ਖਰੜ ਦੀਆਂ 70 ਪੰਚਾਇਤਾਂ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ
Sunday, Aug 04, 2019 - 02:09 PM (IST)

ਸੁਲਤਾਨਪੁਰ ਲੋਧੀ (ਧੀਰ, ਸੋਢੀ) - ਪੰਜਾਬ ਦੇ ਪਿੰਡਾਂ 'ਚ ਸੀਚੇਵਾਲ ਮਾਡਲ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਆਪੋ-ਆਪਣੇ ਹਲਕਿਆਂ 'ਚ ਸੀਚੇਵਾਲ ਮਾਡਲ ਤਹਿਤ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਲਾਉਣ ਲਈ ਵਰਤੇ ਜਾਣ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਖਰੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੀ ਅਗਵਾਈ ਹੇਠ 100 ਦੇ ਕਰੀਬ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਸਰਪੰਚਾਂ ਨੂੰ ਦੱਸਿਆ ਕਿ ਕਿਵੇਂ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਨੂੰ ਦੇਸੀ ਤਕਨੀਕ ਨਾਲ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੇ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਸ ਨੂੰ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੀ ਹੈ ਕਿ ਇਕ ਵਾਰ ਵਰਤੇ ਹੋਏ ਪਾਣੀ ਨੂੰ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾਵੇ ਤਾਂ ਇਹ ਫਸਲਾਂ ਲਈ ਵਰਦਾਨ ਸਾਬਤ ਹੁੰਦਾ ਹੈ।
ਸੰਤ ਸੀਚੇਵਾਲ ਨੇ ਆਪਣੇ ਪਿੰਡ ਦੇ ਛੱਪੜ ਦੇ ਸੋਧੇ ਹੋਏ ਪਾਣੀ ਦਾ ਟੀ. ਡੀ. ਐੱਸ. ਵੀ ਚੈੱਕ ਕਰਕੇ ਜਗਮੋਹਣ ਸਿੰਘ ਕੰਗ ਨੂੰ ਦਿਖਾਇਆ ਕਿ ਇਹ ਪਾਣੀ ਖੇਤੀ ਲਈ ਕਿਵੇਂ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 150 ਪਿੰਡਾਂ ਵਿਚ ਇਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ। ਇਸ ਸੋਧੇ ਹੋਏ ਪਾਣੀ ਦੇ ਟੈਸਟ ਖੇਤੀ ਮਾਹਿਰ ਕਰ ਚੁੱਕੇ ਹਨ। ਸੁਲਤਾਨਪੁਰ ਲੋਧੀ ਅਤੇ ਦਸੂਹਾ ਕਸਬਿਆਂ 'ਚ ਵੀ ਪਾਣੀ ਟਰੀਟ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦਾ ਪਾਣੀ 13 ਕਿਲੋਮੀਟਰ ਤਕ ਦੋ ਪਾਈਪ ਲਾਈਨਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ, ਜਦਕਿ ਦਸੂਹੇ ਦਾ ਪੰਜ ਕਿਲੋਮੀਟਰ ਤਕ ਪਾਣੀ ਪਹੁੰਚਾਇਆ ਜਾ ਰਿਹਾ ਹੈ।ਸੀਚੇਵਾਲ ਮਾਡਲ ਤਹਿਤ ਖਰੜ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਆਏ ਸਾਬਕਾ ਕਾਂਗਰਸੀ ਮੰਤਰੀ ਜਗਮੋਹਣ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਵਿਚ ਲੋਕ ਪਾਣੀ ਦੀ ਬਰਬਾਦੀ ਬੜੀ ਬੇਦਰਦੀ ਨਾਲ ਕਰ ਰਹੇ ਹਨ। ਜਿਸ ਦਾ ਖਾਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ ਹੈ।
ਸੀਚੇਵਾਲ ਮਾਡਲ ਦੀ ਤਰਜ਼ 'ਤੇ ਪਿੰਡਾਂ ਦੀ ਦਿੱਖ ਨੂੰ ਬਦਲਿਆ ਜਾਵੇਗਾ
ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜਾਂ ਸ਼ਹਿਰਾਂ ਨੂੰ ਤਾਂ ਨੀਤੀ ਆਯੋਗ ਨੇ ਵੀ 2020 ਤਕ ਧਰਤੀ ਹੇਠਲਾ ਪਾਣੀ ਮੁੱਕ ਜਾਣ ਦਾ ਸੰਕੇਤ ਦਿੱਤਾ ਹੈ। ਉਹ ਆਪਣੇ ਹਲਕੇ ਵਿਚ ਸੀਚੇਵਾਲ ਮਾਡਲ ਤਹਿਤ ਹੀ ਪਿੰਡਾਂ ਦਾ ਮੂੰਹ-ਮੱਥਾ ਸੰਵਾਰਨਾ ਚਾਹੁੰਦੇ ਹਨ, ਜਿਵੇਂ ਸੀਚੇਵਾਲ ਪਿੰਡ 'ਚ ਇਥੋਂ ਦੀ ਹਰ ਗਲੀ ਹਰੀ-ਭਰੀ ਹੈ ਤੇ ਕਿਤੇ ਵੀ ਮੱਖੀ, ਮੱਛਰ ਨਹੀਂ ਹੈ।ਜਗਮੋਹਣ ਸਿੰਘ ਕੰਗ ਨੇ ਸੀਚੇਵਾਲ ਮਾਡਲ ਦੇਖਣ ਤੋਂ ਬਾਅਦ ਪਿੰਡ ਹਰੀ ਵਿਚ ਬਣੇ ਮਾਡਲ ਨੂੰ ਵੀ ਦੇਖਿਆ ਤੇ ਉਨ੍ਹਾਂ ਨੇ ਮੁੜ ਸਾਫ ਵਗਦੀ ਪਵਿੱਤਰ ਕਾਲੀ ਵੇਈਂ ਵੀ ਦੇਖੀ, ਜਿਸ ਦੀ ਕਾਰ ਸੇਵਾ ਪਿਛਲੇ 19 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਸੀਚੇਵਾਲ ਆਈਆਂ ਬੱਸਾਂ ਅਤੇ ਕਾਰਾਂ ਉੱਪਰ ਲੱਗੇ ਬੈਨਰਾਂ 'ਚ ਇਹ ਨਾਅਰਾ ਲਿਖਿਆ ਹੋਇਆ ਸੀ ਕਿ 'ਪਾਣੀ ਦੀ ਸਾਂਭ-ਸੰਭਾਲ ਚਲੋ ਸੀਚੇਵਾਲ', 'ਬੂੰਦ-ਬੂੰਦ ਨਹੀਂ ਵਰਤਾਂਗੇ ਤਾਂ ਬੂੰਦ-ਬੂੰਦ ਨੂੰ ਤਰਸਾਂਗੇ'। ਇਸ ਬੈਨਰ 'ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਆਗੂਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਹੋਈਆਂ ਸਨ। ਇਸ ਮੌਕੇ ਖਰੜ ਦੇ ਬੀ. ਡੀ. ਪੀ. ਓ. ਰਣਜੀਤ ਸਿੰਘ ਬੈਂਸ, ਜੇ. ਈ. ਜਗਦੀਸ਼ ਸਿੰਘ ਅਤੇ ਪੰਚਾਂ, ਸਰਪੰਚਾਂ 'ਚ ਕਮਲਜੀਤ ਸਿੰਘ ਅਰੋੜਾ, ਸਤੀਸ਼ ਕੁਮਾਰ, ਮਨਵੀਰ ਸਿੰਘ, ਸੁਰਿੰਦਰ ਗਿੱਲ ਆਦਿ ਹਾਜ਼ਰ ਸਨ।