ਅਧਿਆਪਕਾਂ ਵੱਲੋਂ ਬੱਚੀ ਦੀ ਕੁੱਟ-ਮਾਰ ਦਾ ਮਾਮਲਾ ਭਖਿਆ
Sunday, Jul 08, 2018 - 12:05 AM (IST)
ਮੁਕੰਦਪੁਰ, (ਸੰਜੀਵ)- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਮੁਕੰਦਪੁਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਰੀ ਵਿਖੇ ਡੇਢ ਮਹੀਨਾ ਪਹਿਲਾਂ ਇਕ ਅਧਿਆਪਕ ਵੱਲੋਂ 5ਵੀਂ ਕਲਾਸ ਦੀ ਬੱਚੀ ਦੀ ਕੁੱਟ-ਮਾਰ ਕਰਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ।
ਇਸ ਮਾਮਲੇ ਦੇ ਹੱਲ ਲਈ ਸ਼ਨੀਵਾਰ ਲੰਗੇਰੀ ਸਕੂਲ ਵਿਖੇ ਜ਼ਿਲਾ ਸਿੱਖਿਆ ਅਫਸਰ ਵਿਨੋਦ ਕੁਮਾਰ, ਬਲਾਕ ਸਿੱਖਿਆ ਅਫਸਰ ਅਸ਼ੋਕ ਕੁਮਾਰ ਟੀਮ ਸਮੇਤ ਪੁੱਜੇ ਅਤੇ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਪਿੰਡ ਵਾਸੀ ਅਤੇ ਸਟਾਫ ਨੂੰ ਇਕੱਠੇ ਬਿਠਾ ਕੇ ਮਸਲੇ ਨੂੰ ਨਿਬੇਡ਼ਨ ਦੀ ਗਲ ਕਹੀ, ਜਿਸ ’ਤੇ ਪਿੰਡ ਵਾਸੀ ਬੱਚੀ ਦੀ ਕੁੱਟ-ਮਾਰ ਕਰਨ ਵਾਲੇ ਅਧਿਆਪਕਾਂ ਨੂੰ ਸਸਪੈਂਡ ਕਰਨ ’ਤੇ ਅਡ਼ੇ ਰਹੇ ਤੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਡੀ. ਈ. ਓ. ਦੀ ਅਗਵਾਈ ’ਚ ਆਈ ਟੀਮ ਨੂੰ ਬੇਬੱਸ ਬੇਰੰਗ ਮੁਡ਼ਨਾ ਪਿਆ।
ਇਸ ਮੌਕੇ ਕੁੱਟ-ਮਾਰ ਦੀ ਸ਼ਿਕਾਰ ਲਡ਼ਕੀ ਈਸ਼ੂ ਦੇ ਪਿਤਾ ਜੋਗਿੰਦਰ ਪਾਲ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ 22 ਮਈ, 2018 ਨੂੰ ਇਸ ਸਕੂਲ ਦੇ ਅਧਿਆਪਕ ਦਿਲਬਾਗ ਰਾਮ ਨੇ ਵਿਦਿਆਰਥਣ ਈਸ਼ੂ ਦੀ ਬੁਰੀ ਤਰਾਂ ਕੁੱਟ-ਮਾਰ ਕੀਤੀ ਸੀ, ਜਿਸ ’ਤੇ ਜ਼ਖਮੀ ਹਾਲਤ ’ਚ ਲਡ਼ਕੀ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਵਾਇਆ ਗਿਆ। ਉਸ ਮੌਕੇ ਹਾਲਾਤਾਂ ਨੂੰ ਦੇਖਦੇ ਹੋਏ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਵਾਸੀਆਂ ਦਾ ਸਕੂਲ ਅਧਿਆਪਕਾਂ ਦਰਮਿਆਨ ਰਾਜ਼ੀਨਾਮਾ ਕੀਤਾ ਗਿਆ ਕਿ ਇਹ ਦੋਨੋਂ ਅਧਿਆਪਕ ਇਸ ਸਕੂਲ ’ਚੋਂ ਬਦਲੀ ਕਰਵਾਉਣਗੇ ਪਰ ਡੇਢ ਮਹੀਨਾ ਬੀਤਣ ਦੇ ਬਾਵਯੂਦ ਨਾ ਤਾਂ ਉਕਤ ਦੋਨਾਂ ਅਧਿਆਪਕਾਂ ਨੇ ਬਦਲੀ ਕਰਵਾਈ ਅਤੇ ਨਾ ਹੀ ਪਿੰਡ ਵਾਸੀਆਂ ਵੱਲੋਂ ਸਿੱਖਿਆ ਵਿਭਾਗ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ’ਤੇ ਕਥਿਤ ਦੋਸ਼ੀਆਂ ਖਿਲਾਫ ਕੋਈ ਬਣਦੀ ਕਾਰਵਾਈ ਕੀਤੀ ਗਈ।
ਇਸ ਤੋਂ ਬਾਅਦ ਜੋਗਿੰਦਰ ਪਾਲ ਅਤੇ ਪਿੰਡ ਵਾਸੀਆਂ ਨੇ ਕਾਰਵਾਈ ਨਾ ਹੁੰਦੀ ਦੇਖ ਕੇ ਲਿਖਤੀ ਸ਼ਿਕਾਇਤਾਂ ਕਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ, ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਹਨ। ਉਧਰ, ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਵਿਨੋਦ ਕੁਮਾਰ, ਬਲਾਕ ਸਿੱਖਿਆ ਅਫਸਰ ਅਸ਼ੋਕ ਕੁਮਾਰ, ਪ੍ਰਿੰ. ਅਮਰਜੀਤ ਖਟਕਡ਼ ਅਤੇ ਟੀਮ ਨੇ ਕਿਹਾ ਕਿ ਸੋਮਵਾਰ ਤੱਕ ਅਧਿਆਪਕਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
