ਚੋਰਾਂ ਨੇ ਇਕ ਹੀ ਰਾਤ ''ਚ ਬਣਾਇਆ 4 ਦੁਕਾਨਾਂ ਨੂੰ ਨਿਸ਼ਾਨਾ

Saturday, Jul 15, 2017 - 01:09 AM (IST)

ਕਲਾਨੌਰ(ਮਨਮੋਹਨ)-ਬੀਤੀ ਰਾਤ ਚੋਰਾਂ ਵੱਲੋਂ ਪਿੰਡ ਨੜਾਂਵਾਲੀ ਅੱਡੇ 'ਤੇ ਇਕੋ ਹੀ ਰਾਤ 'ਚ 4 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਰਫੂਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਗਾ ਹੈਲਥ ਸੈਂਟਰ ਦੇ ਮਾਲਕ ਗੁਰਦੀਪ ਸਿੰਘ ਵਾਸੀ ਮੋੜ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੈਂ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ ਅਤੇ ਚੋਰਾਂ ਵੱਲੋਂ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਲੀਡਾਂ ਤੋੜ ਦਿੱਤੀਆਂ ਗਈਆਂ ਅਤੇ ਗੱਲੇ 'ਚ ਪਈ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਬਾਇਲ ਚੋਰੀ ਕਰ ਕੇ ਲੈ ਗਏ। ਦੂਸਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੱਭਰਵਾਲ ਟੈਲੀਕਾਮ ਦੇ ਮਾਲਕ ਸਤਵਿੰਦਰ ਸਿੰਘ ਵਾਸੀ ਕਾਮਲਪੁਰ ਨੇ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਇਲਾਂ ਦੀਆਂ ਲੀਡਾਂ, ਮੈਮਰੀ ਕਾਰਡ ਤੇ ਹੋਰ ਸਾਮਾਨ ਤੋਂ ਇਲਾਵਾ ਗੱਲੇ 'ਚ ਪਈ ਨਕਦੀ ਚੋਰੀ ਕਰ ਲਈ ਗਈ। ਤੀਸਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਰਾਮਦਾਸ ਡੇਅਰੀ ਦੇ ਮਾਲਕ ਹਰਪਾਲ ਸਿੰਘ ਵਾਸੀ ਲਖਣ ਖੁਰਦ ਨੇ ਦੱਸਿਆ ਕਿ ਚੋਰਾਂ ਵੱਲੋਂ ਸਾਡੀ ਡੇਅਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 6 ਕਿਲੋ ਦੇਸੀ ਘਿਓ ਚੋਰੀ ਕਰ ਲਿਆ ਗਿਆ। ਚੌਥੀ ਚੋਰੀ ਦੀ ਘਟਨਾ ਸਬੰਧੀ ਡੈਂਟਲ ਕਲੀਨਿਕ ਦੇ ਮਾਲਕ ਹਰਮਨ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨੁਕਸਾਨ ਨਹੀਂ ਹੋਇਆ।


Related News