ਗਰਮੀ ’ਚ ਵਾਧੇ ਤੇ ਮੀਂਹ ਦੀ ਕਮੀ ਨੇ ਲੋਕਾਂ ਦੀ ਕਰਵਾਈ ਤੌਬਾ, ਤੋੜੇ ਪਿਛਲੇ ਕਈ ਸਾਲਾਂ ਦੇ ਰਿਕਾਰਡ

Thursday, Jun 13, 2024 - 06:42 PM (IST)

ਗਰਮੀ ’ਚ ਵਾਧੇ ਤੇ ਮੀਂਹ ਦੀ ਕਮੀ ਨੇ ਲੋਕਾਂ ਦੀ ਕਰਵਾਈ ਤੌਬਾ, ਤੋੜੇ ਪਿਛਲੇ ਕਈ ਸਾਲਾਂ ਦੇ ਰਿਕਾਰਡ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸਮੇਤ ਇਸ ਆਸ-ਪਾਸ ਦੇ ਇਲਾਕੇ ’ਚ ਇਸ ਸਾਲ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾਈ ਹੋਈ ਹੈ। ਇਸ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਜੇਕਰ ਮੌਸਮ ਵਿਭਾਗ ਨਾਲ ਸਬੰਧਤ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਪਿਛਲੇ 10 ਸਾਲਾਂ ਦੀ ਐਵਰੇਜ ਦੇ ਮੁਕਾਬਲੇ ਇਸ ਸਾਲ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ। ਦੂਜੇ ਪਾਸੇ ਜੇਕਰ ਬਾਰਿਸ਼ ਦੀ ਸਥਿਤੀ ਦਾ ਅਨੁਮਾਨ ਲਗਾਇਆ ਜਾਵੇ ਤਾਂ ਮਈ ਮਹੀਨੇ ਸਿਰਫ 8.6 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ ਬਹੁਤ ਘੱਟ ਹੈ ਅਤੇ ਪਿਛਲੇ ਸਾਲਾਂ ਦੌਰਾਨ ਮਈ ਮਹੀਨਿਆਂ ’ਚ ਇਸ ਤੋਂ 7 ਤੋਂ 8 ਗੁਣਾ ਜ਼ਿਆਦਾ ਬਾਰਿਸ਼ ਹੁੰਦੀ ਰਹੀ ਹੈ। ਇਸ ਕਾਰਨ ਇਸ ਵਾਰ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ।

ਇਕ ਪਾਸੇ ਜਿਥੇ ਤਾਪਮਾਨ ’ਚ ਵਾਧੇ ਨੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਹੈ, ਉਸ ਦੇ ਉਲਟ ਬਾਰਿਸ਼ ਨਾ ਹੋਣ ਕਾਰਨ ਵੀ ਲੋਕ ਪ੍ਰਭਾਵਿਤ ਹੋ ਰਹੇ ਹਨ, ਜਿਸ ਦਾ ਅਸਰ ਲੋਕਾਂ, ਖੇਤੀਬਾੜੀ, ਪਸ਼ੂ ਪੰਛੀਆਂ ਅਤੇ ਮੌਸਮ ’ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ-ਛਬੀਲ ਪੀਣ ਲਈ ਸੜਕ ਪਾਰ ਕਰ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਕੀ ਸੀ ਪਿਛਲੇ ਸਾਲਾਂ ’ਚ ਮਈ ਮਹੀਨੇ ਦੀ ਸਥਿਤੀ?

ਪ੍ਰਾਪਤ ਅੰਕੜੇ ਅਨੁਸਾਰ ਸਾਲ 2020 ਅਤੇ 2021 ’ਚ ਮਈ ਮਹੀਨੇ 35.9 ਡਿਗਰੀ ਟੈਂਪਰੇਚਰ ਸੀ, ਜਦੋਂ ਕਿ ਸਾਲ 2022 ਵਿਚ ਮਈ ਦਾ ਔਸਤਨ ਤਾਪਮਾਨ 38.4 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਸਾਲ 2023 ਵਿਚ ਮਈ ਮਹੀਨੇ ਦਾ ਔਸਤਨ ਤਾਪਮਾਨ ਕਰੀਬ 35 ਡਿਗਰੀ ਦੇ ਆਸਪਾਸ ਸੀ ਪਰ ਇਸ ਸਾਲ ਮਈ ਮਹੀਨੇ ਦਾ ਔਸਤਨ ਤਾਪਮਾਨ 40 ਡਿਗਰੀ ਨੂੰ ਵੀ ਪਾਰ ਕਰ ਗਿਆ।

ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਤਾਪਮਾਨ ਹੋਣ ਕਾਰਨ ਇਸ ਵਾਰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੂਜੇ ਪਾਸੇ ਜੇਕਰ ਘੱਟ ਤੋਂ ਘੱਟ ਤਾਪਮਾਨ ਦੀ ਘੋਖ ਕੀਤੀ ਜਾਵੇ ਤਾਂ ਸਾਲ 2020 ਦੌਰਾਨ ਮਈ ਮਹੀਨੇ ਵਿਚ ਘੱਟ ਤੋਂ ਘੱਟ ਔਸਤਨ ਤਾਪਮਾਨ 19.6 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ ਸੀ, ਜਦੋਂ ਕਿ ਜਦੋਂ ਕਿ ਸਾਲ 2021 ਵਿੱਚ ਘੱਟ ਤੋਂ ਘੱਟ ਤਾਪਮਾਨ 20.1 ਡਿਗਰੀ ਸੀ।

ਇਸੇ ਤਰ੍ਹਾਂ ਸਾਲ 2022 ਦੌਰਾਨ ਮਈ ਮਹੀਨੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਸੀ, ਜਦੋਂ ਕਿ ਸਾਲ 2023 ਦੌਰਾਨ ਇਹ ਤਾਪਮਾਨ 21 ਡਿਗਰੀ ਦੇ ਕਰੀਬ ਸੀ ਪਰ ਇਸ ਸਾਲ ਮਈ ਮਹੀਨੇ ਰਾਤ ਦਾ ਔਸਤਨ ਤਾਪਮਾਨ 25 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਹੈ। ਇਸੇ ਤਰ੍ਹਾਂ ਜੂਨ ਦੇ ਪਹਿਲੇ 12 ਦਿਨਾਂ ਵਿਚ ਗਰਮੀ ਦੀ ਮਾਰ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੈ, ਜਿਸ ਕਾਰਨ ਗਰਮੀ ਨੇ ਲੋਕਾਂ ਦੀ ਤੌਬਾ ਕਰਵਾਈ ਹੋਈ ਹੈ।

ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਮਈ ਮਹੀਨੇ ਵਿਚ ਦਿਨ ਦਾ ਔਸਤਨ ਤਾਪਮਾਨ 33.3 ਡਿਗਰੀ ਹੋਣਾ ਚਾਹੀਦਾ ਹੈ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 17.8 ਡਿਗਰੀ ਸੈਂਟੀਗਰੇਡ ਦੇ ਆਸਪਾਸ ਹੋਣਾ ਨਾਰਮਲ ਮੰਨਿਆ ਜਾਂਦਾ ਹੈ ਪਰ ਇਸ ਸਾਲ ਉਕਤ ਨਾਰਮਲ ਤਾਪਮਾਨ ਤੋਂ ਬਹੁਤ ਜ਼ਿਆਦਾ ਤਾਪਮਾਨ ਹੋਣ ਕਾਰਨ ਲੋਕ ਤਰਾਹ-ਤਰਾਹ ਕਰ ਰਹੇ ਹਨ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ

ਔਸਤਨ 25 ਐੱਮ. ਐੱਮ. ਦੇ ਮੁਕਾਬਲੇ ਹੋਈ ਸਿਰਫ 8.6 ਐੱਮ. ਐੱਮ. ਬਾਰਿਸ਼

ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2020 ’ਚ ਗੁਰਦਾਸਪੁਰ ਅੰਦਰ ਗਰਮੀ ਦੇ ਮੌਸਮ ਵਿਚ ਮਈ ਮਹੀਨੇ 64.7 ਐੱਮ. ਐੱਮ. ਬਾਰਿਸ਼ ਹੋਈ ਸੀ। ਜਦੋਂ ਕਿ ਸਾਲ 2021 ’ਚ 21.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਾਲ 2022 ਵਿਚ 53.6 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਸੀ ਅਤੇ ਸਾਲ 2023 ’ਚ ਬਾਰਿਸ਼ ਦੀ ਮਾਤਰਾ 56.8 ਐੱਮ. ਐੱਮ. ਸੀ. ਜਦੋਂ ਕਿ ਇਸ ਸਾਲ ਹੁਣ ਤੱਕ ਸਿਰਫ 8.6 ਅਹਿਮ ਬਾਰਿਸ਼ ਹੀ ਹੋਈ ਹੈ।

