3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਨਵਾੜੀ ਸਕੂਲਾਂ ''ਚ ਨਾ ਭੇਜੇ ਜਾਣ ''ਤੇ ਵਰਕਰਾਂ ''ਚ ਭਾਰੀ ਰੋਸ

03/13/2018 3:22:48 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਅੱਜ ਤੋਂ 4 ਮਹੀਨੇ ਪਹਿਲਾਂ ਆਂਗਨਵਾੜੀ ਸੈਂਟਰਾਂ 'ਚ ਆਉਣ ਵਾਲੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਭਾਰੀ ਵਿਰੋਧ ਕਰਨ ਦੇ ਬਾਵਜੂਦ ਵੀ 14 ਨਵੰਬਰ 2017 ਨੂੰ ਬਾਲ ਦਿਵਸ ਵਾਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਜਮਾਤਾਂ ਸ਼ੁਰੂ ਕਰਵਾ ਕੇ ਦਾਖਲ ਕਰ ਲਿਆ ਸੀ। ਉਸ ਵੇਲੇ ਸਿੱਖਿਆ ਵਿਭਾਗ ਨੇ ਵਿਭਾਗ ਦੇ ਸੱਕਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾ 'ਤੇ ਸਕੂਲਾਂ 'ਚ ਬੜੇ ਢੋਲ ਢਮੱਕੇ ਵਜਾਏ ਸਨ, ਬੁਲਬੁਲੇ ਫੁਲਾ ਕੇ ਬੰਨੇ ਸਨ ਤੇ ਕਮਰਿਆਂ ਨੂੰ ਸਜਾਇਆ ਸੀ ਪਰ ਮੁੜਕੇ ਸਿੱਖਿਆ ਵਿਭਾਗ ਤੇ ਸਰਕਾਰ ਨੇ ਇਨ੍ਹਾਂ ਨਿੱਕੇ ਨਿਆਣਿਆਂ ਦੀ ਉੱਕਾ ਵੀ ਸਾਰ ਨਹੀਂ ਲਈ। ਆਂਗਨਵਾੜੀ ਸੈਂਟਰਾਂ 'ਚੋਂ ਵੀ ਖੋਹ ਲਿਆ ਤੇ ਉਨ੍ਹਾਂ ਨੂੰ ਦਿੱਤਾ ਵੀ ਕੱਖ ਨਹੀਂ। ਉਕਤ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅਨੇਕਾਂ ਸਹੂਲਤਾਂ ਤੋਂ ਸੱਖਣੇ ਹਨ। ਜ਼ਿਕਰਯੋਗ ਹੈ ਕਿ ਮਿਡ-ਡੇ ਮੀਲ ਸਕੀਮ ਦੁਪਹਿਰ ਦਾ ਖਾਣਾ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਲਈ ਹੈ ਤੇ ਅਜੇ ਤੱਕ ਪ੍ਰੀ ਨਰਸਰੀ ਜਮਾਤ ਦੇ ਬੱਚਿਆਂ ਲਈ ਸਰਕਾਰ ਨੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇਸ ਤੋਂ ਇਲਾਵਾ ਨਾ ਕਿਤਾਬਾਂ ਤੇ ਨਾ ਹੀ ਵਰਦੀਆਂ ਆਦਿ ਦਿੱਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕ ਦੂਜਿਆ ਬੱਚਿਆਂ ਲਈ ਬਣਾਏ ਗਏ ਖਾਣੇ 'ਚੋਂ ਹੀ ਹਮਦਰਦੀ ਕਰਕੇ ਪ੍ਰੀ ਨਰਸਰੀ ਵਾਲੇ ਬੱਚਿਆਂ ਦੇ ਮੂੰਹ 'ਚ ਟੁੱਕ ਦੀ ਬੁਰਕੀ ਪਾਉਦੇ ਹਨ। ਅਧਿਆਪਕ ਵਰਗ ਵੀ ਨਿਰਾਸ਼ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਹ ਫੈਸਲਾਂ ਲੈ ਹੀ ਲਿਆ ਸੀ ਤਾਂ ਦਾਖਲ ਕਰਵਾਉਣ ਤੋਂ ਪਹਿਲਾਂ ਇਨ੍ਹਾਂ ਲਈ ਸਾਰੇ ਤਰ੍ਹਾ ਦੇ ਪ੍ਰਬੰਧ ਕਰਦੀ। ਅਸਲ 'ਚ ਵੇਖਿਆ ਜਾਵੇ ਤਾਂ ਗਰੀਬਾਂ ਦੇ ਬੱਚਿਆਂ ਨਾਲ ਸਰਕਾਰ ਖਿਲਵਾੜ ਕਰ ਰਹੀ ਹੈ। ਨਾ ਤਾਂ ਆਂਗਨਵਾੜੀ ਸੈਂਟਰਾਂ 'ਚ ਪਿਛਲੇਂ ਇਕ ਸਾਲ ਤੋਂ ਗਰੀਬਾਂ ਦੇ ਬੱਚਿਆਂ ਲਈ ਰਾਸ਼ਨ ਭੇਜਿਆ ਗਿਆ ਹੈ ਤੇ ਨਾ ਹੁਣ ਪ੍ਰੀ ਨਰਸਰੀ ਜਮਾਤਾਂ 'ਚ ਸਰਕਾਰ ਇਨ੍ਹਾਂ ਬੱਚਿਆਂ ਲਈ ਕੁਝ ਭੇਜ ਰਹੀ ਹੈ। ਸੂਬੇ 'ਚ ਪ੍ਰੀ ਨਰਸਰੀ ਜਮਾਤਾਂ ਦੇ ਬੱਚਿਆਂ ਦੀ ਗਿਣਤੀ 3 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। 
ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ 9 ਹਜ਼ਾਰ ਹਨ ਬੱਚੇ ਪ੍ਰੀ ਨਰਸਰੀ ਜਮਾਤਾਂ 
ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ 6 ਸਿੱਖਿਆ ਬਲਾਕਾ ਦੇ ਅਧੀਨ ਚੱਲ ਰਹੇ 329 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਇਸ ਸਮੇਂ ਲਗਭਗ 9 ਹਜ਼ਾਰ ਬੱਚੇ ਪ੍ਰੀ ਨਰਸਰੀ ਜਮਾਤਾਂ 'ਚ ਦਾਖਲ ਕੀਤੇ ਗਏ ਹਨ। 
ਨਹੀਂ ਗਿਆ ਕੋਈ ਸਿੱਖਿਆ ਵਲੰਟੀਅਰ ਆਂਗਨਵਾੜੀ ਸੈਂਟਰਾਂ 'ਚ
ਭਾਵੇਂ 26 ਨਵੰਬਰ 2017 ਨੂੰ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵਿਚਕਾਰ ਇਹ ਸਾਂਝਾ ਸਮਝੌਤਾ ਹੋਇਆ ਸੀ ਕਿ ਆਂਗਨਵਾੜੀ ਸੈਂਟਰਾਂ ਦੇ ਬੱਚੇ ਆਂਗਨਵਾੜੀ ਵਰਕਰਾਂ ਦੇ ਕੋਲ ਹੀ ਰਹਿਣਗੇ ਤੇ ਸਿੱਖਿਆ ਵਿਭਾਗ ਦੇ ਵਲੰਟੀਅਰ ਇਕ ਘੰਟਾ ਸੈਂਟਰਾਂ ਵਿਚ ਜਾ ਕੇ ਬੱਚਿਆਂ ਨੂੰ ਪੜਾਉਣਗੇ। ਪਰ ਇਹ ਸਾਂਝਾ ਸਮਝੌਤਾ ਸਿਰੇ ਨਹੀਂ ਚੜਿ•ਆ। ਨਾ ਤਾਂ ਸਿੱਖਿਆ ਵਿਭਾਗ ਨੇ ਬੱਚੇ ਵਾਪਸ ਕੀਤੇ ਤੇ ਨਾ ਹੀ ਇਹਨਾਂ ਚਾਰ ਮਹੀਨਿਆ ਦੌਰਾਨ ਕੋਈ ਸਿੱਖਿਆ ਵਲੰਟੀਅਰ ਆਂਗਨਵਾੜੀ ਸੈਂਟਰਾਂ ਵਿਚ ਪੜਾਉਣ ਗਿਆ ਹੈ। ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਇਹ ਮਾਮਲਾ ਸੰਭਾਲਿਆ ਨਹੀਂ ਗਿਆ।
 


Related News