ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

Tuesday, Jul 16, 2024 - 06:24 PM (IST)

ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਝਬਾਲ (ਨਰਿੰਦਰ)- ਪੰਜਾਬ ’ਚ ਰੋਜ਼ਾਨਾ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੋ ਰਿਹਾ ਹੈ, ਜਿਸ ਕਾਰਨ 150 ਬਲਾਕਾਂ ’ਚੋਂ ਲਗਭਗ 117 ਬਲਾਕ ਡਾਰਕ ਜ਼ੋਨ ’ਚ ਆ ਗਏ ਹਨ। ਇਸ ਦਾ ਇਕ ਵੱਡਾ ਕਾਰਨ ਸੂਬੇ ’ਚ ਰੋਜ਼ਾਨਾ ਮੋਟਰਾਂ ਦੀ ਗਿਣਤੀ ਦਾ ਵਧਣਾ ਵੀ ਹੈ। ਜਾਣਕਾਰੀ ਅਨੁਸਾਰ 1980 ਦੇ ਦਹਾਕੇ ’ਚ ਲੱਗਭਗ 2 ਲੱਖ ਦੇ ਕਰੀਬ ਟਿਊਬਵੈਲ ਸਨ, ਜਦੋਂ ਕਿ ਹੁਣ 16 ਲੱਖ ਵੱਧ ਹਨ। ਇੰਨਾ ਹੀ ਨਹੀਂ ਲਗਾਤਾਰ ਪਾਣੀ ਧਰਤੀ ਹੇਠਿਓਂ ਕੱਢਿਆ ਜਾ ਰਿਹਾ ਹੈ, ਜਿਸ ਕਰ ਕੇ ਸਾਲਾਨਾ ਇਕ ਮੀਟਰ ਪਾਣੀ ਐਵਰੇਜ ਡੂੰਘਾ ਹੁੰਦਾ ਜਾ ਰਿਹਾ ਹੈ।

ਇਹ ਹਨ ਅੰਕੜੇ 

ਜੇਕਰ ਸਾਲ 1990 ਦੀ ਗੱਲ ਕਰੀਏ ਤਾਂ ਇਸ ਵਕਤ ਟਿਊਬਵੈਲਾਂ ਨਾਲ ਸਿੱਜਿਆ ਜਾਣ ਵਾਲਾ ਰਕਬਾ 2233 ਹੈਕਟੇਅਰ ਸੀ। ਉਸ ਵਕਤ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 2 ਲੱਖ ਰਹਿ ਗਈ ਸੀ, ਜਦਕਿ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਵੱਧ ਕੇ 6 ਲੱਖ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਜਦੋਂ 1997 ’ਚ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਲਈ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਗਿਆ ਤਾਂ ਉਸ ਵਕਤ ਜੇ ਅੰਕੜੇ ਸਾਹਮਣੇ ਆਏ ਹਨ, ਉਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਵਿਚ ਕਿਸ ਤਰ੍ਹਾਂ ਟਿਊਬਵੈਲਾਂ ਦੀ ਰਫ਼ਤਾਰ ਵਧੀ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਇਸ ਤੋਂ ਬਾਅਦ 2009 ’ਚ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 2 ਲੱਖ 26 ਹਜ਼ਾਰ ਰਹਿ ਗਈ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 11 ਲੱਖ 6 ਹਜ਼ਾਰ ਤਕਰੀਬਨ ਹੋ ਗਈ ਸੀ। ਇਸੇ ਤਰ੍ਹਾਂ 2015-17 ਦੀ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 1 ਲੱਖ 65 ਰਹਿ ਗਈ ਸੀ, ਜਦਕਿ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਪਿਛਲੇ 27 ਸਾਲਾਂ ਨਾਲੋਂ ਵਧ ਕੇ 12 ਲੱਖ 54 ਹਜ਼ਾਰ ਦਾ ਦਾ ਵੀ ਅੰਕੜਾ ਪਾਰ ਕਰ ਲਿਆ।

