ਪਠਾਨਕੋਟ 'ਚ 12 ਸਤੰਬਰ ਨੂੰ ਸਾਲ ਦੀ ਤੀਜੀ ਕੌਮੀ ਲੋਕ ਅਦਾਲਤ, ਸਹਿਮਤੀ ਨਾਲ ਹੋਵੇਗਾ ਵੱਡੇ ਮਾਮਲਿਆਂ ਦਾ ਨਿਪਟਾਰਾ

Tuesday, Aug 25, 2026 - 06:02 AM (IST)

ਪਠਾਨਕੋਟ 'ਚ 12 ਸਤੰਬਰ ਨੂੰ ਸਾਲ ਦੀ ਤੀਜੀ ਕੌਮੀ ਲੋਕ ਅਦਾਲਤ, ਸਹਿਮਤੀ ਨਾਲ ਹੋਵੇਗਾ ਵੱਡੇ ਮਾਮਲਿਆਂ ਦਾ ਨਿਪਟਾਰਾ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਾਲ 2026 ਦੀ ਤੀਜੀ ਕੌਮੀ ਲੋਕ ਅਦਾਲਤ 12 ਸਤੰਬਰ 2026 ਨੂੰ ਜ਼ਿਲ੍ਹਾ ਪੱਧਰ ’ਤੇ ਲਗਾਈ ਜਾ ਰਹੀ ਹੈ। ਇਹ ਲੋਕ ਅਦਾਲਤ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ੍ਰੀ ਰਜਨੀਸ਼ ਗਰਗ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਕੌਮੀ ਲੋਕ ਅਦਾਲਤ ਦੌਰਾਨ ਸਿਵਲ ਕੇਸਾਂ, ਕਿਰਾਏ ਸਬੰਧੀ ਮਾਮਲਿਆਂ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (MACT) ਕੇਸਾਂ, ਸਮਝੌਤੇ ਯੋਗ ਫੌਜਦਾਰੀ ਕੇਸਾਂ, ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਅਧੀਨ ਕੇਸਾਂ, ਪਰਿਵਾਰਕ ਝਗੜਿਆਂ, ਕਿਰਤ ਵਿਵਾਦਾਂ, ਬੈਂਕਿੰਗ ਮਾਮਲਿਆਂ, ਟੈਲੀਕਾਮ ਕੰਪਨੀਆਂ ਨਾਲ ਸਬੰਧਤ ਵਿਵਾਦਾਂ, ਬਿਜਲੀ ਦੇ ਬਿੱਲਾਂ, ਪਾਣੀ ਅਤੇ ਸੀਵਰੇਜ ਦੇ ਬਿੱਲਾਂ ਸਮੇਤ ਹੋਰ ਪ੍ਰੀ-ਲਿਟੀਗੇਸ਼ਨ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਨੂੰ ਵੀ ਲੋਕ ਅਦਾਲਤ ਵਿੱਚ ਨਿਪਟਾਰੇ ਲਈ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ

ਇਸ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਰਜਨੀਸ਼ ਗਰਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵੱਧ ਤੋਂ ਵੱਧ ਵਿਵਾਦਾਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਰਾਹੀਂ ਮਾਮਲਿਆਂ ਦਾ ਨਿਪਟਾਰਾ ਹੋਣ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵੱਲੋਂ ਪਾਸ ਕੀਤਾ ਗਿਆ ਅਵਾਰਡ ਸਿਵਲ ਅਦਾਲਤ ਦੀ ਡਿਕਰੀ ਦੇ ਬਰਾਬਰ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਇਸ ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਵਿਵਾਦਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣ ਦੀ ਅਪੀਲ ਕੀਤੀ।

ਇਸ ਮੌਕੇ ਸੀ.ਜੇ.ਐੱਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਪ੍ਰਭਜੋਤ ਕੌਰ ਨੇ ਅਦਾਲਤਾਂ ਵਿੱਚ ਲੰਬਿਤ ਟ੍ਰੈਫਿਕ ਚਲਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਇਹ ਪਤਾ ਕਰਨਾ ਹੈ ਕਿ ਉਨ੍ਹਾਂ ਦਾ ਟ੍ਰੈਫਿਕ ਚਲਾਨ 12 ਸਤੰਬਰ 2026 ਨੂੰ ਹੋਣ ਵਾਲੀ ਕੌਮੀ ਲੋਕ ਅਦਾਲਤ ਵਿੱਚ ਸੂਚੀਬੱਧ ਹੈ ਜਾਂ ਨਹੀਂ, ਉਹ eCourts ਪੋਰਟਲ ’ਤੇ ਜਾ ਕੇ ਸਬੰਧਤ ਰਾਜ ਅਤੇ ਜ਼ਿਲ੍ਹੇ ਦੀ ਚੋਣ ਕਰਨ ਉਪਰੰਤ ਪਾਰਟੀ ਦਾ ਨਾਮ ਅਤੇ ਚਲਾਨ ਨੰਬਰ ਦਰਜ ਕਰਕੇ ਚਲਾਨ ਦੇ ਲੰਬਿਤ ਹੋਣ ਵਾਲੀ ਅਦਾਲਤ ਅਤੇ ਹੋਰ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਂਦਿਆਂ ਆਪਣੇ ਲੰਬਿਤ ਅਤੇ ਆਪਸੀ ਸਹਿਮਤੀ ਨਾਲ ਨਿਪਟਾਏ ਜਾ ਸਕਣ ਵਾਲੇ ਵਿਵਾਦਾਂ ਦਾ ਸੁਖਾਵਾਂ ਢੰਗ ਨਾਲ ਨਿਪਟਾਰਾ ਕਰਵਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Sandeep Kumar

Content Editor

Related News