ਮੌਸਮ ਵਿਭਾਗ ਅਨੁਸਾਰ ਮਈ ਮਹੀਨੇ 25.6 ਐੱਮ. ਐੱਮ. ਬਾਰਿਸ਼ ਹੋਣੀ ਨਾਰਮਲ ਸੀ ਪਰ ਇਸ ਤੋਂ ਵੀ ਬਹੁਤ ਘੱਟ ਬਾਰਿਸ਼ ਹੋਣ ਕਾਰਨ ਵੱਖ-ਵੱਖ ਲੋਕਾਂ ਅਤੇ ਜੀਵ-ਜੰਤੂਆਂ ’ਤੇ ਅਸਰ ਪੈ ਰਿਹਾ ਹੈ। ਜੇਕਰ ਪਿਛਲੇ ਸਾਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ 7-8 ਗੁਣਾ ਘੱਟ ਬਾਰਿਸ਼ ਹੋਈ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਗਰਮੀ ਨੇ ਕਰਵਾਈ ਲੋਕਾਂ ਦੀ ਤੋਬਾ

ਘੱਟ ਬਾਰਿਸ਼ ਹੋਣ ਅਤੇ ਤਾਪਮਾਨ ਵਿਚ ਹੋ ਰਹੇ ਨਿਰੰਤਰ ਵੱਧਦੇ ਨੇ ਲੋਕਾਂ ਦੀ ਤੌਬਾ ਕਰਵਾ ਕੇ ਰੱਖ ਦਿੱਤੀ ਹੈ, ਜਿਸ ਨਾਲ ਸਿਰਫ ਜਨਜੀਵਨ ’ਤੇ ਹੀ ਅਸਰ ਨਹੀਂ ਪਿਆ, ਸਗੋਂ ਲੋਕਾਂ ਦੇ ਕਾਰੋਬਾਰ ਅਤੇ ਸਿਹਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੁਰਦਾਸਪੁਰ ਸ਼ਹਿਰ ਦੇ ਬਹੁਤੇ ਬਾਜ਼ਾਰ ਅਤੇ ਸੜਕਾਂ ਸੁੰਨੀਆਂ ਦਿਖਾਈ ਦੇ ਰਹੀਆਂ ਹਨ। ਲੋਕਾਂ ਦੇ ਕਾਰੋਬਾਰ ਵੀ ਇਕ ਤਰ੍ਹਾਂ ਨਾਲ ਠੱਪ ਪਏ ਹੋਏ ਹਨ। ਬਹੁਤ ਸਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਈ ਵਿਰਲਾ ਗਾਹਕ ਹੀ ਉਨ੍ਹਾਂ ਕੋਲ ਆਉਂਦਾ ਹੈ ਅਤੇ ਉਹ ਜ਼ਿਆਦਾ ਸਮਾਂ ਵਿਹਲੇ ਬੈਠ ਕੇ ਹੀ ਘਰਾਂ ਨੂੰ ਚਲੇ ਜਾਂਦੇ ਹਨ। ਇਸੇ ਤਰ੍ਹਾਂ ਹੋਰ ਕਾਰੀਗਰ ਅਤੇ ਉਸਾਰੀ ਮਿਸਤਰੀ ਵਾਲੇ ਵੀ ਗਰਮੀ ਕਾਰਨ ਕਾਫੀ ਨਿਰਾਸ਼ ਹਨ। ਸਿਰਫ ਠੰਢੀਆਂ ਚੀਜ਼ਾਂ ਵੇਚਣ ਵਾਲੇ ਦੁਕਾਨਦਾਰਾਂ ਦੀ ਇਨ੍ਹਾਂ ਦਿਨਾਂ ’ਚ ਚਾਂਦੀ ਹੋਈ ਪਈ ਹੈ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਅੱਤ ਦੀ ਇਹ ਗਰਮੀ ਅਤੇ ਹੀਟ ਵੇਵ ਲੋਕਾਂ ਦੀ ਸਿਹਤ ਲਈ ਵੀ ਨੁਕਸਾਨਦੇਹ, ਇਸ ਲਈ ਲੋਕਾਂ ਨੂੰ ਗਰਮੀ ਤੋਂ ਬਚਾਅ ਕਰਨ ਲਈ ਵੱਖ-ਵੱਖ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਭਰਾ ਨੇ ਭਰਾ-ਭਰਜਾਈ ’ਤੇ ਅੰਨ੍ਹੇਵਾਹ ਕੀਤੀ ਫਾਇਰਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News