ਇਨ੍ਹਾਂ ਮੋਟਰਾਂ ਨਾਲ ਕੁੱਲ 2940 ਹੈਕਟੇਅਰ ਖੇਤੀ ਯੋਗ ਰਕਬਾ ਸਿੰਜਿਆ ਜਾਂਦਾ ਸੀ। ਪਿਛਲੇ 30 ਸਾਲਾਂ ਵਿਚ ਨਹਿਰਾਂ ਨਾਲ ਸਿੰਜਿਆ ਜਾਣ ਵਾਲਾ ਰਕਬਾ 1430 ਹੈਕਟੇਅਰ ਤੋਂ ਘੱਟ ਕੇ 1186 ਹੀ ਰਹਿ ਗਿਆ। ਜੇਕਰ 2017 ਵੱਲ ਝਾਤ ਮਾਰੀਏ ਤਾਂ ਇਸ ਵਕਤ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 1 ਲੱਖ 40 ਹਜ਼ਾਰ ਰਹਿ ਗਈ, ਜਦਕਿ ਮੋਟਰਾਂ ਦੀ ਗਿਣਤੀ 13 ਲੱਖ 36 ਹਜ਼ਾਰ ਤੱਕ ਪਹੁੰਚ ਗਈ। ਸਾਲ 2019 ਦੀ ਗੱਲ ਕਰੀਏ ਤਾਂ ਪੰਜਾਬ ’ਚ ਟਿਊਬਵੈਲ ਦੀ ਗਿਣਤੀ ਤਕਰੀਬਨ 16 ਲੱਖ ਹੋ ਗਈ ਸੀ । ਜਦੋਂ ਕਿ ਹੁਣ ਸਾਲ 2024 ’ਚ ਇਹ ਗਿਣਤੀ ਹੋਰ ਵੀ ਵਧ ਗਈ ਹੈ। ਕਿਸਾਨ ਧੜਾਧੜ ਨਵੀਆਂ ਮੋਟਰਾਂ ਲਾ ਰਹੇ ਹਨ।

ਸਰਕਾਰਾਂ ਦੇਣ ਧਿਆਨ 

ਲੋੜ ਹੈ ਕਿ ਸਰਕਾਰ ਖੇਤੀਬਾੜੀ ਵਿਭਾਗ ਇਸ ਵੱਲ ਖਾਸ ਧਿਆਨ ਦੇਵੇ ਤਾਂ ਜੇ ਧਰਤੀ ਹੇਠਲਾ ਪਾਣੀ ਦਾ ਘਟਦਾ ਪੱਧਰ ਬਚਾਇਆ ਜਾ ਸਕੇ। ਕਿਸਾਨਾਂ ਨੂੰ ਅੰਡਰ ਗਰਾਉਂਡ ਪਾਈਪਾਂ ਦੀ ਆਸਾਨ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਫੁਹਾਰਾ ਤਕਨੀਕ ਨਾਲ ਸਿੰਚਾਈ ਅਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਲਈ ਪ੍ਰੇਰਿਤ ਕੀਤਾ ਜਾਵੇ।

ਇਹ ਵੀ ਪੜ੍ਹੋ- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਸੁਣਾਈ ਧਾਰਮਿਕ ਸਜ਼ਾ

ਮੁਫਤ ਵਾਲੀ ਬਿਜਲੀ ਦਾ ਅਸਰ

ਪੰਜਾਬ ’ਚ ਸਮੇਂ ਦੀਆਂ ਸਰਕਾਰ ਵੱਲੋਂ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਕਰਕੇ ਵੀ ਧਰਤੀ ਹੇਠਲੇ ਪਾਣੀ ’ਚ ਕਾਫੀ ਫਰਕ ਪਿਆ ਹੈ ਕਿਉਂਕਿ ਬਿਜਲੀ ਮੁਫ਼ਤ ਹੋਣ ਕਰਕੇ ਕਿਸਾਨ ਸਿੰਚਾਈ ਲਈ ਜ਼ਿਆਦਾਤਰ ਮੋਟਰਾਂ ਦੀ ਵਰਤੋਂ ਕਰਦੇ ਹਨ।

ਅੰਕੜਿਆਂ ਮੁਤਾਬਕ 31 ਮਾਰਚ 2022 ਤੱਕ ਪੰਜਾਬ ’ਚ 80 ਲੱਖ ਘਰੇਲੂ ਬਿਜਲੀ ਖਪਤਕਾਰ, 1150 ਕਮਰਸ਼ੀਅਲ ਖਪਤਕਾਰ, 1 ਲੱਖ 50 ਹਜ਼ਾਰ ਇੰਡਸਟਰੀ ਖਪਤਕਾਰ ਹਨ। ਇਸ ਤੋਂ ਇਲਾਵਾ 14 ਲੱਖ ਦੇ ਕਰੀਬ ਖੇਤੀਬਾੜੀ ਖਪਤਕਾਰ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਬਿਜਲੀ ਮੁਫਤ ਦਿੱਤੀ ਜਾਂਦੀ ਹੈ, ਜਿਨ੍ਹਾਂ 14 ਲੱਖ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਉਨ੍ਹਾਂ ’ਚੋਂ ਸਿਰਫ 1.6 ਲੱਖ ਕਿਸਾਨ ਹੀ ਢਾਈ ਏਕੜ ਤੋਂ ਘੱਟ ਜ਼ਮੀਨ ’ਤੇ ਕਾਸ਼ਤ ਕਰਦੇ ਹਨ।

