ਰੋਜ਼ਾਨਾ 300 ਕਿਲੋਮੀਟਰ ਦਾ ਸਫ਼ਰ ਕਰਨ ਵਾਲੇ ਅਧਿਆਪਕ ਨੇ ਕੀਤੀ ਬਦਲੀ ਦੀ ਮੰਗ
Wednesday, Aug 26, 2026 - 04:21 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਹੱਡੀ ਵਾਲਾ ਦਾ ਰਹਿਣ ਵਾਲਾ ਈ. ਟੀ. ਟੀ. ਅਧਿਆਪਕ ਜਸਦੇਵ ਸਿੰਘ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਆਉਣ 'ਤੇ ਕਈ ਕਿਲੋਮੀਟਰ ਸਫ਼ਰ ਤੈਅ ਕਰਦਾ ਹੈ। ਘਰ 'ਚ ਉਸ ਦੇ ਬਜ਼ੁਰਗ ਮਾਂ-ਪਿਓ ਰਹਿੰਦੇ ਹਨ। ਅਧਿਆਪਕ ਜਸਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਹਰ ਰੋਜ਼ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਲਾਕ ਲੋਹੀਆ ਖ਼ਾਸ (ਜਲੰਧਰ) ਮੰਡਾਲਾ ਛੰਨਾ ਸਕੂਲ 'ਚ ਸਰਕਾਰੀ ਨੌਕਰੀ ਕਰਨ ਲਈ ਜਾਂਦਾ ਹੈ ਅਤੇ ਉਸ ਨੂੰ ਹਰ ਰੋਜ਼ ਆਉਣ ਜਾਣ 'ਚ ਲਗਭਗ 300 ਕਿਲੋਮੀਟਰ ਦੇ ਕਰੀਬ ਸਫ਼ਰ ਤੈਅ ਕਰਨਾ ਪੈਂਦਾ ਹੈ, ਜਿਸ ਕਾਰਨ ਉਸ ਦਾ ਪਿਛਲੇ ਦਿਨੀਂ ਸਕੂਲ ਤੋਂ ਘਰ ਵਾਪਸ ਆਉਣ ਸਮੇਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਪਿੰਡੀ ਕੋਲ ਐਕਸੀਡੈਂਟ ਹੋ ਗਿਆ ਸੀ।
ਇਸ ਦੌਰਾਨ ਉਸ ਨੂੰ ਕਾਫੀ ਸੱਟਾ ਲੱਗੀਆਂ ਅਤੇ ਆਪਰੇਸ਼ਨ ਹੋਇਆ, ਜਿਸ ਦੌਰਾਨ ਲੱਤ 'ਚ ਰਾਡ ਪਾਈ ਗਈ। ਡਾਕਟਰ ਨੇ ਤਿੰਨ ਮਹੀਨੇ ਲਈ ਬੈੱਡ ਰੈਸਟ ਦੱਸੀ। ਅਧਿਆਪਕ ਜਸਦੇਵ ਸਿੰਘ ਨੇ ਕਿਹਾ ਦੀ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਨੂੰ ਬਲੱਡ ਕੈਂਸਰ ਹੈ ਅਤੇ ਕਾਲਾ ਪੀਲੀਆ ਹੈ ਅਤੇ ਉਨ੍ਹਾਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ 'ਚ ਚੱਲ ਰਿਹਾ ਹੈ। ਉਸ ਦੇ ਪਿਤਾ ਗੁਰਚਰਨ ਸਿੰਘ ਹਾਰਟ ਦੇ ਮਰੀਜ਼ ਹਨ ਅਤੇ ਉਨ੍ਹਾਂ ਦੇ ਦੋ ਸਟੰਟ ਪਏ ਹੋਏ ਹਨ ਅਤੇ ਘਰ 'ਚ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਮੇਰੇ ਤੋਂ ਸਿਵਾ ਹੋਰ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੈ।
ਇਸ ਕਰਕੇ ਮੈਨੂੰ ਹੀ ਉਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਜਸਦੇਵ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਰਹਿਮ ਦੇ ਆਧਾਰ 'ਤੇ ਅਪੀਲ ਕੀਤੀ ਹੈ ਕਿ ਮੇਰੀ ਬਦਲੀ ਮੇਰੇ ਨਾਲ ਦੇ ਪਿੰਡ ਜਮਾਲਗੜ੍ਹ, ਪਿੰਡ ਮੋਠਾਂ ਵਾਲਾ ਜਾਂ ਬਲਾਕ ਗੁਰੂਹਰਸਹਾਏ 'ਚ ਕਿਸੇ ਵੀ ਸਕੂਲ 'ਚ ਲਗਾ ਦਿੱਤੀ ਜਾਵੇ ਜਾਂ ਮੇਰੀ ਦੋ ਸਾਲਾਂ ਲਈ ਆਰਜ਼ੀ ਡਿਊਟੀ ਮੇਰੇ ਪਿੰਡ ਸਕੂਲ ਹੱਡੀ ਵਾਲਾ ਵਿਖੇ ਲਗਾਈ ਜਾਵੇ ਤਾਂ ਜੋ ਮੈਂ ਆਪਣੀ ਡਿਊਟੀ ਦੇ ਨਾਲ-ਨਾਲ ਆਪਣੇ ਬੀਮਾਰ ਬਜ਼ੁਰਗ ਮਾਤਾ-ਪਿਤਾ ਅਤੇ ਆਪਣੀ ਸਿਹਤ ਦਾ ਵੀ ਧਿਆਨ ਰੱਖ ਕੇ ਆਪਣੇ ਮਾਂ-ਪਿਓ ਦੀ ਸੇਵਾ ਕਰ ਸਕਾਂ ਅਤੇ ਇੱਕ ਪੁੱਤਰ ਹੋਣ ਦਾ ਫਰਜ਼ ਨਿਭਾ ਸਕਾ।
