ਪੰਜਾਬ ''ਚ ਸਵਾਈਨ ਫਲੂ ਦਾ ਕਹਿਰ, 23 ਮਰੀਜ਼ਾਂ ''ਚੋਂ 9 ਦੀ ਮੌਤ

03/02/2018 4:50:51 AM

ਜਨਵਰੀ ਤੋਂ ਵਧੇ ਕੇਸ, ਮਾਰਚ ਤਕ ਰਹੋ ਸਾਵਧਾਨ
ਲੁਧਿਆਣਾ(ਸਹਿਗਲ)-ਰਾਜ 'ਚ ਸਵਾਈਨ ਫਲੂ ਦਾ ਕਹਿਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ। ਨਵੇਂ ਸਾਲ 'ਚ ਹੁਣ ਤਕ ਸਵਾਈਨ ਫਲੂ ਦੇ 23 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 9 ਮਰੀਜ਼ਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ 'ਚ 18 ਫਰਵਰੀ ਤਕ 1200 ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 117 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 86 ਮੌਤਾਂ ਰਾਜਸਥਾਨ 'ਚ ਹੋਈਆਂ ਹਨ। ਸਟੇਟ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਮੁਤਾਬਕ ਮੌਜੂਦਾ ਸਮੇਂ 'ਚ ਸਵਾਈਨ ਫਲੂ ਦਾ ਸੀਜ਼ਨ ਚੱਲ ਰਿਹਾ ਹੈ। ਜੋ ਮਾਰਚ ਦੇ ਅਖੀਰ ਤਕ ਰਹੇਗਾ। ਇਨ੍ਹੀਂ ਦਿਨੀਂ ਵਿਸ਼ੇਸ਼ ਧਿਆਨ ਦੇਣ ਤੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਬੀਤੇ ਸਾਲ ਸਵਾਈਨ ਫਲੂ ਦੇ 239 ਕੇਸਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਸੀ। ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਜ਼ਿਆਦਾ ਖਤਰਾ : ਸਟੇਟ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਜਿਨ੍ਹਾਂ 9 ਮਰੀਜ਼ਾਂ ਦੀ ਸਵਾਈਨ ਫਲੂ ਨਾਲ ਮੌਤ ਹੋਈ ਹੈ। ਉਨ੍ਹਾਂ 'ਚ ਜ਼ਿਆਦਾਤਰ ਮਰੀਜ਼ਾਂ ਨੂੰ ਕੋਈ ਨਾ ਕੋਈ ਸਰੀਰਕ ਸਮੱਸਿਆ ਪਹਿਲਾਂ ਤੋਂ ਸੀ। ਦੂਜਾ ਉਨ੍ਹਾਂ ਨੇ ਹਸਪਤਾਲਾਂ 'ਚ ਉਦੋਂ ਰਿਪੋਰਟ ਕੀਤਾ, ਜਦੋਂ ਜਾਨ 'ਤੇ ਬਣ ਆਈ। ਜਦੋਂ ਕਿ ਸ਼ੂਗਰ, ਦਿਲ, ਲੀਵਰ ਤੇ ਗੁਰਦਾ ਰੋਗੀਆਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਤੇ ਤੁਰੰਤ ਇਲਾਜ ਲਈ ਸਰਕਾਰੀ ਜਾਂ ਨਿਜੀ ਹਸਪਤਾਲ ਦਾ ਰੁਖ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਕੈਟਾਗਰੀ ਬੀ ਦੇ ਤਹਿਤ ਤੁਰੰਤ ਇਲਾਜ ਸ਼ੁਰੂ ਕਰਨ ਦੀ ਵਿਵਸਥਾ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਸਵਾਈਨ ਫਲੂ ਸਬੰਧੀ ਇਨ੍ਹਾਂ ਲੱਛਣਾਂ ਦਾ ਰੱਖੋ ਧਿਆਨ
ਖਾਂਸੀ, ਨਜ਼ਲਾ, ਤੇਜ਼ ਬੁਖਾਰ ਨਾਲ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਤੁਰੰਤ ਹਸਪਤਾਲ ਆ ਕੇ ਆਪਣਾ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ ਤਾਂਕਿ ਸਮਾਂ ਰਹਿੰਦੇ ਰੋਗ 'ਤੇ ਕਾਬੂ ਪਾਇਆ ਜਾ ਸਕੇ। ਡਾ. ਗਗਨਦੀਪ ਸਿੰਘ ਮੁਤਾਬਕ ਸਵਾਈਨ ਫਲੂ ਦੀ ਦਵਾਈ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ।
ਫਿਰ ਹੋ ਸਕਦਾ ਹੈ ਵਾਇਰਸ 'ਚ ਬਦਲਾਅ
ਸਵਾਈਨ ਫਲੂ ਦੁਨੀਆ ਦਾ ਸਭ ਤੋਂ ਜ਼ਿਆਦਾ ਬਦਲਣ ਵਾਲਾ ਵਾਇਰਸ ਹੈ। ਜਦੋਂ ਜਦੋਂ ਵਾਇਰਸ 'ਚ ਬਦਲਾਅ ਆਇਆ ਹੈ, ਲੋਕਾਂ ਲਈ ਸਮੱਸਿਆ ਦਾ ਕਾਰਨ ਬਣਿਆ। ਬੀਤੇ ਸਾਲ ਵਾਇਰਸ 'ਚ ਬਦਲਾਅ ਦੇ ਕਾਰਨ ਹੀ ਸਵਾਈਨ ਫਲੂ ਦੇ ਕੇਸ ਸਰਦੀਆਂ ਦੀ ਬਜਾਏ ਗਰਮੀਆਂ 'ਚ ਸਾਹਮਣੇ ਆਏ ਤੇ ਅਗਸਤ ਮਹੀਨੇ 'ਚ 9 ਦਿਨਾਂ ਦੇ ਅੰਦਰ 348 ਸ਼ੱਕੀ, 70 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਤੇ ਇਨ੍ਹਾਂ 'ਚ 20 ਮਰੀਜ਼ਾਂ ਦੀ ਮੌਤ ਹੋ ਗਈ ਸੀ।
ਇਸ ਸਾਲ ਵੀ ਗਰਮੀਆਂ 'ਚ ਰਹੋ ਸਾਵਧਾਨ
ਰਾਜ ਦੇ ਮਾਹਿਰਾਂ ਨੇ ਇਸ ਸਾਲ ਲੋਕਾਂ ਨੂੰ ਗਰਮੀਆਂ 'ਚ ਫਿਰ ਸਾਵਧਾਨੀ ਵਰਤਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੇ ਲੱਛਣਾਂ ਦਾ ਧਿਆਨ ਰੱਖੋ। ਜਿਵੇਂ ਹੀ ਉਨ੍ਹਾਂ ਨੂੰ ਗੰਭੀਰ ਲੱਛਣ ਦਿਸਣ ਤਾਂ ਮਾਹਿਰ ਨਾਲ ਸੰਪਰਕ ਕਰੋ ਤੇ ਨੀਮ ਹਕੀਮਾਂ ਦੇ ਚੱਕਰ 'ਚ ਪੈਣਾ ਜਾਨਲੇਵਾ ਹੋ ਸਕਦਾ ਹੈ।


Related News