ਮੋਟਰਸਾਈਕਲ ''ਤੇ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਸੀ ਸਮੱਗਲਰ, STF ਦੀ ਟੀਮ ਨੇ ਰਾਹ ''ਚੋਂ ਕਰ ਲਿਆ ਕਾਬੂ
Tuesday, Jun 25, 2024 - 03:00 AM (IST)

ਜਲੰਧਰ (ਮਹੇਸ਼)– ਸਪੈਸ਼ਲ ਟਾਸਕ-ਫੋਰਸ (ਐੱਸ.ਟੀ.ਐੱਫ.) ਜਲੰਧਰ ਰੇਂਜ ਦੀ ਟੀਮ ਨੇ 720 ਗ੍ਰਾਮ ਹੈਰੋਇਨ ਸਮੇਤ ਪਲਸਰ ਮੋਟਰਸਾਈਕਲ ’ਤੇ ਸਵਾਰ ਇਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਟੀ.ਐੱਫ. ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਚਰਨ ਸਿੰਘ ਉਰਫ ਚਾਨੂੰ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਮੰਝਲੀ, ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ ਆਪਣੇ ਮੋਟਰਸਾਈਕਲ ’ਤੇ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਹੈ, ਜਿਸ ਨੂੰ ਏ.ਐੱਸ.ਆਈ. ਕੁਲਦੀਪ ਸਿੰਘ ਦੀ ਅਗਵਾਈ ਵਿਚ ਐੱਸ.ਟੀ.ਐੱਫ. ਦੀ ਟੀਮ ਨੇ ਉਸ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਕਾਬੂ ਕਰ ਲਿਆ।
ਮੋਗਾ-ਸ਼ਾਹਕੋਟ ਰੋਡ ਤੋਂ ਕਾਬੂ ਕੀਤੇ ਗਏ ਨਸ਼ਾ ਸਮੱਗਲਰ ਚਾਨੂ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ। ਉਸ ਖ਼ਿਲਾਫ਼ ਥਾਣਾ ਐੱਸ.ਟੀ.ਐੱਫ. ਐੱਸ.ਏ.ਐੱਸ. ਨਗਰ ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ 95 ਨੰਬਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ
ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਨਸ਼ਾ ਸਮੱਗਲਰ ਗੁਰਚਰਨ ਸਿੰਘ ਚਾਨੂ ਤੋਂ ਕੀਤੀ ਗਈ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ 8ਵੀਂ ਕਲਾਸ ਤਕ ਪੜ੍ਹਿਆ ਹੈ ਅਤੇ ਲਿਫਟ ਪੰਪ ਦਾ ਕੰਮ ਕਰਦਾ ਸੀ ਅਤੇ ਨਸ਼ੇ ਦੇ ਕਾਰੋਬਾਰ ਵਿਚ ਆਸਾਨੀ ਨਾਲ ਪੈਸੇ ਕਮਾਉਣ ਦੇ ਲਾਲਚ ਕਾਰਨ ਉਹ ਹੈਰੋਇਨ ਵੇਚਣ ਲੱਗ ਪਿਆ। ਉਸ ਨੇ ਕਿਹਾ ਕਿ ਉਹ ਪਿੰਡ ਕਮਾਲ ਦੇ ਰਹਿਣ ਵਾਲੇ ਗੋਰਾ ਨਾਂ ਦੇ ਵਿਅਕਤੀ ਤੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦਾ ਸੀ।
ਐੱਸ.ਟੀ.ਐੱਫ. ਨੇ ਗੋਰਾ ਨੂੰ ਵੀ 95 ਨੰਬਰ ਐੱਫ.ਆਈ.ਆਰ. ਵਿਚ ਨਾਮਜ਼ਦ ਕਰ ਦਿੱਤਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਐੱਸ.ਟੀ.ਐੱਫ. ਦੀਆਂ ਵੱਖ-ਵੱਖ ਟੀਮਾਂ ਰੇਡ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ ; 10 ਸਾਲਾ ਧੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ, ਸਦਮੇ 'ਚ ਪਿਓ ਦੀ ਵੀ ਟੁੱਟੀ ਸਾਹਾਂ ਦੀ ਡੋਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e