ਨੋਟਿਸ ਤੋਂ ਬਾਅਦ ਵੀ ਸਕੂਲ ਪ੍ਰਿੰਸੀਪਲ ਨਹੀਂ ਮੰਨ ਰਹੇ ਹੁਕਮ
Wednesday, Aug 22, 2018 - 06:29 AM (IST)
ਚੰਡੀਗਡ਼੍ਹ, (ਲਲਨ)- ਖਰਾਬ ਰਿਜ਼ਲਟ ਦਾ ਹਵਾਲਾ ਦੇ ਕੇ ਸਕੂਲਾਂ ਦੇ ਪ੍ਰਿੰਸੀਪਲ ਵਲੋਂ ਖਿਡਾਰੀਆਂ ਦੀ ਪ੍ਰੈਕਟਿਸ ਹੀ ਬੰਦ ਕਰ ਦਿੱਤੀ ਗਈ ਹੈ। ਹੁਣ ਇਸ ਕਰਕੇ ਨੰਨ੍ਹੇ ਤੇ ਨੌਜਵਾਨ ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ ਸਮਾਂ ਨਹੀਂ ਮਿਲ ਰਿਹਾ ਹੈ। ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲ ਦੀਅਾਂ ਟੀਮਾਂ ਦਾ ਪ੍ਰਦਰਸ਼ਨ ਡਿਗਦਾ ਜਾ ਰਿਹਾ ਹੈ, ਉਥੇ ਹੀ ਇਸ ਦੇ ਉਲਟ ਸੀ. ਬੀ. ਐੱਸ. ਈ. ਨੇ ਹਾਲ ਹੀ ਵਿਚ ਨਿਰਦੇਸ਼ ਜਾਰੀ ਕੀਤਾ ਹੈ ਕਿ ਫਿਜ਼ੀਕਲ ਐਜੂਕੇਸ਼ਨ ਵਿਸ਼ਾ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਮਿਲੇਗਾ, ਜੋ ਕਿ ਸਪੋਰਟਸ ਵਿਚ ਐਕਟਿਵ ਹੋਣਗੇ।
ਹੁਣ ਸਵਾਲ ਉਠਦਾ ਹੈ ਕਿ ਜਦੋਂ ਵਿਦਿਆਰਥੀ ਅੰਡਰ-14 ਵਰਗ ਦੇ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈਣਗੇ ਤਾਂ ਭਵਿੱਖ ਵਿਚ ਉਹ ਕਿਵੇਂ ਟੂਰਨਾਮੈਂਟਾਂ ਵਿਚ ਹਿੱਸਾ ਲੈ ਸਕਦੇ ਹਨ। ਸੂਤਰਾਂ ਮੁਤਾਬਕ ਜਿਹੜੇ ਸਕੂਲਾਂ ਤੋਂ ਵੱਖ-ਵੱਖ ਖੇਡਾਂ ਦੀਆਂ 25-25 ਟੀਮਾਂ ਹਿੱਸਾ ਲੈਂਦੀਆਂ ਸਨ, ਇਸ ਵਾਰੀ ਸਕੂਲ ਪ੍ਰਿੰਸੀਪਲ ਦੀ ਇਜਾਜ਼ਤ ਨਾ ਮਿਲਣ ’ਤੇ ਇਨ੍ਹਾਂ ਦੀ ਗਿਣਤੀ ਸਿਮਟ ਕੇ ਕੁਝ ਹੀ ਰਹਿ ਗਈ ਹੈ।
ਪ੍ਰੈਕਟਿਸ ਲਈ ਸਿੱਖਿਆ ਵਿਭਾਗ ਨੇ ਦਿੱਤੇ ਸਨ ਜ਼ੀਰੋ ਪੀਰੀਅਡ
ਸਕੂਲਾਂ ਵਿਚ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਸਿੱਖਿਆ ਵਿਭਾਗ ਨੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਸਵੇਰੇ ਜ਼ੀਰੋ ਪੀਰੀਅਡ ਲਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਸਾਲ ਸ਼ਹਿਰ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਕਾਫੀ ਮਾੜਾ ਅਾਉਣ ’ਤੇ ਸਿੱਖਿਆ ਸਕੱਤਰ ਨੇ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਖਤ ਹੱਥੀਂ ਲੈਂਦਿਅਾਂ ਕਿਹਾ ਕਿ ਭਵਿੱਖ ਵਿਚ ਰਿਜ਼ਲਟ ਖਰਾਬ ਰਿਹਾ ਤਾਂ ਇਸਦਾ ਅਸਰ ਉਨ੍ਹਾਂ ਦੀ ਪ੍ਰਮੋਸ਼ਨ ’ਤੇ ਪਵੇਗਾ। ਇਸ ਤੋਂ ਬਾਅਦ ਸਕੂਲ ਦੇ ਨੈਸ਼ਨਲ ਤੇ ਸਟੇਟ ਲੈਵਲ ਦੇ ਖਿਡਾਰੀਆਂ ਦੀ ਪ੍ਰੈਕਟਿਸ ਲਈ ਮਨਾਹੀ ਕਰ ਦਿੱਤੀ ਗਈ ਤੇ ਸਕੂਲਾਂ ਵਿਚ ਲੱਗਣ ਵਾਲੇ ਜ਼ੀਰੋ ਪੀਰੀਅਡ ਵੀ ਸਮਾਪਤ ਕਰ ਦਿੱਤੇ। ਸਿੱਖਿਆ ਵਿਭਾਗ ਦੀ ਸਪੋਰਟਸ ਬ੍ਰਾਂਚ ਨੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਨੋਟਿਸ ਵੀ ਜਾਰੀ ਕੀਤਾ ਹੈ ਕਿ ਜ਼ੀਰੋ ਪੀਰੀਅਡ ਜ਼ਰੂਰੀ ਹੈ ਪਰ ਫਿਰ ਵੀ ਪ੍ਰਿੰਸੀਪਲਾਂ ਨੇ ਇਨ੍ਹਾਂ ਹੁਕਮਾਂ ਨੂੰ ਦਰਕਿਨਾਰ ਕਰ ਦਿੱਤਾ ਹੈ।
ਸ਼ਹਿਰ ਦੇ 115 ਸਕੂਲਾਂ ’ਚੋਂ ਸਿਰਫ ਮੁੰਡਿਆਂ ਦੀਅਾਂ 18 ਟੀਮਾਂ
ਇੰਟਰ ਸਕੂਲ ਦੇ ਕਬੱਡੀ ਮੁਕਾਬਲੇ ਦੀ ਸ਼ੁਰੂਆਤ 23 ਅਗਸਤ ਨੂੰ ਹੋਵੇਗੀ ਪਰ ਇਸ ਟੂਰਨਾਮੈਂਟ ਵਿਚ ਨਾਮਾਤਰ ਟੀਮਾਂ ਹੀ ਹਿੱਸਾ ਲੈ ਰਹੀਆਂ ਹਨ। ਸ਼ਹਿਰ ਵਿਚ ਕੁਲ 115 ਸਕੂਲ ਹਨ। ਟੀਮਾਂ ਦੀ ਸ਼ਮੂਲੀਅਤ ਦੀ ਗੱਲ ਕਰੀਏ ਤਾਂ ਕੁਡ਼ੀਆਂ ਦੇ ਅੰਡਰ-17 ਉਮਰ ਵਰਗ ਵਿਚ ਸਿਰਫ 8 ਟੀਮਾਂ, ਮੁੰਡਿਆਂ ਦੇ ਇਸੇ ਉਮਰ ਵਰਗ ਵਿਚ 18 ਟੀਮਾਂ, ਮੁੰਡਿਅਾਂ ਦੇ ਅੰਡਰ-14 ਉਮਰ ਵਰਗ ਵਿਚ 21 ਟੀਮਾਂ ਤੇ ਕੁਡ਼ੀਆਂ ਦੇ ਵਰਗ ਵਿਚ 15 ਟੀਮਾਂ ਹਿੱਸਾ ਲੈ ਰਹੀਆਂ ਹਨ।
ਧਨਾਸ ਸਕੂਲ ਦੀ ਕਬੱਡੀ ਟੀਮ ਤਿੰਨ ਸਾਲਾਂ ਤੋਂ ਚੈਂਪੀਅਨ ਰਹੀ ਹੈ ਪਰ ਸਕੂਲ ਪ੍ਰਿੰਸੀਪਲ ਦੀ ਇਜਾਜ਼ਤ ਨਾ ਮਿਲਣ ਨਾਲ ਇਸ ਵਾਰੀ ਸਿਰਫ ਅੰਡਰ-19 ਕਬੱਡੀ ਟੀਮ ਹੀ ਹਿੱਸਾ ਲੈ ਸਕੀ ਹੈ। ਬਾਕੀ ਮੁੰਡਿਆਂ ਤੇ ਕੁਡ਼ੀਆਂ ਦੀ ਅੰਡਰ-14 ਅਤੇ 17 ਟੀਮ ਬਣਾਉਣ ਦਾ ਹੁਕਮ ਹੀ ਨਹੀਂ ਦਿੱਤਾ ਗਿਆ।
ਅਸੀਂ ਸ਼ਹਿਰ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਸਕੂਲਾਂ ਵਿਚ ਜ਼ੀਰੋ ਪੀਰੀਅਡ ਜ਼ਰੂਰੀ ਹੈ ਜੇਕਰ ਖਿਡਾਰੀਆਂ ਦੀ ਪ੍ਰੈਕਟਿਸ ਲਈ ਪ੍ਰਿੰਸੀਪਲ ਵਲੋਂ ਜ਼ੀਰੋ ਪੀਰੀਅਡ ਨਹੀਂ ਦਿੱਤੇ ਜਾ ਰਹੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
-ਜਗਪਾਲ ਸਿੰਘ, ਸਪੋਰਟਸ ਆਰਗੇਨਾਈਜ਼ਰ, ਸਿੱਖਿਆ ਵਿਭਾਗ।
