ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਰੰਧਾਵਾ ਦੀ ਬਰਖ਼ਾਸਤਗੀ ਹੋਵੇ : ਅਕਾਲੀ ਦਲ

Thursday, Dec 05, 2019 - 02:39 PM (IST)

ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਰੰਧਾਵਾ ਦੀ ਬਰਖ਼ਾਸਤਗੀ ਹੋਵੇ : ਅਕਾਲੀ ਦਲ

ਚੰਡੀਗੜ੍ਹ(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀਆਂ ਜੇਲਾਂ ਅੰਦਰੋਂ ਚੱਲ ਰਹੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਲਾਂ ਅੰਦਰ ਅਪਰਾਧੀਆਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦੇ ਕੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ ਨਾ ਪਾਇਆ ਜਾਵੇ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਸ ਵਲੋਂ ਸੰਗਰੂਰ ਦੀ ਜੇਲ 'ਚ ਮੋਬਾਇਲ ਫੋਨਾਂ ਦੇ ਇਸਤੇਮਾਲ ਬਾਰੇ ਕੀਤੀ ਜਾਂਚ ਮਗਰੋਂ ਹੋਏ ਖੁਲਾਸੇ ਕਿ ਜੇਲ ਅੰਦਰ ਅਪਰਾਧੀਆਂ ਨੂੰ ਪੈਸੇ ਲੈ ਕੇ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਨੇ ਗੈਂਗਸਟਰ-ਮੰਤਰੀ ਗਠਜੋੜ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆ ਧਰੀ ਹੈ। ਅਕਾਲੀ ਦਲ ਕਿੰਨੀ ਦੇਰ ਤੋਂ ਇਹ ਮੁੱਦਾ ਉਠਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜੋ ਕਿਹਾ ਸੀ, ਉਹੀ ਸੱਚ ਬਾਹਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਖੁਲਾਸਾ ਹੋਇਆ ਹੈ ਕਿ ਕੈਦੀਆਂ ਨੂੰ ਸਿਰਫ ਮੋਬਾਇਲ ਫੋਨ ਹੀ ਨਹੀਂ ਸਗੋਂ ਇੰਟਰਨੈੱਟ, ਸਪੈਸ਼ਲ ਖਾਣਾ ਅਤੇ ਬਾਕੀ ਐਸ਼ੋ-ਆਰਾਮ ਦੀਆਂ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਹ ਟਿੱਪਣੀ ਕਰਦਿਆਂ ਕਿ ਇਸ ਮਾਮਲੇ 'ਚ ਸਿਰਫ ਕੁਝ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰ ਕੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਅਕਾਲੀ ਆਗੂ ਨੇ ਕਿਹਾ ਕਿ ਸੰਗਰੂਰ ਜੇਲ 'ਚ ਲਾਈਵ ਵੀਡਿਓ ਸਕੈਂਡਲ ਦੀ ਕੀਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਕੈਦੀਆਂ ਨੂੰ ਫੋਨ ਅਤੇ ਬਾਕੀ ਸਹੂਲਤਾਂ ਦੇਣ ਲਈ ਬਹੁਤ ਸਾਰਾ ਪੈਸਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਪੈਸਾ ਉਪਰ ਤਕ ਪਹੁੰਚਾਇਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਨਾਮੀ ਬਦਮਾਸ਼ਾਂ ਨੂੰ ਵੀ ਜੇਲ ਅੰਦਰੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾਉਣ ਲਈ ਟੈਲੀਫੋਨ ਅਤੇ ਵਾਈ-ਫਾਈ ਦੀਆਂ ਸਹੂਲਤਾਂ ਵਰਤਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਜੇਲ ਮੰਤਰੀ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਲ ਪ੍ਰਬੰਧ ਨੂੰ ਸੁਧਾਰਨ ਅਤੇ ਉਸ ਦੇ ਕਾਰਜਕਾਲ ਦੌਰਾਨ ਪ੍ਰਫੁੱਲਿਤ ਹੋ ਰਹੇ ਬਦਮਾਸ਼ੀ-ਸੱਭਿਆਚਾਰ ਨੂੰ ਨੱਥ ਪਾਉਣ ਲਈ ਸੁਖਜਿੰਦਰ ਰੰਧਾਵਾ ਖ਼ਿਲਾਫ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੀਆਂ ਸਾਰੀਆਂ ਜੇਲਾਂ ਅੰਦਰ ਚੱਲ ਰਹੀਆਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕਰਵਾਉਣ ਤੋਂ ਇਲਾਵਾ ਮੁੱਖ ਮੰਤਰੀ ਨੂੰ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪਣਾ ਚਾਹੀਦਾ ਹੈ।


 


author

Anuradha

Content Editor

Related News