ਸੁਨੀਲ ਜਾਖੜ ਦੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦਾ ਪਲਟਵਾਰ, ਕਹੀ ਵੱਡੀ ਗੱਲ

08/09/2023 2:55:49 PM

ਜਲੰਧਰ (ਵਿਸ਼ੇਸ਼) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਕਾਂਗਰਸੀ ਆਗੂ ਅਤੇ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਗਠਜੋੜ ਪ੍ਰਵਾਨ ਕਰ ਲਿਆ ਹੈ। ਰੰਧਾਵਾ ਨੇ ਕਿਹਾ ਕਿ ਇਸ ਦੋਸ਼ ਨੇ ਸੁਨੀਲ ਜਾਖੜ ਦਾ ਮੌਕਾਪ੍ਰਸਤ ਕਿਰਦਾਰ ਹੀ ਨੰਗਾ ਕਰ ਦਿੱਤਾ ਹੈ। 

ਇਹ ਵੀ ਪੜ੍ਹੋ :  ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਾਖੜ ਨੇ ਉਹ ਹੱਥ ਵੱਢ ਦਿੱਤਾ ਹੈ ਜਿਸ ਨੇ ਦਹਾਕਿਆਂ ਤਕ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖੁਆਇਆ ਸੀ। ਇਹ ਉਨ੍ਹਾਂ ਦਾ ਡਰ ਹੈ ਜੋ ਉਨ੍ਹਾਂ ਨੂੰ ਬੁੜਬੁੜਾਉਣ ਲਈ ਮਜਬੂਰ ਕਰ ਰਿਹਾ ਹੈ। ਹਰ ਕੋਈ ਜਾਣਦਾ ਹੈ ਕਿ ਕਿਸ ਨੇ ਆਪਣੇ-ਆਪ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ‘ਵਾਸ਼ਿੰਗ-ਮਸ਼ੀਨ ਪਾਰਟੀ’ ਨਾਲ ਗੁਪਤ ਸੌਦਾ ਕੀਤਾ। ਰੰਧਾਵਾ ਨੇ ਕਿਹਾ ਕਿ ਆਪਣੇ ਮਾੜੇ ਕੰਮਾਂ ਤੋਂ ਡਰਦਿਆਂ ਜਾਖੜ ਉਸ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ, ਜਿਸ ਨਾਲ ਉਹ ਆਪਣੇ ਸਿਆਸੀ ਜੀਵਨ ਦੌਰਾਨ ਨਫ਼ਰਤ ਕਰਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ 2 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੇ ਲਗਾਈ ਧਾਰਾ 144, 5 ਬੰਦਿਆਂ ਦੇ ਇਕੱਠ 'ਤੇ ਪਾਬੰਦੀ

ਖੁਦ ਤੇ ਪਰਿਵਾਰ ਨੂੰ ਸਨਮਾਨ, ਮਾਨਤਾ, ਜ਼ਿੰਮੇਵਾਰੀ ਅਤੇ ਅਹੁਦੇ ਦੇਣ ਵਾਲੀ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਸੁਨੀਲ ਜਾਖੜ ਦੀ ਆਲੋਚਨਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਜੀ ਨੂੰ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਲੋਕ ਸਭਾ ਦਾ ਸਪੀਕਰ ਤੇ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਮੈਂਬਰ ਸਾਰੀ ਉਮਰ ਕਾਂਗਰਸੀ ਰਹੇ, ਅੱਜ ਸੁਨੀਲ ਉਨ੍ਹਾਂ ਦੀ ਇਮਾਨਦਾਰੀ ’ਤੇ ਸਵਾਲ ਉਠਾ ਰਹੇ ਹਨ। ਸੁਨੀਲ ਉਨ੍ਹਾਂ ਮੌਕਾਪ੍ਰਸਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਦਾ ਭਰੋਸਾ ਤੋੜਿਆ ਸਗੋਂ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਵੀ ਢਾਹ ਲਾਈ ਹੈ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਰੰਧਾਵਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਜਾਖੜ ਪਰਿਵਾਰ ਦੀ ਪਾਰਟੀ ਪ੍ਰਤੀ ਵਚਨਬੱਧਤਾ ਦਾ ਹਮੇਸ਼ਾ ਸਤਿਕਾਰ ਕੀਤਾ। ਇਹੀ ਕਾਰਨ ਹੈ ਕਿ ਸੁਨੀਲ ਜਾਖੜ ਦੀ ਕਾਂਗਰਸ ਨਾਲ ਮਜ਼ਬੂਤ ਸਾਂਝ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ। ਇਸ ਤੱਥ ਦੇ ਬਾਵਜੂਦ ਕਿ ਉਹ ਚੋਣ ਹਾਰ ਗਏ ਸਨ, ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਅਤੇ ਇਥੋਂ ਤੱਕ ਕਿ 2022 ਦੀਆਂ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਕਮੇਟੀ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਅੱਜ ਉਹ ਕਾਂਗਰਸ ਦੀ ਆਲੋਚਨਾ ਕਰ ਰਹੇ ਹਨ।

ਇਹ ਵੀ ਪੜ੍ਹੋ :  ਗੁਰੂ ਨਗਰੀ ਅੰਮ੍ਰਿਤਸਰ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal