ਪਾਕਿਸਤਾਨ ''ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ''ਤੇ ਜੇਹਾਦੀ ਹਮਲਾ ਮੰਦਭਾਗਾ : ਚੁੱਘ

01/04/2020 2:32:50 PM

ਚੰਡੀਗੜ੍ਹ (ਸ. ਹ.) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਜੇਹਾਦੀ ਤੱਤਾਂ ਵਲੋਂ ਜੋ ਕਾਇਰਾਨਾ ਹਮਲਾ ਕੀਤਾ ਗਿਆ ਹੈ, ਉਹ ਬੜਾ ਮੰਦਭਾਗਾ ਹੈ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।
ਚੁੱਘ ਨੇ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਕਿਹਾ ਕਿ ਜਿਹੜੇ ਜੇਹਾਦੀ ਤੱਤਾਂ ਨੇ ਨਨਕਾਣਾ ਸਾਹਿਬ 'ਚ ਹਮਲਾ ਕੀਤਾ ਹੈ, ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਉਨ੍ਹਾਂ ਨੂੰ ਅਜੇ ਵੀ ਪਨਾਹ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ 'ਚ ਕੀਤੇ ਗਏ ਨਾਗਰਿਕਤਾ (ਸੋਧ) ਕਾਨੂੰਨ ਦਾ ਇਕਤਰਫਾ ਵਿਰੋਧ ਕਰ ਰਹੇ ਹਨ।

ਕੈਪਟਨ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਪਾਕਿਸਤਾਨ 'ਚ ਤਸ਼ੱਦਦ ਦੇ ਸ਼ਿਕਾਰ ਹਿੰਦੂ ਸਿੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਨਹਿਰੂ-ਲਿਆਕਤ ਸਮਝੌਤੇ ਦੇ ਅਧੀਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੰਤਿਮ ਇੱਛਾ ਦੇ ਅਧੀਨ ਧਰਮ ਦੇ ਆਧਾਰ 'ਤੇ ਬਟਵਾਰਾ ਹੋਣ ਦੇ ਬਾਅਦ ਵੀ ਜੇਕਰ ਹਿੰਦੂ ਜਾਂ ਸਿੱਖ ਪਰਿਵਾਰ ਕਦੀ ਵੀ ਭਾਰਤ 'ਚ ਆਉਣਾ ਚਾਹੇ ਤਾਂ ਉਸ ਨੂੰ ਸਨਮਾਨ ਦੇ ਨਾਲ ਭਾਰਤੀ ਨਾਗਰਿਕਤਾ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਗੁਰਦੁਆਰੇ 'ਤੇ ਭੀੜ ਨੇ ਪੱਥਰ ਵਰ੍ਹਾਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਨੂੰ ਘੇਰ ਲਿਆ। ਇਸ ਪ੍ਰਦਰਸ਼ਨ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਨ ਨੇ ਕੀਤੀ, ਜਿਸ ਨੇ ਕਥਿਤ ਤੌਰ 'ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕੀਤਾ ਸੀ ਤੇ ਉਸ ਦਾ ਜ਼ਬਰੀ ਨਿਕਾਹ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੋਕ ਇਥੇ ਗੁਰਦੁਆਰੇ ਦੀ ਮੌਜੂਦਗੀ ਦੇ ਖਿਲਾਫ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਥਾਂ ਦਾ ਨਾਂ ਨਨਕਾਣਾ ਸਾਹਿਬ ਤੋਂ ਗੁਲਾਮ-ਏ-ਮੁਸਤਫਾ ਕਰਵਾਉਣਗੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਸਿੱਖ ਨਨਕਾਣਾ 'ਚ ਨਹੀਂ ਰਹੇਗਾ। ਘਟਨਾ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਕਾਰਵਾਈ ਕਰਦੇ ਹੋਏ ਪੱਥਰਬਾਜ਼ਾ ਨੂੰ ਗ੍ਰਿਫਤਾਰ ਕਰ ਲਿਆ।

Anuradha

This news is Content Editor Anuradha