ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਅਧਿਆਪਕਾਂ ਦੀ ਟ੍ਰੇਨਿੰਗ 9 ਅਗਸਤ ਤੋਂ

Friday, Aug 06, 2021 - 05:26 PM (IST)

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਅਧਿਆਪਕਾਂ ਦੀ ਟ੍ਰੇਨਿੰਗ 9 ਅਗਸਤ ਤੋਂ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 9 ਅਗਸਤ ਤੋਂ 13 ਅਗਸਤ ਤੱਕ ਮੈਥ ਲੈਕਚਰਾਰਾਂ ਅਤੇ ਮੈਥ ਮਾਸਟਰ/ਮਿਸਟ੍ਰੈੱਸਾਂ ਦੇ ਵੈੱਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਪਰਸਨਲਾਈਜ਼ਡ ਪ੍ਰੈਕਟਿਸ ਪ੍ਰੋਗਰਾਮ ਤਹਿਤ ਗਣਿਤ ਵਿਸ਼ੇ ਦੀ ਆਨਲਾਈਨ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਗਣਿਤ ਵਿਸ਼ੇ ਨੂੰ ਪੜ੍ਹਾਉਣ ਵਾਲੇ ਲੈਕਚਰਾਰਾਂ ਅਤੇ ਮੈਥ ਮਾਸਟਰ/ਮਿਸਟ੍ਰੈੱਸਾਂ ਦੀ ਵਿਭਾਗ ਵੱਲੋਂ ਟ੍ਰੇਨਿੰਗ ਕਰਵਾਈ ਗਈ ਸੀ। ਇਸ ਪ੍ਰੋਗਰਾਮ ਦੇ ਸਫਲ ਸੰਚਾਲਨ ਅਤੇ ਅਧਿਆਪਕਾਂ ਦੇ ਸ਼ੰਕੇ ਦੂਰ ਕਰਨ ਲਈ ਵਿਭਾਗ ਵੱਲੋਂ ਜੂਮ ਲਿੰਕ ਰਾਹੀਂ ਇਸ ਵੈੱਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਔਖੀਆਂ ਧਾਰਨਾਵਾਂ ਨੂੰ ਸੌਖਾ ਕਰਕੇ ਸਮਝਾਉਣ ਲਈ ਕਾਰਗਰ ਵਿਧੀਆਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਵੈੱਬੀਨਾਰ ਵਿੱਚ ‘ਕੌਮੀ ਪ੍ਰਾਪਤੀ ਸਰਵੇਖਣ-2021’ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸਨ ਕਰਨ ਲਈ ਵਿਸ਼ੇ ਦੀਆਂ ਬਾਰੀਕੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਟ੍ਰੇਨਿੰਗ ਸਬੰਧੀ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ ਵੱਲੋਂ ਜਾਰੀ ਕੀਤੇ ਸ਼ਡਿਊਲ ਅਨੁਸਾਰ 9 ਅਗਸਤ ਨੂੰ ਜ਼ਿਲ੍ਹਾ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਮਾਨਸਾ. ਕਪੂਰਥਲਾ, ਬਰਨਾਲਾ ਦੇ, 10 ਅਗਸਤ ਨੂੰ ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਰੂਪਨਗਰ ਦੇ, 11 ਅਗਸਤ ਨੂੰ ਹੁਸ਼ਿਆਰਪੁਰ, ਬਠਿੰਡਾ, ਫਤਿਹਗੜ੍ਹ ਸਾਹਿਬ, ਐੱਸ. ਏ. ਐੱਸ. ਨਗਰ, ਮੋਗਾ, 12 ਅਗਸਤ ਨੂੰ ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ, ਪਠਾਨਕੋਟ ਅਤੇ 13 ਅਗਸਤ ਨੂੰ ਲੁਧਿਆਣਾ, ਗੁਰਦਾਸਪੁਰ, ਤਰਨਤਾਰਨ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿਗ ਵਿੱਚ ਹਰੇਕ ਜ਼ਿਲ੍ਹੇ ਦੇ 500 ਅਧਿਆਪਕ ਹਿੱਸਾ ਲੈਣਗੇ। ਇਸ ਵੈੱਬੀਨਾਰ ਦਾ ਸਮਾਂ ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗਾ।   


author

Babita

Content Editor

Related News