ਵਿਦੇਸ਼ ਤੋਂ ਵਾਪਸ ਆਉੁਣ ਵਾਲੇ ਭਾਰਤੀਆਂ ਨੂੰ ਨੌਕਰੀ ਦੇਣ ਲਈ ਸਰਕਾਰ ਨੇ ਬਣਾਈ ਯੋਜਨਾ
Wednesday, Jun 03, 2020 - 10:15 PM (IST)
ਨਵੀਂ ਦਿੱਲੀ — ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐਮਐਸਡੀਈ) ਦੇ ਸਕਿੱਲ ਇੰਡੀਆ ਮਿਸ਼ਨ (ਸਕਿੱਲ ਇੰਡੀਆ) ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਭਾਈਵਾਲੀ ਕੀਤੀ ਹੈ। ਇਸ ਜ਼ਰੀਏ ਭਾਰਤ ਸਰਕਾਰ ਦੇਸ਼ ਵਾਪਸ ਪਰਤਣ ਵਾਲਿਆਂ ਨੂੰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਾਪਸ ਆਉਣ ਵਾਲੇ ਹੁਨਰਮੰਦ ਕਰਮਚਾਰੀਆਂ ਨੂੰ ਬਿਹਤਰੀਨ ਬਣਾਉਣ ਦੇ ਉਦੇਸ਼ ਨਾਲ ਨਾਗਰਿਕਾਂ ਦਾ ਹੁਨਰ ਮੈਪਿੰਗ ਅਭਿਆਸ ਦਾ ਆਯੋਜਨ ਕਰਨ ਲਈ ਇੱਕ ਨਵੀਂ ਪਹਿਲਕਦਮੀ ਤਹਿਤ (ਸਕਿੱਲਡ ਵਰਕਰਜ਼ ਅਰਾਈਵਲ ਡਾਟਾਬੇਸ ਫੌਰ ਇੰਪਲਾਇਮੈਂਟ ਸਪੋਰਟ) ਸ਼ੁਰੂ ਕੀਤੀ ਗਈ ਹੈ।
ਸਕਿੱਲ ਇੰਡੀਆ ਅਤੇ ਹੋਰ ਮੰਤਰਾਲਿਆਂ ਦਾ ਟੀਚਾ ਕਾਬਲੀਅਤ ਅਤੇ ਤਜ਼ਰਬੇ ਦੇ ਅਧਾਰ 'ਤੇ ਯੋਗ ਜਾਂ ਹੁਨਰਮੰਦ ਨਾਗਰਿਕਾਂ ਦਾ ਡਾਟਾਬੇਸ ਤਿਆਰ ਕਰਨਾ ਹੈ, ਜਿਸ ਦੀ ਵਰਤੋਂ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ।
ਬਸ ਭਰਨਾ ਹੋਵੇਗਾ ਫਾਰਮ
ਇਸ ਫਾਰਮ ਜ਼ਰੀਏ ਇਕੱਠੇ ਕੀਤੇ ਗਏ ਡਾਟਾ ਨੂੰ ਭਾਰਤ ਦੇਸ਼ ਵਿਚ ਢੁਕਵੇਂ ਪਲੇਸਮੈਂਟ ਮੌਕਿਆਂ ਲਈ ਕੰਪਨੀਆਂ ਨਾਲ ਸਾਂਝਾ ਕੀਤਾ ਜਾਵੇਗਾ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਸਵਦੇਸ(SWADES) ਹੁਨਰ ਫਾਰਮ ਨੂੰ ਭਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਸਵਦੇਸ਼ ਹੁਨਰ ਕਾਰਡ ਜਾਰੀ ਕੀਤਾ ਜਾਵੇਗਾ।
ਸੂਬਾ ਸਰਕਾਰਾਂ, ਉਦਯੋਗਿਕ ਸੰਗਠਨਾਂ , ਰੁਜ਼ਗਾਰਦਾਤਾਵਾਂ ਸਮੇਤ ਪ੍ਰਮੁੱਖ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਢੁਕਵੇਂ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਇਹ ਕਾਰਡ ਇਕ ਸਟ੍ਰੇਟੀਜਿਕ ਫ੍ਰੇਮਵਰਕ ਦੀ ਸਹੂਲਤ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ- ਕੇਂਦਰੀ ਕੈਬਨਿਟ ਦੀ ਅਹਿਮ ਬੈਠਕ 'ਚ ਦੋ ਆਰਡੀਨੈਂਸ ਨੂੰ ਦਿੱਤੀ ਗਈ ਪ੍ਰਵਾਨਗੀ
