ਗੜ੍ਹਸ਼ੰਕਰ ਦੇ ਪਿੰਡ ''ਚ ਲੱਖਾਂ ਦੀ ਚੋਰੀ, ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਦੀ ਮੰਗ

Tuesday, Jul 21, 2020 - 02:51 PM (IST)

ਗੜ੍ਹਸ਼ੰਕਰ (ਅਮਰੀਕ) : ਇੱਕ ਪਾਸੇ ਜਿੱਥੇ ਲੋਕਾਂ 'ਚ ਕੋਰੋਨਾ ਵਾਇਰਸ ਕਾਰਨ ਸਹਿਮ ਦਾ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਅਜਿਹਾ ਹੀ ਗੜ੍ਹਸ਼ੰਕਰ ਦੇ ਪਿੰਡ ਚੱਕ ਫੁਲੂ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਬੀਤੀ ਰਾਤ ਚੋਰਾਂ ਵਲੋਂ 2 ਘਰਾਂ 'ਚ ਕਰੀਬ 20 ਲੱਖ ਦਾ ਸਮਾਨ ਚੋਰੀ ਕਰ ਲਿਆ ਗਿਆ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਚੱਕ ਫੁਲੂ ਦੇ ਬਾਹਰਲੇ ਪਾਸੇ ਸੁਲੱਖਣ ਸਿੰਘ ਪੁੱਤਰ ਬਿੱਕਰ ਸਿੰਘ ਅਤੇ ਸਰਵਣ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰਾਂ 'ਚ ਬੀਤੀ ਰਾਤ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ। ਕਰਤਾਰ ਸਿੰਘ ਦੇ ਘਰ 'ਚ ਚੋਰਾਂ ਨੇ ਫਰੋਲਾ-ਫਰਾਲੀ ਕੀਤੀ ਅਤੇ ਕੁੱਝ ਨਕਦੀ ਲੈ ਗਏ। ਸੁਲੱਖਣ ਸਿੰਘ ਦੇ ਘਰ 'ਚੋਂ ਕਰੀਬ 20 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ।

ਸੁਲੱਖਣ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਚੋਰਾਂ ਨੇ ਗਰਿੱਲ ਪੱਟੀ ਅਤੇ ਅੰਦਰ ਦਾਖ਼ਲ ਹੋਏ ਅਤੇ ਘਰੋਂ 20 ਲੱਖ ਦਾ ਸਮਾਨ ਲੈ ਗਏ, ਜਿਨ੍ਹਾਂ 'ਚ 2 ਸੋਨੇ ਦੇ ਸੈੱਟ ਵੀ ਸ਼ਾਮਲ ਹਨ। ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਉੱਠ ਕੇ ਦੇਖਿਆ ਤਾਂ ਸਭ ਦੇ ਹੋਸ਼ ਉਡ ਗਏ ਅਤੇ ਤੁਰੰਤ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਪੀੜਤ ਪਰਿਵਾਰਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
 


Babita

Content Editor

Related News