ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਡਿਉੜੀ ਦੇ ਲਗਾਏ ਜਾਣਗੇ ਨਵੇਂ ਦਰਵਾਜ਼ੇ

09/30/2018 1:19:33 PM

ਅੰਮ੍ਰਿਤਸਰ (ਜਸਵੰਤ ਸਿੰਘ ਜੱਸ) : ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਦਰਵਾਜ਼ੇ ਤਿਆਰ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਦਰਵਾਜ਼ੇ ਸਵਾ ਅੱਠ ਸਾਲ ਪਹਿਲਾਂ ਮੁਰੰਮਤ ਕਰਨ ਲਈ ਉਤਾਰੇ ਗਏ ਸਨ, ਦੀ ਥਾਂ 'ਤੇ ਲੰਬੇ ਇੰਤਜ਼ਾਰ ਤੋਂ ਬਾਅਦ ਉਸੇ ਡਿਜ਼ਾਇਨ ਤੇ ਆਕਾਰ 'ਚ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਮਾਹਿਰ ਕਾਰੀਗਰਾਂ ਤੋਂ ਨਵੇਂ ਦਰਵਾਜ਼ੇ ਤਿਆਰ ਕਰਵਾਏ ਗਏ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਅਕਤੂਬਰ ਦੇ ਪਹਿਲੇ ਹਫਤੇ ਲਗਾਏ ਜਾਣ ਦੀ ਸੰਭਾਵਨਾ ਹੈ। ਦਰਸ਼ਨੀ ਡਿਉੜੀ ਦੇ ਪੁਰਾਤਨ ਦਰਵਾਜ਼ੇ (ਕਿਵਾੜ), ਜੋ ਕੇਵਲ ਰਾਤ ਸਮੇਂ ਸਫਾਈ ਆਦਿ ਕਾਰਜਾਂ ਲਈ ਕੁਝ ਘੰਟਿਆਂ ਲਈ ਹੀ ਬੰਦ ਕੀਤੇ ਜਾਂਦੇ ਹਨ। ਖਸਤਾ ਹਾਲਤ ਹੋ ਜਾਣ ਕਾਰਣ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਪੀ ਗਈ ਸੀ, ਜਿਨ੍ਹਾਂ ਨੂੰ 4 ਜੁਲਾਈ 2010 ਨੂੰ ਹੋਏ ਗੁਰਮਤਿ ਸਮਾਗਮ ਦੌਰਾਨ ਇਹ ਦਰਵਾਜ਼ੇ ਮੁਰੰਮਤ ਲਈ ਉਤਾਰ ਕੇ ਇਸ ਦੀ ਥਾਂ 'ਤੇ ਆਰਜ਼ੀ ਦਰਵਾਜ਼ੇ ਲਗਾਏ ਗਏ ਸਨ। 


ਪ੍ਰਾਪਤ ਵੇਰਵਿਆਂ ਅਨੁਸਾਰ ਭਾਰਤ ਸਰਕਾਰ ਵਲੋਂ ਪਾਬੰਦੀ ਲਗਾਏ ਹੋਣ ਕਾਰਨ ਇਨ੍ਹਾਂ ਦਰਵਾਜ਼ਿਆਂ ਦੇ ਦਿੱਲਿਆਂ ਤੇ ਬਾਹੀਆਂ 'ਤੇ ਲੱਗਾ ਹਾਥੀ ਦੰਦ, ਜੋ ਕਿ ਭੁਰਭੁਰਾ ਤੇ ਖਰਾਬ ਹੋ ਚੁੱਕਾ ਸੀ, ਦੀ ਥਾਂ ਨਵਾਂ ਹਾਥੀ ਦੰਦ ਲਗਾਏ ਜਾਣ 'ਚ ਦਿੱਕਤ ਆ ਰਹੀ ਸੀ। ਲੰਬੀ ਉਡੀਕ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਮਤਾ ਨੰਬਰ 132 ਮਿਤੀ 15 ਫਰਵਰੀ 2018 ਰਾਹੀਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਕਿ ਹਾਥੀ ਦੰਦ ਦੀ ਥਾਂ ਕੋਈ ਹੋਰ ਬਦਲਵਾਂ ਪ੍ਰਬੰਧ ਕੀਤਾ ਜਾਵੇ। ਇਸ ਤੋਂ ਬਾਅਦ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਪੁਰਾਤੱਤਵ ਤੇ ਸਿੱਖ ਇਮਾਰਤਸਾਜ਼ੀ ਦੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਹਾਥੀ ਦੰਦ ਦੀ ਥਾਂ ਸਮੁੰਦਰੀ ਸਿੱਪੀ ਦੀ ਚੋਣ ਕੀਤੀ, ਜਿਸ ਦੀ ਚਮਕ ਵੀ ਹਾਥੀ ਦੰਦ ਵਾਂਗ ਹੀ ਦਿਖਾਈ ਦਿੰਦੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਭੂਰੀ ਵਾਲਿਆਂ ਨੇ ਦੱਸਿਆ ਕਿ ਚਾਰ ਇੰਚ ਮੋਟੀ ਸ਼ੀਸ਼ਮ ਦੀ ਕਰੀਬ 6 ਕੁਇੰਟਲ ਸੁੱਕੀ ਟਾਹਲੀ ਦੇ ਦਰਵਾਜ਼ਿਆਂ ਦੇ ਅੰਦਰਵਾਰ ਦਿੱਲਿਆਂ ਤੇ ਬਾਹੀਆਂ 'ਤੇ ਅੰਮ੍ਰਿਤਸਰ ਤੇ ਆਗਰਾ ਦੇ 12 ਕਾਰੀਗਰਾਂ ਵਲੋਂ ਅੱਠ ਮਹੀਨਿਆਂ ਦਾ ਸਮਾਂ ਲਗਾ ਕੇ ਸਮੁੰਦਰੀ ਸਿੱਪੀ ਨਾਲ ਪੁਰਾਤਨ ਮੀਨਾਕਾਰੀ ਵਾਂਗ ਹੀ ਮੀਨਾਕਾਰੀ ਕੀਤੀ ਗਈ ਹੈ। ਬਾਹਰਲੇ ਪਾਸੇ ਲਗਪਗ 60 ਕਿੱਲੋ ਸ਼ੁੱਧ ਚਾਂਦੀ ਵੀ ਲਗਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਰਾਣੇ ਉਤਾਰੇ ਗਏ ਦਰਵਾਜ਼ੇ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖੇ ਜਾ ਰਹੇ ਹਨ। 


Related News