ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਦਿੱਤਾ ਰੋਸ ਧਰਨਾ

08/22/2018 6:06:47 AM

ਲੁਧਿਆਣਾ,(ਸਲੂਜਾ)- ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ, ਹੋਮ ਸਾਇੰਸ, ਐਗਰੀਕਲਚਰਲ ਬੇਸਿਕ ਸਾਇੰਸ ਅਤੇ ਐਗਰੀਕਲਚਰਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖਿਲਾਫ ਰੋਸ ਧਰਨਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿਚ ਰੋਸ ਮਾਰਚ ਵੀ ਕੀਤਾ।
 ਵਿਦਿਆਰਥੀਆਂ ਨੇ ‘ਵਿਦਿਆਰਥੀ ਯੂਨੀਅਨ ਏਕਤਾ ਜ਼ਿੰਦਾਬਾਦ’ ਅਤੇ ‘ਧੱਕੇਸ਼ਾਹੀ ਨਹੀਂ ਚੱਲੇਗੀ’ ਆਦਿ ਨਾਅਰਿਆਂ ਦੌਰਾਨ ਰੋਸ ਜਤਾਉਂਦੇ ਹੋਏ ਦੱਸਿਆ ਕਿ ਪੀ.ਏ.ਯੂ. ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ’ਤੇ  ਚਾਰ ਪਹੀਆ ਵਾਹਨ ਲੈ ਕੇ ਆਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਉਹ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਨੂੰ ਪੀ.ਏ.ਯੂ. ਦੀ ਬੱਸ ਵਿਚ ਟਰੈਵਲ ਕਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਬੱਸ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਆਪ ਇਸ ਹੁੰਮਸ ਭਰੇ ਮੌਸਮ ਵਿਚ ਯੂਨੀਵਰਸਿਟੀ ਦੇ ਗੇਟ ਨੰਬਰ ਦੋ ਤੋਂ ਲੈ ਕੇ ਕੈਂਪਸ ’ਚ ਕਿਸੇ ਪਾਸੇ ਜਾਣ  ਲਈ ਪੈਦਲ ਜਾ ਸਕਦੇ ਹਨ। ਜਦਕਿ ਆਊਟ ਸਾਈਡਰ ਅਤੇ ਵੀ.ਆਈ.ਪੀ. ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਚਾਰ ਪਹੀਆ ਵਾਹਨਾਂ ਸਮੇਤ ਯੂਨੀਵਰਸਿਟੀ ਕੈਂਪਸ ’ਚ ਦਾਖਲ ਹੋ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ ਹੀ ਟਰੈਫਿਕ ਦੀ ਸਮੱਸਿਆ ਵੀ ਪੈਦਾ ਕਰ ਰਹੇ ਹਨ। ਆਊਟ ਸਾਈਡਰ ਵਾਹਨ ਚਾਲਕਾਂ ਦੀ ਵਜ੍ਹਾ ਨਾਲ ਕਈ ਵਾਰ ਐਕਸੀਡੈਂਟ ਵੀ ਹੋਏ ਹਨ।
 ਵਿਦਿਆਰਥੀਆਂ ਨੇ ਇਹ ਵੀ ਐਲਾਨ ਕੀਤਾ ਕਿ ਜਾਂ ਤਾਂ ਉਪ ਕੁਲਪਤੀ ਆਪਣੀ ਰਿਹਾਇਸ਼ ਤੋਂ ਆਫਿਸ ਤੋਂ ਪੈਦਲ ਆਉਣ ਅਤੇ ਜਾਣ, ਨਹੀਂ ਤਾਂ ਸਾਨੂੰ ਵੀ ਚਾਰ ਪਹੀਆ ਵਾਹਨ ਲੈ ਕੇ ਆਉਣ ਦੀ ਮਨਜ਼ੂਰੀ ਦਿੱਤੀ ਜਾਵੇ। ਟੀਚਰ ਅਤੇ ਉਪ ਕੁਲਪਤੀ ਸਮੇਤ ਸਮੁੱਚੇ ਸਟਾਫ ’ਤੇ ਹੀ ਚਾਰ ਪਹੀਆ ਵਾਹਨ ਨਾ ਲੈ ਕੇ ਆਉਣ ਦੀ ਪਾਬੰਦੀ ਲਾ ਦਿੱਤੀ ਜਾਵੇ। ਰੋਸ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਟੀਚਰ ਸਟਾਫ ਵਲੋਂ ਸਟਿੱਕਰ ਪਾਸ ਜਾਰੀ ਕਰ ਦਿੱਤੇ ਗਏ ਜਾਣ। ਇਥੇ ਇਹ ਦੱਸ ਦੇਈਏ ਕਿ ਅੱਜ ਵੀ ਵਿਦਿਆਰਥੀਆਂ ਦੀ ਸੀਨੀਅਰ ਲੀਡਰਸ਼ਿਪ ਦੀ ਪੀ.ਏ.ਯੂ. ਪ੍ਰਸ਼ਾਸਨ  ਨਾਲ ਮੀਟਿੰਗ ਹੋਈ ਹੈ। ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਨਾਲ ਇਸ ਮਾਮਲੇ ਵਿਚ ਇਨਸਾਫ ਨਾ ਹੋਇਆ ਤਾਂ ਫਿਰ ਇਸ ਅੰਦੋਲਨ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ ’ਤੇ ਸਰਕਾਰ ਅਤੇ ਯੂਨੀਵਰਸਿਟੀ ਹੀ ਜ਼ਿੰਮੇਵਾਰ ਹੋਵੇਗੀ। 


 


Related News