ਐਮਐਸਡੀਈ ਦੀ ਸੰਸਥਾ ਨੈਸ਼ਨਲ ਹੁਨਰ ਵਿਕਾਸ ਨਿਗਮ (ਐਨਐਸਡੀਸੀ) ਪ੍ਰੋਜੈਕਟ ਦੇ ਲਾਗੂ ਕਰਨ ਲਈ ਸਹਾਇਤਾ ਕਰ ਰਹੀ ਹੈ। ਵਾਪਸ ਪਰਤਣ ਵਾਲੇ ਨਾਗਰਿਕਾਂ ਦੇ ਜ਼ਰੂਰੀ ਵੇਰਵਿਆਂ ਨੂੰ ਇਕੱਤਰ ਕਰਨ ਲਈ ਆਨਲਾਈਨ ਫਾਰਮ www.nsdcindia.org/swades 'ਤੇ ਉਪਲਬਧ ਹੈ। ਇਸ ਫਾਰਮ 'ਚ ਵਿਅਕਤੀ ਦੇ ਕੰਮ ਦੇ ਖੇਤਰ, ਨੌਕਰੀ ਦਾ ਸਿਰਲੇਖ, ਰੁਜ਼ਗਾਰ, ਕੰਮ ਦੇ ਤਜ਼ਰਬੇ ਨਾਲ ਜੁੜੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।
ਫਾਰਮ ਭਰਨ ਅਤੇ ਨਾਗਰਿਕਾਂ ਦੀ ਹਰ ਸੰਭਵ ਤਰੀਕਿਆਂ ਨਾਲ ਸਹਾਇਤਾ ਲਈ ਟੋਲ ਫ੍ਰੀ ਕਾਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਸਵਦੇਸ਼ ਹੁਨਰ ਫਾਰਮ ਆਨਲਾਈਨ ਨੂੰ ਕੱਲ੍ਹ ਲਾਈਵ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਲਗਭਗ 4500 ਰਜਿਸਟ੍ਰੇਸ਼ਨ ਪ੍ਰਾਪਤ ਹੋ ਚੁੱਕੀਆਂ ਹਨ। ਹੁਣ ਤੱਕ ਇਕੱਠੇ ਕੀਤੇ ਅੰਕੜਿਆਂ ਦੇ ਅਧਾਰ 'ਤੇ ਯੂਏਈ, ਓਮਾਨ, ਕੁਵੈਤ, ਕਤਰ ਅਤੇ ਸਾਊਦੀ ਅਰਬ ਚੋਟੀ ਦੇ ਦੇਸ਼ ਹਨ ਜਿਥੋਂ ਸਭ ਤੋਂ ਵੱਧ ਭਾਰਤੀ ਨਾਗਰਿਕ ਵਾਪਸ ਆਏ ਹਨ।
ਹੁਨਰ ਮੈਪਿੰਗ ਮੁਤਾਬਕ ਇਹ ਨਾਗਰਿਕ ਮੁੱਖ ਤੌਰ ਤੇ ਤੇਲ ਅਤੇ ਗੈਸ, ਹਵਾਬਾਜ਼ੀ, ਨਿਰਮਾਣ, ਸੈਰ-ਸਪਾਟਾ ਅਤੇ ਪਰਾਹੁਣਚਾਰੀ, ਆਈ.ਟੀ. ਅਤੇ ਆਈ.ਟੀ.ਈ.ਐਸ ਵਰਗੇ ਸੈਕਟਰਾਂ ਵਿਚ ਕੰਮ ਕਰਦੇ ਸਨ। ਇਨ੍ਹਾਂ ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ ਦੇ ਸਭ ਤੋਂ ਵੱਧ ਕਾਮੇ ਵਿਦੇਸ਼ ਤੋਂ ਵਾਪਸ ਆਏ ਹਨ।
ਇਸ ਕਾਰਨ ਵਾਪਸ ਆ ਰਹੇ ਹਨ ਕਾਮੇ
ਕੋਵਿਡ-19 ਦੇ ਵਿਸ਼ਵ ਭਰ ਵਿਚ ਫੈਲਣ ਨਾਲ ਦੁਨੀਆ ਭਰ ਦੀ ਆਰਥਿਕਤਾ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ ਜਿਸ ਕਾਰਨ ਹਜ਼ਾਰਾਂ ਕਾਮੇ ਆਪਣੀਆਂ ਨੌਕਰੀਆਂ ਗੁਆ ਰਹੇ ਹਨ ਅਤੇ ਸੈਂਕੜੇ ਕੰਪਨੀਆਂ ਵਿਸ਼ਵ ਪੱਧਰ 'ਤੇ ਬੰਦ ਹੋ ਰਹੀਆਂ ਹਨ।
ਹੋਰ ਰੁਜ਼ਗਾਰ ਦੀਆਂ ਸੰਭਾਵਨਾਵਾਂ ਲਈ ਬਹੁਤ ਘੱਟ ਵਿਕਲਪ ਦੇ ਨਾਲ ਬਹੁਤ ਸਾਰੇ ਨਾਗਰਿਕ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੁਆਰਾ ਦੇਸ਼ ਵਾਪਸ ਪਰਤ ਰਹੇ ਹਨ।
ਲੱਖਾਂ ਨਾਗਰਿਕਾਂ ਨੇ ਦੇਸ਼ ਪਰਤਣ ਲਈ ਵੱਖ-ਵੱਖ ਅੰਤਰਰਾਸ਼ਟਰੀ ਮਿਸ਼ਨਾਂ ਵਿਚ ਨਾਮ ਦਰਜ ਕਰਵਾ ਲਿਆ ਹੈ ਅਤੇ ਹੁਣ ਤੱਕ 35,000 ਤੋਂ ਵੱਧ ਲੋਕ ਦੇਸ਼ ਵਾਪਸ ਪਰਤ ਆਏ ਹਨ। ਵੰਦੇ ਭਾਰਤ ਦਾ ਇਕ ਫੋਕਸ ਖੇਤਰ ਖਾੜੀ ਖੇਤਰ ਹੈ, ਜਿਸ ਵਿਚ ਇਸ ਸਮੇਂ 8 ਮਿਲੀਅਨ ਤੋਂ ਵੱਧ ਨਾਗਰਿਕ ਰਹਿੰਦੇ ਹਨ।
ਇਹ ਵੀ ਪੜ੍ਹੋ- ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਨੇ 6,944 ਕਰੋੜ ਰੁਪਏ 'ਚ ਵੇਚੀ ਬੈਂਕ ਦੀ ਹਿੱਸੇਦਾਰੀ