਤੇ ਫਿਰ ਤੋਂ ਵਿਚਾਰ ਕਰਨ ਅਤੇ ਮਹੱਤਵਪੂਰਨ ਆਵਾਜ਼ਾਂ ਦੀ ਅਗਵਾਈ ਯਕੀਨੀ ਬਣਾਉਣ ਦੀ ਲੋੜ ਹੈ। ਜਦੋਂ ਇਹ ਸਮੇਂ ’ਤੇ ਨਹੀਂ ਕੀਤਾ ਜਾਂਦਾ ਹੈ, ਤਾਂ ਛੋਟੇ ਜਾਂ ਖੇਤਰੀ ਮੰਚ ਜ਼ਿਆਦਾ ਮਹੱਤਵ ਪ੍ਰਾਪਤ ਕਰਨ ਲੱਗਦੇ ਹਨ। ਜੀ-20 ਯਕੀਨੀ ਤੌਰ ’ਤੇ ਉਨ੍ਹਾਂ ਸੰਸਥਾਨਾਂ ’ਚੋਂ ਇਕ ਹੈ ਜਿਸ ਨੂੰ ਕਈ ਦੇਸ਼ਾਂ ਵੱਲੋਂ ਉਮੀਦ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਇਕ ਵਿਭਿੰਨਤਾ ਵਾਲੇ ਰਾਸ਼ਟਰ, ਲੋਕਤੰਤਰ ਦੀ ਜਨਨੀ, ਦੁਨੀਆ ’ਚ ਨੌਜਵਾਨਾਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ’ਚੋਂ ਇਕ ਅਤੇ ਵਿਸ਼ਵ ਦੇ ਵਿਕਾਸ ਇੰਜਣ ਦੇ ਰੂਪ ’ਚ, ਭਾਰਤ ਕੋਲ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣ ’ਚ ਯੋਗਦਾਨ ਦੇਣ ਲਈ ਬਹੁਤ ਕੁਝ ਹੈ।
ਸਵਾਲ : ਭਾਰਤ ਦੀ ਪ੍ਰਧਾਨਗੀ ਦੌਰਾਨ ਤੁਸੀਂ ਜਿਸ ਤਰ੍ਹਾਂ ਜੀ-20 ਨੂੰ ਚਰਚਾ ਦਾ ਵਿਸ਼ਾ ਬਣਾਇਆ। ਇਹ ਬੇਮਿਸਾਲ ਸੀ। ਤੁਸੀਂ ਪੂਰੇ ਭਾਰਤ ’ਚ ਜੀ-20 ਬੈਠਕਾਂ ਦੇ ਪ੍ਰਸਾਰ ਦੀ ਇਸ ਧਾਰਨਾ ਦੀ ਕਲਪਨਾ ਕਿਵੇਂ ਕੀਤੀ?
ਜਵਾਬ : ਅਸੀਂ ਬੀਤੇ ਸਮੇਂ ’ਚ ਅਜਿਹੀਆਂ ਕਈ ਉਦਾਹਰਣਾਂ ਵੇਖੀਆਂ ਹਨ, ਜਿੱਥੇ ਕੁਝ ਦੇਸ਼ਾਂ ਨੇ, ਭਾਵੇਂ ਆਕਾਰ ’ਚ ਛੋਟੇ ਹੋਣ, ਓਲੰਪਿਕ ਵਰਗੇ ਉੱਚ-ਪੱਧਰੀ ਕੌਮਾਂਤਰੀ ਆਯੋਜਨ ਦੀ ਜ਼ਿੰਮੇਵਾਰੀ ਲਈ। ਇਨ੍ਹਾਂ ਵਿਸ਼ਾਲ ਆਯੋਜਨਾਂ ਦਾ ਸਕਾਰਾਤਮਕ ਅਤੇ ਪਰਿਵਰਤਨਕਾਰੀ ਪ੍ਰਭਾਵ ਪਿਆ। ਇਸ ਨੇ ਵਿਕਾਸ ਨੂੰ ਪ੍ਰੇਰਿਤ ਕੀਤਾ ਅਤੇ ਖ਼ੁਦ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਅਤੇ ਜਿਸ ਤਰ੍ਹਾਂ ਦੁਨੀਆ ਨੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਪਛਾਣਨਾ ਸ਼ੁਰੂ ਕੀਤਾ, ਅਸਲ ’ਚ ਇਹ ਉਨ੍ਹਾਂ ਦੀ ਵਿਕਾਸ ਯਾਤਰਾ ’ਚ ਇਕ ਮਹੱਤਵਪੂਰਨ ਮੋੜ ਬਣ ਗਿਆ। ਭਾਰਤ ’ਚ ਆਪਣੇ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸ਼ਹਿਰਾਂ ’ਚ ਦੁਨੀਆ ਦਾ ਸਵਾਗਤ ਕਰਨ, ਮੇਜਬਾਨੀ ਕਰਨ ਅਤੇ ਜੁੜਨ ਦੀ ਬਹੁਤ ਸਮਰੱਥਾ ਹੈ। ਬਦਕਿਸਮਤੀ ਨਾਲ ਬੀਤੇ ਸਮੇਂ ’ਚ ਦਿੱਲੀ ’ਚ ਵਿਗਿਆਨ ਭਵਨ ਅਤੇ ਉਸ ਦੇ ਆਸ-ਪਾਸ ਚੀਜ਼ਾਂ ਨੂੰ ਠੀਕ ਕਰਨ ਦਾ ਰਵੱਈਆ ਹੋਇਆ ਕਰਦਾ ਸੀ। ਸ਼ਾਇਦ ਇਸ ਲਈ ਕਿ ਇਹ ਇਕ ਸੌਖਾ ਤਰੀਕਾ ਸੀ, ਜਾਂ ਸ਼ਾਇਦ ਇਸ ਲਈ ਕਿ ਸੱਤਾ ’ਚ ਬੈਠੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ’ਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਲਈ ਵਿਸ਼ਵਾਸ ਦੀ ਕਮੀ ਸੀ। ਮੈਨੂੰ ਆਪਣੇ ਲੋਕਾਂ ਦੀਆਂ ਸਮਰੱਥਾਵਾਂ ’ਤੇ ਬਹੁਤ ਭਰੋਸਾ ਹੈ। ਮੈਂ ਇੱਕ ਸੰਗਠਨਾਤਮਕ ਪਿਛੋਕੜ ਤੋਂ ਆਉਂਦਾ ਹਾਂ ਅਤੇ ਜੀਵਨ ਦੇ ਉਸ ਪੜਾਅ ਦੌਰਾਨ ਕਈ ਅਨੁਭਵ ਹੋਏ ਹਨ, ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਉਨ੍ਹਾਂ ਚੀਜ਼ਾਂ ਨੂੰ ਪ੍ਰਤੱਖ ਰੂਪ ’ਚ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਕਿ ਮੰਚ ਅਤੇ ਮੌਕੇ ਮਿਲਣ ’ਤੇ ਆਮ ਨਾਗਰਿਕ ਵੀ ਕੁਝ ਕਰ ਗੁਜਰਨ ਦੀ ਤਾਕਤ ਰੱਖਦਾ ਹੈ। ਇਸ ਲਈ, ਅਸੀਂ ਦ੍ਰਿਸ਼ਟੀਕੋਣ ’ਚ ਸੁਧਾਰ ਕੀਤੇ।
ਸਵਾਲ : ਪਾਕਿਸਤਾਨ ਅਤੇ ਚੀਨ ਦੇ ਇਤਰਾਜ਼ ਦੇ ਬਾਵਜੂਦ ਅਸੀਂ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ’ਚ ਜੀ-20 ’ਚ ਵਿਦੇਸ਼ੀ ਨੇਤਾਵਾਂ ਦੀ ਮੇਜ਼ਬਾਨੀ ਕਰ ਕੇ ਕੀ ਸੁਨੇਹਾ ਦਿੱਤਾ?
ਜਵਾਬ : ਮੈਂ ਹੈਰਾਨ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਸਵਾਲ ਪੁੱਛ ਰਹੇ ਹੋ। ਜੇਕਰ ਅਸੀਂ ਉਨ੍ਹਾਂ ਸਥਾਨਾਂ ’ਤੇ ਬੈਠਕਾਂ ਆਯੋਜਿਤ ਕਰਨ ਤੋਂ ਪਰਹੇਜ਼ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਦਾ ਸਵਾਲ ਜਾਇਜ਼ ਹੁੰਦਾ। ਸਾਡਾ ਦੇਸ਼ ਇੰਨਾ ਵਿਸ਼ਾਲ, ਸੁੰਦਰ ਅਤੇ ਵੰਨ-ਸੁਵੰਨਤਾ ਭਰਪੂਰ ਹੈ, ਜਦੋਂ ਜੀ-20 ਦੀਆਂ ਬੈਠਕਾਂ ਹੋ ਰਹੀ ਹਨ, ਤਾਂ ਕੀ ਇਹ ਸੁਭਾਵਿਕ ਨਹੀਂ ਹੈ ਕਿ ਸਾਡੇ ਦੇਸ਼ ਦੇ ਹਰ ਹਿੱਸੇ ’ਚ ਬੈਠਕਾਂ ਹੋਣ?
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8