ਢਾਈ ਏਕੜ ਤੋਂ ਪੰਜ ਏਕੜ ਤੱਕ 3 ਲੱਖ 70 ਹਜ਼ਾਰ ਖਪਤਕਾਰ ਹਨ। ਇਸ ਤੋਂ ਇਲਾਵਾ 10 ਤੋਂ 25 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਕੋਲ 3.1 ਲੱਖ ਮੋਟਰਾਂ ਦੇ ਕੁਨੈਕਸ਼ਨ ਹਨ, ਜਦੋਂ ਕਿ 25 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੇ ਕੋਲ 60 ਹਜ਼ਾਰ ਦੇ ਕਰੀਬ ਮੋਟਰਾਂ ਦੇ ਕੁਨੈਕਸ਼ਨ ਹਨ।

ਇਹ ਵੀ ਪੜ੍ਹੋ- ਹੈਰੋਇਨ ਸਮੱਗਲਿੰਗ ਦਾ ਟੁੱਟਿਆ ਰਿਕਾਰਡ, 5 ਮਹੀਨਿਆਂ ’ਚ 126 ਡਰੋਨ ਤੇ 750 ਕਰੋੜ ਦੀ ਹੈਰੋਇਨ ਜ਼ਬਤ

ਹੋਰ ਕਾਰਨ

ਦੂਸਰਾ ਮੁਫਤ ਦੀ ਬਿਜਲੀ ਕਰਕੇ ਘਰਾਂ ਵਿਚ ਲੋਕ ਸਾਰਾ ਸਾਰਾ ਦਿਨ ਪਾਣੀ ਵਾਲੀਆਂ ਮੋਟਰਾਂ ਚਲਾਉਂਦੇ ਰੱਖਦੇ ਤੇ ਪਾਣੀ ਵਾਲੀਆਂ ਟੈਂਕੀਆਂ ਉਛਲਦੀਆਂ ਰਹਿੰਦੀਆਂ ਅਤੇ ਪਾਣੀ ਸਾਰਾ ਸਾਲ ਵਿਅਰਥ ਜਾਂਦਾ ਰਹਿੰਦਾ, ਜਿਸ ਨਾਲ ਪਿੰਡਾਂ ਦੇ ਛੱਪੜ ਓਵਰ ਫਲੋਅ ਹੋ ਰਹੇ ਤੇ ਪਾਣੀ ਜਿੱਥੇ ਵਿਅਰਥ ਜਾ ਰਿਹਾ ਉਥੇ ਗਲੀਆਂ ਨਾਲੀਆਂ ਵਿਚ ਆਕੇ ਮੱਛਰ ਪੈਦਾ ਕਰਕੇ ਮਾਰੂ ਬੀਮਾਰੀਆਂ ਪੈਦਾ ਕਰ ਰਿਹਾ ਤੋਂ ਇਲਾਵਾ ਗੱਡੀਆਂ ਧੋਣ ਲਈ ਲੱਗੇ ਵਾਸ਼ਿੰਗ ਸੈਂਟਰ ਵੀ ਪਾਣੀ ਦੀ ਬਰਬਾਦੀ ਵਿਚ ਵੱਡਾ ਹਿੱਸਾ ਪਾ ਰਹੇ।

ਕਿਸਾਨਾਂ ਦੀ ਮਜ਼ਬੂਰੀ

ਮਸਲਾ ਇਸ ਗੱਲ ਦਾ ਹੈ ਕਿ ਜੇਕਰ ਖੇਤੀ ਲਈ ਨਹਿਰੀ ਪਾਣੀ ਪੂਰਾ ਹੋਵੇ ਤਾਂ ਕਿਸਾਨ ਧਡ਼ਾਧਡ਼ ਟਿਊਬਵੈਲ ਕਿਉਂ ਲਵਾਉਣ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਨਹਿਰੀ ਪਾਣੀ ਦੀ ਘਾਟ ਨੂੰ ਦੂਰ ਕਰਨਾ ਚਾਹੀਦਾ। ਖਾਸ ਕਰਕੇ ਟੇਲਾਂ ’ਤੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਵਾਲੇ ਪਾਸੇ ਜ਼ਰੂਰ ਖਿਆਲ ਰੱਖਿਆ ਜਾਵੇ। ਨਵੀਆਂ ਕੱਸੀਆਂ, ਰਜਬਾਹੇ ਕੱਢੇ ਜਾਣ। ਜੇਕਰ ਖੇਤੀ ਲਈ ਨਹਿਰੀ ਪਾਣੀ ਪੂਰਾ ਮਿਲੇਗਾ ਤਾਂ ਹੀ ਕਿਸਾਨਾਂ ਖਰਚਾ ਜੋ ਡੀਜ਼ਲ ’ਤੇ ਹੁੰਦਾ, ਉਹ ਬਚ ਸਕੇਗਾ। ਫਸਲਾਂ ਦਾ ਝਾੜ ਵਧੇਗਾ ਅਤੇ ਬੰਜ਼ਰ ਬਣ ਰਹੀਆਂ ਜ਼ਮੀਨਾਂ ਬਚ ਸਕਣਗੀਆਂ।

ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News